ਨੈਸ਼ਨਲ ਕੌਂਸਲ ਆਫ ਐਜੂਕੇਸ਼ਨਲ ਰਿਸਰਚ ਐਂਡ ਟਰੇਨਿੰਗ (ਐੱਨ ਸੀ ਈ ਆਰ ਟੀਕੌਮੀ ਵਿੱਦਿਅਕ ਖੋਜ ਤੇ ਸਿਖਲਾਈ ਪ੍ਰੀਸ਼ਦ) ਦੀ ਸਥਾਪਨਾ 1961 ਵਿੱਚ ਅਜਿਹੀਆਂ ਪਾਠ-ਪੁਸਤਕਾਂ ਤਿਆਰ ਕਰਨ ਲਈ ਹੋਈ ਸੀ, ਜਿਹੜੀਆਂ ਵਿਗਿਆਨਕ ਤੇ ਸੰਤੁਲਤ ਦਿ੍ਰਸ਼ਟੀਕੋਣ ਨਾਲ ਪੂਰੇ ਦੇਸ਼ ਵਿੱਚ ਪੜ੍ਹਾਈਆਂ ਜਾ ਸਕਣ। ਐੱਨ ਸੀ ਈ ਆਰ ਟੀ ਦੀਆਂ ਪੁਸਤਕਾਂ ਆਪਣੀ ਗੁਣਵੱਤਾ ਲਈ ਜਾਣੀਆਂ ਜਾਂਦੀਆਂ ਸਨ ਅਤੇ ਸਿਵਲ ਸੇਵਾ ਵਰਗੀਆਂ ਪ੍ਰੀਖਿਆਵਾਂ ਦੀ ਤਿਆਰੀ ਵਿੱਚ ਵੀ ਇਨ੍ਹਾਂ ਦਾ ਉਪਯੋਗ ਹੁੰਦਾ ਸੀ, ਪਰ ਹਾਲੀਆ ਸਾਲਾਂ, ਖਾਸਕਰ 2014 ਦੇ ਬਾਅਦ ਐੱਨ ਸੀ ਈ ਆਰ ਟੀ ’ਤੇ ਸਿੱਖਿਆ ਦੇ ਭਗਵਾਂਕਰਨ ਦਾ ਦੋਸ਼ ਲੱਗ ਰਿਹਾ ਹੈ। ਇਹ ਆਰ ਐੱਸ ਐੱਸ ਦੇ ਪ੍ਰਭਾਵ ਵਿੱਚ ਇਤਿਹਾਸ ਨੂੰ ਹਿੰਦੂ-ਮੁਸਲਿਮ ਟਕਰਾਅ ਦੇ ਚਸ਼ਮੇ ਨਾਲ ਦਿਖਾਉਣ ਦੀ ਕੋਸ਼ਿਸ਼ ਕਰ ਰਹੀ ਹੈ। ਇਸ ਦੀ ਤਾਜ਼ਾ ਮਿਸਾਲ ਹੈ 2025-26 ਦੇ ਸੈਸ਼ਨ ਲਈ ਪ੍ਰਕਾਸ਼ਤ ਕੀਤੀ ਗਈ ਜਮਾਤ ਅੱਠਵੀਂ ਦੀ ਨਵੀਂ ਪੁਸਤਕ ‘ਐਕਸਪਲੋਰਿੰਗ ਸੁਸਾਇਟੀ : ਇੰਡੀਆ ਐਂਡ ਬਿਯੋਂਡ (ਪਾਰਟ-1)’ ਹੈ। ਇਸ ਪੁਸਤਕ ਵਿੱਚ ਦਿੱਲੀ ਸਲਤਨਤ ਅਤੇ ਮੁਗਲ ਕਾਲ ਨੂੰ ਬੇਹੱਦ ਨਕਾਰਾਤਮਕ ਤੇ ਹਨੇਰੇ ਯੁੱਗ ਦੇ ਰੂਪ ਵਿੱਚ ਪੇਸ਼ ਕੀਤਾ ਗਿਆ ਹੈ। ਪੁਸਤਕ ਵਿੱਚ ਲਿਖਿਆ ਹੈ ਕਿ ਸਲਤਨਤ ਕਾਲ ਵਿੱਚ ਬੌਧ, ਜੈਨ ਤੇ ਹਿੰਦੂ ਮੰਦਰਾਂ ’ਤੇ ਹਮਲੇ, ਲੁੱਟਮਾਰ ਤੇ ਮੂਰਤੀਆਂ ਤੋੜਨ ਦੀ ਭਾਵਨਾ ਨਾਲ ਪ੍ਰੇਰਿਤ ਸਨ। ਜਜ਼ੀਆ (ਜਬਰੀ ਟੈਕਸ) ਗੈਰ-ਮੁਸਲਮਾਨਾਂ ਉੱਤੇ ਧਰਮ ਬਦਲਣ ਲਈ ਦਬਾਅ ਪਾਉਣ ਦੇ ਉਦੇਸ਼ ਨਾਲ ਲਗਾਇਆ ਜਾਂਦਾ ਸੀ। ਬਾਬਰ ਬੇਰਹਿਮ ਸੀ, ਅਕਬਰ ਦਾ ਸ਼ਾਸਨ ਬੇਰਹਿਮੀ ਤੇ ਸਹਿਣਸ਼ੀਲਤਾ ਦਾ ਮਿਸ਼ਰਣ ਸੀ ਅਤੇ ਔਰੰਗਜ਼ੇਬ ਨੇ ਮੰਦਰਾਂ ਤੇ ਗੁਰਦੁਆਰਿਆਂ ਨੂੰ ਤਬਾਹ ਕੀਤਾ, ਪਰ ਐੱਨ ਸੀ ਈ ਆਰ ਟੀ ਨੇ ਇਹ ਨਹੀਂ ਦੱਸਿਆ ਕਿ ਕੀ ਸਲਤਨਤ ਤੇ ਮੁਗਲ ਕਾਲ ਦੀ ਪੂਰੀ ਤਸਵੀਰ ਏਨੀ ਹੀ ਹੈ? ਅਤੇ ਹੋਰਨਾਂ ਰਾਜਤੰਤਰਾਂ ਨਾਲੋਂ ਵੱਖਰੀ ਕਿਵੇਂ ਹੈ? ਮਹਾਭਾਰਤ, ਜਿਸ ਨੂੰ ਭਾਰਤ ਦਾ ਸਭ ਤੋਂ ਅਹਿਮ ਗ੍ਰੰਥ ਮੰਨਿਆ ਜਾਂਦਾ ਹੈ, 18 ਦਿਨ ਦੇ ਯੁੱਧ ਦੀ ਕਹਾਣੀ ਹੈ। ਇਸ ਵਿੱਚ ਗਾਂਧਾਰ ਦੇ ਸ਼ਕੁਨੀ ਤੋਂ ਲੈ ਕੇ ਪ੍ਰਾਗਜਿਓਤਿਸ਼ਪੁਰ (ਗੁਹਾਟੀ) ਦੇ ਰਾਜਾ ਭਗਦੱਤ ਤੱਕ ਸ਼ਾਮਲ ਸਨ। ਸਿੰਘਾਸਨ ਲਈ ਭਰਾਵਾਂ ਵਿਚਾਲੇ ਹੋਏ ਇਸ ਯੁੱਧ ਵਿੱਚ ਖੂਨ-ਖਰਾਬੇ ਤੇ ਬੇਰਹਿਮੀ ਦੀ ਹਰ ਹੱਦ ਨੂੰ ਪਾਰ ਕੀਤਾ ਗਿਆ, ਪਰ ਮਹਾਭਾਰਤ ਨੂੰ ਨੀਤੀਆਂ ਤੇ ਫਲਸਫੇ ਲਈ ਯਾਦ ਕੀਤਾ ਜਾਂਦਾ ਹੈ, ਨਾ ਕਿ ਹਿੰਸਾ ਲਈ।
