ਠਾਕਰੇ ਸਿਰਫ ਬ੍ਰਾਂਡ ਨਹੀਂ, ਮਰਾਠੀ ਗੌਰਵ ਦੀ ਪਛਾਣ ਹੈ : ਊਧਵ

0
89

ਮੁੰਬਈ : ਸ਼ਿਵ ਸੈਨਾ (ਯੂ ਬੀ ਟੀ) ਦੇ ਮੁਖੀ ਊਧਵ ਠਾਕਰੇ ਨੇ ਕਿਹਾ ਹੈ ਕਿ (ਬਾਲਾ ਸਾਹਿਬ) ਠਾਕਰੇ ਸਿਰਫ ਇੱਕ ਬ੍ਰਾਂਡ ਨਹੀਂ ਹਨ, ਸਗੋਂ ਮਹਾਰਾਸ਼ਟਰ, ਮਰਾਠੀ ਮਨੂਆਂ ਅਤੇ ਹਿੰਦੂ ਗੌਰਵ ਦੀ ਪਛਾਣ ਹਨ, ਪਰ ਕੁਝ ਲੋਕ ਇਸ ਨੂੰ ਖਤਮ ਕਰਨ ਦੀ ਕੋਸ਼ਿਸ਼ ਕਰ ਰਹੇ ਹਨ। ਸ਼ਿਵ ਸੈਨਾ (ਯੂ ਬੀ ਟੀ) ਦੇ ਮੁੱਖ ਰੋਜ਼ਨਾਮਚੇ ‘ਸਾਮਨਾ’ ਨਾਲ ਇੱਕ ਇੰਟਰਵਿਊ ਵਿੱਚ ਸਾਬਕਾ ਮੁੱਖ ਮੰਤਰੀ ਨੇ ਚੋਣ ਕਮਿਸ਼ਨ ’ਤੇ ਹਮਲਾਵਰ ਹੁੰਦਿਆਂ ਕਿਹਾ ਕਿ ਕਮਿਸ਼ਨ ਉਨ੍ਹਾ ਦੀ ਪਾਰਟੀ ਦੇ ਚੋਣ ਨਿਸ਼ਾਨ ਨੂੰ ਫਰੀਜ਼ ਕਰ ਸਕਦਾ ਹੈ ਜਾਂ ਕਿਸੇ ਹੋਰ ਨੂੰ ਦੇ ਸਕਦਾ ਹੈ, ਪਰ ਉਸ ਨੂੰ (ਕਮਿਸ਼ਨ ਨੂੰ) ਉਨ੍ਹਾ ਦੇ ਦਾਦਾ ਕੇਸ਼ਵ ਠਾਕਰੇ ਅਤੇ ਪਿਤਾ ਸੰਸਥਾਪਕ ਬਾਲ ਠਾਕਰੇ ਵੱਲੋਂ ਰੱਖਿਆ ਪਾਰਟੀ ਦਾ ਨਾਂਅ ਕਿਸੇ ਹੋਰ ਨੂੰ ਦੇਣ ਦਾ ਕੋਈ ਅਧਿਕਾਰ ਨਹੀਂ।
ਊਧਵ ਠਾਕਰੇ ਨੇ ਕਿਹਾ, ‘ਮਰਾਠੀ ਮਿੱਟੀ ਵਿੱਚ ਸਾਡੀਆਂ ਡੂੰਘੀਆਂ ਜੜ੍ਹਾਂ ਕਈ ਪੀੜ੍ਹੀਆਂ ਪੁਰਾਣੀਆਂ ਹਨ। ਮੇਰੇ ਦਾਦਾ ਜੀ ਅਤੇ ਸ਼ਿਵ ਸੈਨਾ ਮੁਖੀ (ਬਾਲ ਠਾਕਰੇ) ਦੇ ਸਮੇਂ ਤੋਂ ਹੀ ਮਰਾਠੀ ਮਨੂਆਂ ਨਾਲ ਸੰਬੰਧ ਮਜ਼ਬੂਤ ਹਨ। ਹੁਣ, ਮੈਂ ਉੱਥੇ ਹਾਂ, ਆਦਿੱਤਿਆ (ਠਾਕਰੇ) ਉੱਥੇ ਹਨ ਅਤੇ ਇੱਥੋਂ ਤੱਕ ਕਿ (ਮਨਸੇ ਮੁਖੀ) ਰਾਜ ਵੀ ਆ ਗਏ ਹਨ।’ ਸਨਿੱਚਰਵਾਰ ਨੂੰ ਪ੍ਰਕਾਸ਼ਤ ਅਤੇ ਪਾਰਟੀ ਆਗੂ ਤੇ ਰਾਜ ਸਭਾ ਮੈਂਬਰ ਸੰਜੇ ਰਾਊਤ ਨਾਲ ਕੀਤੀ ਇੰਟਰਵਿਊ ਦੇ ਪਹਿਲੇ ਹਿੱਸੇ ਵਿੱਚ ਉਨ੍ਹਾ ਜ਼ੋਰ ਦੇ ਕੇ ਕਿਹਾ, ‘ਠਾਕਰੇ ਦਾ ਮਤਲਬ ਨਿਰੰਤਰ ਸੰਘਰਸ਼ ਹੈ।’
ਊਧਵ ਠਾਕਰੇ ਅਤੇ ਉਨ੍ਹਾ ਦੇ ਚਚੇਰੇ ਭਰਾ ਮਹਾਰਾਸ਼ਟਰ ਨਵ-ਨਿਰਮਾਣ ਸੈਨਾ (ਮਨਸੇ) ਦੇ ਮੁਖੀ ਰਾਜ ਠਾਕਰੇ ਇੱਕ ਸੰਯੁਕਤ ਮੋਰਚਾ ਬਣਾਉਣ ਲਈ ‘ਠਾਕਰੇ ਬ੍ਰਾਂਡ’ ਸ਼ਬਦ ਦੀ ਵਰਤੋਂ ਕਰਦੇ ਰਹੇ ਹਨ। ਸ਼ਿਵ ਸੈਨਾ (ਯੂ ਬੀ ਟੀ) ਮੁਖੀ ਨੇ ਭਾਜਪਾ ’ਤੇ ਲੁਕਵੇਂ ਰੂਪ ’ਚ ਤਨਜ਼ ਕੱਸਦਿਆਂ ਕਿਹਾ, ‘ਠਾਕਰੇ ਸਿਰਫ ਇੱਕ ਬ੍ਰਾਂਡ ਨਹੀਂ ਹਨ। ਇਹ ਮਰਾਠੀ ਮਨੂਆਂ, ਮਹਾਰਾਸ਼ਟਰ ਅਤੇ ਹਿੰਦੂ ਸਵੈਮਾਣ ਦੀ ਪਛਾਣ ਹੈ। ਕੁਝ ਲੋਕਾਂ ਨੇ ਇਸ ਪਛਾਣ ਨੂੰ ਮਿਟਾਉਣ ਦੀ ਕੋਸ਼ਿਸ਼ ਕੀਤੀ ਹੈ। ਬਹੁਤ ਸਾਰੇ ਅਜਿਹਾ ਕਰਨ ਆਏ, ਪਰ ਉਹ ਖੁਦ ਮਿਟ ਗਏ।’
ਜੂਨ 2022 ਵਿੱਚ ਏਕਨਾਥ ਸ਼ਿੰਦੇ ਅਤੇ ਪਾਰਟੀ (ਸ਼ਿਵ ਸੈਨਾ) ਦੇ 39 ਵਿਧਾਇਕਾਂ ਵੱਲੋਂ ਲੀਡਰਸ਼ਿਪ ਵਿਰੁੱਧ ਬਗਾਵਤ ਕਰਨ ਤੋਂ ਬਾਅਦ ਸ਼ਿਵ ਸੈਨਾ ਦੋਫਾੜ ਹੋ ਗਈ, ਜਿਸ ਕਾਰਨ ਊਧਵ ਠਾਕਰੇ ਦੀ ਅਗਵਾਈ ਵਾਲੀ ਮਹਾਂ ਵਿਕਾਸ ਅਘਾੜੀ ਸਰਕਾਰ ਡਿੱਗ ਗਈ। ਇਸ ਤੋਂ ਬਾਅਦ ਸ਼ਿੰਦੇ ਨੇ ਸਰਕਾਰ ਬਣਾਉਣ ਲਈ ਭਾਜਪਾ ਨਾਲ ਹੱਥ ਮਿਲਾਇਆ ਅਤੇ ਮੁੱਖ ਮੰਤਰੀ ਬਣੇ। ਉਪ ਮੁੱਖ ਮੰਤਰੀ ਅਤੇ ਸ਼ਿਵ ਸੈਨਾ ਮੁਖੀ ਏਕਨਾਥ ਸ਼ਿੰਦੇ ’ਤੇ ਚੁਟਕੀ ਲੈਂਦਿਆਂ ਊਧਵ ਠਾਕਰੇ ਨੇ ਕਿਹਾ ਕਿ ਕੁਝ ਵੀ ਚੋਰੀ ਕੀਤਾ ਜਾ ਸਕਦਾ ਹੈ, ਪਰ ਨਾਂਅ ਕਿਵੇਂ ਚੋਰੀ ਕਰੋਗੇ। ਠਾਕਰੇ ਨੇ ਕਿਹਾ, ‘ਤੁਸੀਂ ਕਿਸੇ ਪਾਰਟੀ ਦਾ ਚੋਣ ਨਿਸ਼ਾਨ ਚੋਰੀ ਕਰ ਸਕਦੇ ਹੋ, ਪਰ ਤੁਸੀਂ ਲੋਕਾਂ ਦੇ ਪਰਵਾਰ ਲਈ ਪਿਆਰ ਅਤੇ ਵਿਸ਼ਵਾਸ ਨੂੰ ਕਿਵੇਂ ਚੋਰੀ ਕਰ ਸਕਦੇ ਹੋ? ’ ਉਨ੍ਹਾ ਚੋਣ ਕਮਿਸ਼ਨ ਦੀ ਨਿੰਦਾ ਕਰਦੇ ਹੋਏ ਕਿਹਾ ਕਿ ਉਹ ਉਨ੍ਹਾਂ ਦੀ ਪਾਰਟੀ ਦਾ ਚੋਣ ਨਿਸ਼ਾਨ ਨਹੀਂ ਖੋਹ ਸਕਦਾ, ਕਿਉਂਕਿ ਸੰਵਿਧਾਨ ਅਨੁਸਾਰ ਉਨ੍ਹਾ ਦੀ ਪਾਰਟੀ ਨੇ ਕੁਝ ਗਲਤ ਨਹੀਂ ਕੀਤਾ।