ਹਰਿਮੰਦਰ ਸਾਹਿਬ ਨੂੰ ਧਮਕੀਆਂ : ਫਰੀਦਾਬਾਦ ਤੋਂ ਇੰਜੀਨੀਅਰ ਹਿਰਾਸਤ ’ਚ ਲਿਆ

0
72

ਅੰਮਿ੍ਰਤਸਰ : ਸ੍ਰੀ ਹਰਿਮੰਦਰ ਸਾਹਿਬ ਵਿਖੇ ਧਮਕੀ ਭਰੇ ਈਮੇਲ ਭੇਜਣ ਦੇ ਮਾਮਲੇ ਵਿੱਚ ਪੁਲਸ ਨੇ ਫਰੀਦਾਬਾਦ ਤੋਂ ਸ਼ੁਭਮ ਦੂਬੇ ਨਾਂਅ ਦੇ ਇੱਕ ਵਿਅਕਤੀ ਨੂੰ ਹਿਰਾਸਤ ਵਿੱਚ ਲਿਆ ਹੈ। ਇਹ ਖੁਲਾਸਾ ਕਰਦਿਆਂ ਪੁਲਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਨੇ ਦੱਸਿਆ ਕਿ ਪੁਲਸ ਵੱਲੋਂ ਇਸ ਮਾਮਲੇ ਵਿੱਚ ਕੁਝ ਟੀਮਾਂ ਤਾਮਿਲ ਨਾਡੂ ਵੀ ਭੇਜੀਆਂ ਗਈਆਂ ਹਨ। ਉਨ੍ਹਾ ਦੱਸਿਆ ਕਿ ਸ਼ੁਭਮ ਦੂਬੇ ਨੇ ਬੀ ਟੈੱਕ ਇੰਜੀਨੀਅਰਿੰਗ ਕੀਤੀ ਹੋਈ ਹੈ। ਪੁਲਸ ਨੇ ਜਾਂਚ ਲਈ ਉਸ ਦਾ ਲੈਪਟਾਪ ਅਤੇ ਮੋਬਾਈਲ ਵੀ ਜ਼ਬਤ ਕੀਤਾ ਹੈ। ਉਨ੍ਹਾ ਇਸ ਨੂੰ ਅੰਸ਼ਕ ਸਫਲਤਾ ਦੱਸਦਿਆਂ ਕਿਹਾ ਕਿ ਪੁਲਸ ਵੱਲੋਂ ਕੀਤੀ ਜਾ ਰਹੀ ਜਾਂਚ ਸਹੀ ਦਿਸ਼ਾ ਵਿੱਚ ਜਾ ਰਹੀ ਹੈ ਅਤੇ ਜਲਦੀ ਹੀ ਪੁਲਸ ਦੇ ਹੱਥ ਵੱਡੀ ਸਫਲਤਾ ਹੋਵੇਗੀ।
ਉਨ੍ਹਾ ਕਿਹਾ ਕਿ ਇਸ ਮਾਮਲੇ ਨੂੰ ਲੈ ਕੇ ਪੰਜਾਬ ਪੁਲਸ ਵੱਖ-ਵੱਖ ਖੁਫੀਆ ਅਤੇ ਸੁਰੱਖਿਆ ਏਜੰਸੀਆਂ ਨਾਲ ਤਾਲਮੇਲ ਵਿੱਚ ਹੈ। ਇਸ ਮਾਮਲੇ ਵਿੱਚ ਤਾਮਿਲ ਨਾਡੂ ਸਰਕਾਰ ਨਾਲ ਵੀ ਸੰਪਰਕ ਬਣਾਇਆ ਹੋਇਆ ਹੈ।