ਦਰਅਸਲ ਰਾਜਤੰਤਰ ਕਿਤੇ ਵੀ ਰਿਹਾ ਹੋਵੇ, ਇਸ ਦਾ ਆਧਾਰ ਜ਼ੁਲਮ ਹੀ ਰਿਹਾ ਹੈ। ਸਮਰਾਟ ਅਸ਼ੋਕ (268-232 ਈਸਾ ਪੂਰਵ) ਨੂੰ ਬੌਧ ਧਰਮ ਦੇ ਪ੍ਰਚਾਰਕ ਦੇ ਰੂਪ ਵਿੱਚ ਯਾਦ ਕੀਤਾ ਜਾਂਦਾ ਹੈ, ਪਰ ਉਸ ਨੇ ਸ਼ੁਰੂਆਤੀ ਜ਼ਿੰਦਗੀ ਵਿੱਚ ਆਪਣੇ ਸੌ ਭਰਾਵਾਂ ਨੂੰ ਮਾਰ ਕੇ ਗੱਦੀ ਹਾਸਲ ਕੀਤੀ ਸੀ। ਕਲਿੰਗਾ ਯੁੱਧ (261 ਈਸਾ ਪੂਰਵ) ਵਿੱਚ ਉਸ ਦੇ ਸ਼ਿਲਾਲੇਖਾਂ ਮੁਤਾਬਕ ਇੱਕ ਲੱਖ ਲੋਕ ਮਾਰੇ ਗਏ ਅਤੇ ਡੇਢ ਲੱਖ ਬੰਦੀ ਬਣਾਏ ਗਏ। ਹਿੰਦੂ ਰਾਜਿਆਂ ਦੀਆਂ ਅਜਿਹੀਆਂ ਕਹਾਣੀਆਂ ਨਾਲ ਇਤਿਹਾਸ ਭਰਿਆ ਪਿਆ ਹੈ।
ਮਨੋਵਿਗਿਆਨੀਆਂ ਦਾ ਕਹਿਣਾ ਹੈ ਕਿ ਹਿੰਸਾ ਨਾਲ ਸੰਬੰਧਤ ਸਮੱਗਰੀ 8-12 ਸਾਲ ਦੇ ਬੱਚਿਆਂ ਵਿੱਚ ਚਿੰਤਾ, ਡਰ ਤੇ ਹਮਲਾਵਰ ਵਿਹਾਰ ਨੂੰ ਵਧਾ ਸਕਦੀ ਹੈ ਕਿਉਕਿ ਇਸ ਉਮਰ ਵਿੱਚ ਉਨ੍ਹਾਂ ਦਾ ਦਿਮਾਗ ਭਾਵਨਾਤਮਕ ਤੇ ਨੈਤਿਕ ਸਮਝ ਵਿਕਸਤ ਕਰ ਰਿਹਾ ਹੁੰਦਾ ਹੈ। ਇਸ ਲਈ ਇਤਿਹਾਸ ਨੂੰ ਸੰਵੇਦਨਸ਼ੀਲ ਤੇ ਉਮਰ ਦੇ ਹਿਸਾਬ ਨਾਲ ਪੇਸ਼ ਕਰਨਾ ਜ਼ਰੂਰੀ ਹੈ। ਮਿਸਾਲ ਦੇ ਤੌਰ ’ਤੇ ਬੱਚਿਆਂ ਨੂੰ ਇਹ ਦੱਸਿਆ ਜਾ ਸਕਦਾ ਹੈ ਕਿ ਸ਼ੂਦਰਾਂ ਨਾਲ ਅੱਤਿਆਚਾਰ ਜਾਂ ਬੌਧ ਵਿਹਾਰਾਂ ਦਾ ਵਿਨਾਸ਼ ਸਮਾਜੀ ਤੇ ਸਿਆਸੀ ਕਾਰਨਾਂ ਕਰਕੇ ਹੋਇਆ ਅਤੇ ਅੱਜ ਸਾਡਾ ਸੰਵਿਧਾਨ ਬਰਾਬਰੀ ਤੇ ਧਾਰਮਿਕ ਸਹਿਣਸ਼ੀਲਤਾ ਦੀ ਗਰੰਟੀ ਦਿੰਦਾ ਹੈ। ਐੱਨ ਸੀ ਈ ਆਰ ਟੀ ਵੱਲੋਂ ਪੂਰੇ ਮੁਗਲ ਕਾਲ ਨੂੰ ਹਨੇਰੇ ਦੌਰ ਵਜੋਂ ਚਿੱਤਰਤ ਕਰਨਾ ਕਿੰਨਾ ਵਾਜਬ ਹੈ? ਸ਼ਿਵਾਜੀ ਨੇ ਔਰੰਗਜ਼ੇਬ ਨੂੰ ਪੱਤਰ ਲਿਖ ਕੇ ਅਕਬਰ ਦੀ ਸੁਲਹਕੁਲ ਨੀਤੀ ਦੀ ਪ੍ਰਸੰਸਾ ਕੀਤੀ ਸੀ। ਉਨ੍ਹਾ ਲਿਖਿਆ ਸੀ ਕਿ ਅਕਬਰ ਨੇ 52 ਸਾਲ ਤੱਕ ਸਾਰੇ ਭਾਈਚਾਰਿਆਂਈਸਾਈ, ਬ੍ਰਾਹਮਣ, ਜੈਨ ਤੇ ਸਿੱਖ ਉੱਤੇ ਬਰਾਬਰ �ਿਪਾ ਬਰਸਾਈ, ਜਿਸ ਕਰਕੇ ਉਨ੍ਹਾ ਨੂੰ ਜਗਤਗੁਰੂ ਕਿਹਾ ਗਿਆ।
ਐੱਨ ਸੀ ਈ ਆਰ ਟੀ ’ਤੇ ਆਰ ਐੱਸ ਐੱਸ ਦਾ ਪ੍ਰਭਾਵ ਵਧ ਰਿਹਾ ਹੈ, ਜੋ ਇਤਿਹਾਸ ਨੂੰ ਹਿੰਦੂ-ਮੁਸਲਿਮ ਟਕਰਾਅ ਦੇ ਰੂਪ ਵਿੱਚ ਪੇਸ਼ ਕਰਨਾ ਚਾਹੁੰਦਾ ਹੈ। ਇਹ ਉਹੀ ਰਾਹ ਹੈ, ਜਿਸ ਨੂੰ ਪਾਕਿਸਤਾਨ ਨੇ ਅਪਣਾਇਆ। ਪਾਕਿਸਤਾਨ ਵਿੱਚ ਬੱਚਿਆਂ ਨੂੰ ਪੜ੍ਹਾਇਆ ਗਿਆ ਕਿ ਹਿੰਦੂ ਉਨ੍ਹਾਂ ਦੀ ਹਰ ਸਮੱਸਿਆ ਲਈ ਜ਼ਿੰਮੇਵਾਰ ਹੈ, ਜਿਸ ਦੇ ਨਤੀਜੇ ਵਜੋਂ ਉਹ ਇੱਕ ਨਾਕਾਮ ਰਾਸ਼ਟਰ ਬਣ ਗਿਆ। ਐੱਨ ਸੀ ਈ ਆਰ ਟੀ ਨੂੰ ਇਹ ਯਕੀਨੀ ਬਣਾਉਣਾ ਚਾਹੀਦਾ ਕਿ ਉਸ ਦੀਆਂ ਪੁਸਤਕਾਂ ਨਫਰਤ ਨਹੀਂ, ਸਗੋਂ ਸਮਝ ਤੇ ਸਹਿਣਸ਼ੀਲਤਾ ਨੂੰ ਬੜ੍ਹਾਵਾ ਦੇਣ। ਇਤਿਹਾਸ ਤੋਂ ਸਾਨੂੰ ਸਿੱਖਣਾ ਚਾਹੀਦਾ ਹੈ ਨਾ ਕਿ ਉਸ ਦੇ ਸਹਾਰੇ ਨਫਰਤ ਪੈਦਾ ਕਰਨੀ ਚਾਹੀਦੀ ਹੈ। ਭਾਰਤ ਨੂੰ ‘ਹਿੰਦੂ ਪਾਕਿਸਤਾਨ’ ਬਣਾਉਣ ਦੀ ਕੋਸ਼ਿਸ਼ ਦਾ ਹਰ ਪੱਧਰ ’ਤੇ ਵਿਰੋਧ ਹੋਣਾ ਚਾਹੀਦਾ ਹੈ।



