ਨਵੀਂ ਦਿੱਲੀ : ਏਅਰ ਇੰਡੀਆ ਦੇ ਸੀ ਈ ਓ ਅਤੇ ਐੱਮ ਡੀ ਕੈਂਪਬੈੱਲ ਵਿਲਸਨ ਨੇ ਸੋਮਵਾਰ ਕਿਹਾ ਕਿ ਪਿਛਲੇ ਮਹੀਨੇ ਅਹਿਮਦਾਬਾਦ ਜਹਾਜ਼ ਹਾਦਸੇ ਬਾਰੇ ਏਅਰਕ੍ਰਾਫਟ ਐਕਸੀਡੈਂਟ ਇਨਵੈਸਟੀਗੇਸ਼ਨ ਬਿਊਰੋ (ਏ ਏ ਆਈ ਬੀ) ਦੀ ਮੁੱਢਲੀ ਰਿਪੋਰਟ ਵਿੱਚ ਜਹਾਜ਼ ਜਾਂ ਇੰਜਣਾਂ ਵਿੱਚ ਕੋਈ ਮਕੈਨੀਕਲ ਜਾਂ ਰੱਖ-ਰਖਾਅ ਦੀਆਂ ਸਮੱਸਿਆਵਾਂ ਨਹੀਂ ਮਿਲੀਆਂ ਅਤੇ ਸਾਰੇ ਲਾਜ਼ਮੀ ਰੱਖ-ਰਖਾਅ ਕਾਰਜ ਪੂਰੇ ਹੋ ਚੁੱਕੇ ਸਨ।
ਉਨ੍ਹਾ ਏਅਰ ਇੰਡੀਆ ਦੇ ਕਰਮਚਾਰੀਆਂ ਨੂੰ ਭੇਜੇ ਇੱਕ ਸੰਦੇਸ਼ ਵਿੱਚ ਕਿਹਾ, ‘ਈਂਧਣ ਦੀ ਗੁਣਵੱਤਾ ’ਚ ਕੋਈ ਸਮੱਸਿਆ ਨਹੀਂ ਸੀ ਅਤੇ ਟੇਕ-ਆਫ ਦੌਰਾਨ ਕੁਝ ਵੀ ਵਿਲੱਖਣ ਨਹੀਂ ਸੀ। ਪਾਇਲਟਾਂ ਨੇ ਆਪਣਾ ਲਾਜ਼ਮੀ ਪ੍ਰੀ-ਫਲਾਈਟ ਬ੍ਰੀਥਲਾਈਜ਼ਰ ਟੈਸਟ ਪਾਸ ਕਰ ਲਿਆ ਸੀ ਅਤੇ ਉਨ੍ਹਾਂ ਦੀ ਮੈਡੀਕਲ ਸਥਿਤੀ ਬਾਰੇ ਕੋਈ ਟਿੱਪਣੀ ਸਾਹਮਣੇ ਨਹੀਂ ਆਈ।’
12 ਜੂਨ ਨੂੰ ਹਾਦਸੇ ਵਿੱਚ 260 ਲੋਕਾਂ ਦੀ ਮੌਤ ਹੋ ਗਈ ਸੀ ਅਤੇ ਏ ਏ ਆਈ ਬੀ ਨੇ ਸਨਿੱਚਰਵਾਰ ਏਅਰ ਇੰਡੀਆ ਦੇ ਬੋਇੰਗ 787-8 ਜਹਾਜ਼ ਦੇ ਹਾਦਸੇ ਬਾਰੇ ਆਪਣੀ ਮੁੱਢਲੀ ਰਿਪੋਰਟ ਜਾਰੀ ਕੀਤੀ ਸੀ। ਵਿਲਸਨ ਨੇ ਸਭ ਨੂੰ ਪਹਿਲਾਂ ਤੋਂ ਸਿੱਟੇ ਕੱਢਣ ਤੋਂ ਬਚਣ ਦੀ ਅਪੀਲ ਕੀਤੀ, ਕਿਉਂਕਿ ਜਾਂਚ ਅਜੇ ਪੂਰੀ ਨਹੀਂ ਹੋਈ। ਉਨ੍ਹਾ ਕਿਹਾ, ‘ਅਸੀਂ ਜਾਂਚਕਰਤਾਵਾਂ ਨਾਲ ਸਹਿਯੋਗ ਕਰਨਾ ਜਾਰੀ ਰੱਖਾਂਗੇ, ਤਾਂ ਜੋ ਇਹ ਯਕੀਨੀ ਬਣਾਇਆ ਜਾ ਸਕੇ ਕਿ ਉਨ੍ਹਾਂ ਕੋਲ ਇੱਕ ਪੂਰੀ ਅਤੇ ਵਿਆਪਕ ਜਾਂਚ ਕਰਨ ਲਈ ਲੋੜੀਂਦੀ ਹਰ ਚੀਜ਼ ਮੌਜੂਦ ਹੈ। ਇਸ ਤੋਂ ਇਲਾਵਾ ਵਿਲਸਨ ਨੇ ਕਿਹਾ ਕਿ ਪੂਰੀ ਸਾਵਧਾਨੀ ਵਜੋਂ ਅਤੇ ਰੈਗੂਲੇਟਰ ਡੀ ਜੀ ਸੀ ਏ ਦੀ ਨਿਗਰਾਨੀ ਹੇਠ ਫਲੀਟ ਵਿੱਚ ਸੰਚਾਲਤ ਹਰੇਕ ਬੋਇੰਗ 787 ਜਹਾਜ਼ ਦੀ ਦੁਰਘਟਨਾ ਦੇ ਕੁਝ ਦਿਨਾਂ ਦੇ ਅੰਦਰ ਜਾਂਚ ਕੀਤੀ ਗਈ ਸੀ ਅਤੇ ਸਾਰੇ ਸੇਵਾ ਲਈ ਠੀਕ ਪਾਏ ਗਏ ਸਨ।
ਉਧਰ, ਸੂਤਰਾਂ ਨੇ ਐਤਵਾਰ ਦੱਸਿਆ ਕਿ ਏਅਰ ਇੰਡੀਆ ਨੇ 2019 ਵਿੱਚ ਬੋਇੰਗ ਦੇ ਨਿਰਦੇਸ਼ਾਂ ਤੋਂ ਬਾਅਦ ਪਿਛਲੇ ਛੇ ਸਾਲਾਂ ਵਿੱਚ ਦੋ ਵਾਰ ਬੋਇੰਗ 787-8 ਜਹਾਜ਼ ਦੇ ਥ੍ਰੋਟਲ ਕੰਟਰੋਲ ਮਡਿਊਲ (ਟੀ ਸੀ ਐੱਮ) ਨੂੰ ਬਦਲਿਆ ਹੈ। ਟੀ ਸੀ ਐੱਮ ਵਿੱਚ ਈਂਧਣ ਨਿਯੰਤਰਣ ਸਵਿੱਚ ਸ਼ਾਮਲ ਹਨ।
ਏ ਏ ਆਈ ਬੀ ਦੀ ਸ਼ੁਰੂਆਤੀ ਜਾਂਚ ਰਿਪੋਰਟ ਵਿੱਚ 2019 ਅਤੇ 2023 ਵਿੱਚ ਟੀ ਸੀ ਐੱਮ ਨੂੰ ਦੋ ਵਾਰ ਬਦਲਣ ਦਾ ਜ਼ਿਕਰ ਕੀਤਾ ਗਿਆ ਸੀ। ਇਸ ਵਿੱਚ ਇਹ ਵੀ ਕਿਹਾ ਗਿਆ ਹੈ ਕਿ ਟੀ ਸੀ ਐੱਮ ਬਦਲਣਾ ਈਂਧਣ ਨਿਯੰਤਰਣ ਸਵਿੱਚਾਂ ਨਾਲ ਜੁੜਿਆ ਨਹੀਂ ਸੀ। ਇੱਕ ਸੂਤਰ ਨੇ ਦੱਸਿਆ ਕਿ 2019 ਵਿੱਚ ਡਰੀਮਲਾਈਨਰਾਂ ਦੇ ਸਾਰੇ ਅਪਰੇਟਰਾਂ ਲਈ ਬੋਇੰਗ ਵੱਲੋਂ ਇੱਕ ਸੋਧਿਆ ਹੋਇਆ ਰੱਖ-ਰਖਾਅ ਯੋਜਨਾ ਦਸਤਾਵੇਜ਼ (ਐੱਮ ਪੀ ਡੀ) ਜਾਰੀ ਕੀਤਾ ਗਿਆ ਸੀ। ਅਪਰੇਟਰਾਂ ਨੂੰ ਹਰ 24,000 ਉਡਾਣ ਘੰਟਿਆਂ ਵਿੱਚ, ਜਿਸ ਵਿੱਚ ਈਂਧਣ ਨਿਯੰਤਰਣ ਸਵਿੱਚ ਸ਼ਾਮਲ ਹਨ, ਨੂੰ ਬਦਲਣਾ ਪੈਂਦਾ ਹੈ।