ਉਨ੍ਹਾ ਦੱਸਿਆ ਕਿ ਤਾਮਿਲ ਨਾਡੂ ਸਰਕਾਰ ਤੋਂ ਜਾਣਕਾਰੀ ਮਿਲੀ ਹੈ ਕਿ ਉੱਥੇ ਵੀ ਇਸ ਤਰ੍ਹਾਂ ਦੀਆਂ ਵੱਡੇ ਪੱਧਰ ’ਤੇ ਈਮੇਲ ਪ੍ਰਾਪਤ ਹੋਈਆਂ ਹਨ। ਉਨ੍ਹਾ ਕਿਹਾ ਕਿ ਸ੍ਰੀ ਹਰਿਮੰਦਰ ਸਾਹਿਬ ਵਿੱਚ ਭੇਜੀਆਂ ਧਮਕੀ ਭਰੀਆਂ ਈਮੇਲਾਂ ਦਾ ਵੱਡਾ ਹਿੱਸਾ ਭਾਰਤ ਦੇ ਦੱਖਣੀ ਰਾਜਾਂ ਨਾਲ ਸੰਬੰਧਤ ਹੈ, ਜਦੋਂ ਕਿ ਉਸ ਵਿੱਚ ਸਿਰਫ ਹਰਿਮੰਦਰ ਸਾਹਿਬ ਬਾਰੇ ਕੁਝ ਲਾਈਨਾਂ ਹੀ ਸ਼ਾਮਲ ਹਨ। ਇਸ ਤੋਂ ਲੱਗਦਾ ਹੈ ਕਿ ਇਹ ਈਮੇਲ ਭੇਜਣ ਵਾਲਾ ਵਿਅਕਤੀ ਜਾਂਚ ਦੌਰਾਨ ਧਿਆਨ ਹੋਰ ਪਾਸੇ ਬਦਲਣਾ ਚਾਹੁੰਦਾ ਹੈ ਜਾਂ ਫਿਰ ਧਿਆਨ ਖਿੱਚਣਾ ਚਾਹੁੰਦਾ ਹੈ। ਇੱਕ ਸਵਾਲ ਦੇ ਜਵਾਬ ਵਿੱਚ ਉਨ੍ਹਾ ਕਿਹਾ ਕਿ ਅਜਿਹੀਆਂ ਈਮੇਲ ਵਿੱਚ ਦੱਖਣੀ ਭਾਰਤ ਦੀ ਇੱਕ ਸਿਆਸੀ ਪਾਰਟੀ ਅਤੇ ਇੱਕ ਯੂਨੀਵਰਸਿਟੀ ਦਾ ਵੀ ਜ਼ਿਕਰ ਹੈ।
ਭੁੱਲਰ ਨੇ ਕਿਹਾ ਕਿ ਸਾਈਬਰ ਸਪੇਸ ਇਸ ਵੇਲੇ ਇਕ ਵਿਸਤਿ੍ਰਤ ਖੇਤਰ ਬਣ ਚੁੱਕਾ ਹੈ ਅਤੇ ਸਾਈਬਰ ਕ੍ਰਾਈਮ ਦੀ ਜਾਂਚ ਵਾਸਤੇ ਸਮਾਂ ਲੱਗਦਾ ਹੈ। ਉਨ੍ਹਾ ਦੱਸਿਆ ਕਿ ਈਮੇਲ ਭੇਜਣ ਵਾਲੇ ਸ਼ਖਸ ਵੱਲੋਂ ਦੇਸ਼ ਤੋਂ ਬਾਹਰਲੇ ਸਾਈਬਰ ਮੰਚ ਦੀ ਵਰਤੋਂ ਕੀਤੀ ਗਈ ਹੈ, ਜਿੱਥੋਂ ਪੁਲਸ ਵੱਲੋਂ ਡੇਟਾ ਕਢਵਾਇਆ ਜਾ ਰਿਹਾ ਹੈ।
ਇਸੇ ਦੌਰਾਨ ਸ਼ੁੱਕਰਵਾਰ ਦੁਪਹਿਰ ਸ੍ਰੀ ਹਰਿਮੰਦਰ ਸਾਹਿਬ ’ਚ ਆਰ ਡੀ ਐਕਸ ਬੰਬ ਧਮਾਕੇ ਕਰਨ ਦੀ ਇੱਕ ਹੋਰ ਧਮਕੀ ਮਿਲੀ ਹੈ।
ਮੁੱਖ ਸਕੱਤਰ ਕੁਲਵੰਤ ਸਿੰਘ ਮੰਨਣ ਨੇ ਚਿੰਤਾ ਜ਼ਾਹਰ ਕਰਦੇ ਕਿਹਾ ਕਿ ਇੱਕ ਵਿਅਕਤੀ ਨੂੰ ਕਾਬੂ ਕਰਨ ਦੇ ਬਾਵਜੂਦ ਵੀ ਧਮਕੀ ਭਰੀ ਈਮੇਲ ਸ਼੍ਰੋਮਣੀ ਕਮੇਟੀ ਨੂੰ ਭੇਜੀ ਗਈ ਹੈ।