ਪੁਰੀ : ਓਡੀਸ਼ਾ ਦੇ ਪੁਰੀ ਜ਼ਿਲ੍ਹੇ ਵਿੱਚ ਸਨਿੱਚਰਵਾਰ ਬਦਮਾਸ਼ਾਂ ਨੇ 15 ਸਾਲਾ ਕੁੜੀ ਨੂੰ ਅੱਗ ਲਗਾ ਦਿੱਤੀ। ਉਸ ਨੂੰ ਭੁਬਨੇਸ਼ਵਰ ਦੇ ਏਮਜ਼ ਹਸਪਤਾਲ ਲਿਜਾਇਆ ਗਿਆ ਹੈ। ਉਪ ਮੁੱਖ ਮੰਤਰੀ ਪ੍ਰਵਤੀ ਪਰੀਦਾ, ਜੋ ਮਹਿਲਾ ਅਤੇ ਬਾਲ ਵਿਕਾਸ ਵਿਭਾਗ ਦੀ ਇੰਚਾਰਜ ਹਨ, ਨੇ ‘ਐੱਕਸ’ ਉੱਤੇ ਇੱਕ ਪੋਸਟ ਵਿੱਚ ਕਿਹਾ, ‘ਮੈਨੂੰ ਇਹ ਖਬਰ ਸੁਣ ਕੇ ਬਹੁਤ ਦੁੱਖ ਅਤੇ ਸਦਮਾ ਲੱਗਿਆ ਹੈ ਕਿ ਪੁਰੀ ਜ਼ਿਲ੍ਹੇ ਦੇ ਬਲੰਗਾ ਵਿੱਚ ਕੁਝ ਬਦਮਾਸ਼ਾਂ ਨੇ ਸੜਕ ’ਤੇ ਇੱਕ ਪੰਦਰਾਂ ਸਾਲਾ ਕੁੜੀ ’ਤੇ ਪੈਟਰੋਲ ਛਿੜਕ ਕੇ ਉਸ ਨੂੰ ਅੱਗ ਲਗਾ ਦਿੱਤੀ। ਇਲਾਜ ਦਾ ਸਾਰਾ ਖਰਚ ਸਰਕਾਰ ਚੁੱਕੇਗੀ। ਪੁਲਸ ਪ੍ਰਸ਼ਾਸਨ ਨੂੰ ਦੋਸ਼ੀਆਂ ਨੂੰ ਤੁਰੰਤ ਗਿ੍ਰਫਤਾਰ ਕਰਨ ਅਤੇ ਸਖ਼ਤ ਕਾਰਵਾਈ ਕਰਨ ਦੇ ਨਿਰਦੇਸ਼ ਦਿੱਤੇ ਗਏ ਹਨ।’ ਚਸ਼ਮਦੀਦਾਂ ਨੇ ਦੱਸਿਆ ਕਿ ਕੁੜੀ ਆਪਣੀ ਸਹੇਲੀ ਦੇ ਘਰ ਜਾ ਰਹੀ ਸੀ, ਜਦੋਂ ਤਿੰਨ ਬਦਮਾਸ਼ ਬੇਆਬਾਰ ਪਿੰਡ ਵਿੱਚ ਉਸ ਨੂੰ ਅੱਗ ਲਾ ਕੇ ਫਰਾਰ ਹੋ ਗਏ।
ਮਜੀਠੀਆ ਜੇਲ੍ਹ ’ਚ ਹੀ ਰਹਿਣਗੇ
ਮੁਹਾਲੀ : ਸਥਾਨਕ ਕੋਰਟ ਨੇ ਸੀਨੀਅਰ ਅਕਾਲੀ ਆਗੂ ਤੇ ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਦੇ ਨਿਆਂਇਕ ਰਿਮਾਂਡ ਵਿੱਚ ਸ਼ੁੱਕਰਵਾਰ 14 ਦਿਨਾਂ ਦਾ ਵਾਧਾ ਕਰ ਦਿੱਤਾ। ਇਸ ਤੋਂ ਬਾਅਦ ਪੁਲਸ ਮਜੀਠੀਆ ਨੂੰ ਲੈ ਕੇ ਨਾਭਾ ਦੀ ਨਿਊ ਜੇਲ੍ਹ ਲਈ ਰਵਾਨਾ ਹੋ ਗਈ। ਮਜੀਠੀਆ ਨੂੰ 12 ਗੱਡੀਆਂ ਦੇ ਕਾਫਲੇ ਦੇ ਰੂਪ ਵਿੱਚ ਨਾਭਾ ਜੇਲ੍ਹ ਤੋਂ ਮੁਹਾਲੀ ਲਿਆਂਦਾ ਗਿਆ ਸੀ।
ਅੱਠਵੀਂ ਧਮਕੀ
ਅੰਮਿ੍ਰਤਸਰ : ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਹਰਿਮੰਦਰ ਸਾਹਿਬ ਵਿੱਚ ਬੰਬ ਰੱਖੇ ਹੋਣ ਸੰਬੰਧੀ ਸ਼ੁੱਕਰਵਾਰ ਰਾਤ ਇੱਕ ਹੋਰ ਧਮਕੀ-ਭਰੀ ਈਮੇਲ ਮਿਲੀ। 14 ਜੁਲਾਈ ਤੋਂ ਬਾਅਦ ਇਹ ਅੱਠਵੀਂ ਈਮੇਲ ਹੈ। ਇਸ ਦੌਰਾਨ ਸ੍ਰੀ ਅਕਾਲ ਤਖਤ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਹੁਣ ਤੱਕ ਦੋਸ਼ੀਆਂ ਦੀ ਪਛਾਣ ਨਾ ਕਰ ਸਕਣ ਲਈ ਕੇਂਦਰੀ ਤੇ ਸੂਬਾਈ ਏਜੰਸੀਆਂ ’ਤੇ ਸਵਾਲ ਖੜ੍ਹੇ ਕੀਤੇ ਹਨ।
ਪਟਨਾ ਕਤਲ ਕਾਂਡ ’ਚ 5 ਜਣੇ ਬੰਗਾਲ ਤੋਂ ਗਿ੍ਰਫਤਾਰ
ਪਟਨਾ : ਸਥਾਨਕ ਹਸਪਤਾਲ ਵਿੱਚ ਗੈਂਗਸਟਰ ਚੰਦਨ ਮਿਸ਼ਰਾ ਦੇ ਕਤਲ ਦੇ ਸੰਬੰਧ ਵਿੱਚ ਕੋਲਕਾਤਾ ਦੇ ਨੇੜੇ ਨਿਊ ਟਾਊਨ ਤੋਂ ਘੱਟੋ-ਘੱਟ ਪੰਜ ਵਿਅਕਤੀਆਂ ਨੂੰ ਗਿ੍ਰਫਤਾਰ ਕੀਤਾ ਗਿਆ ਹੈ। ਪੁਲਸ ਅਧਿਕਾਰੀਆਂ ਨੇ ਦੱਸਿਆ ਕਿ ਸਨਿੱਚਰਵਾਰ ਤੜਕੇ ਪਟਨਾ ਪੁਲਸ ਅਤੇ ਪੱਛਮੀ ਬੰਗਾਲ ਐੱਸ ਟੀ ਐੱਫ ਨੇ ਇਨ੍ਹਾਂ ਨੂੰ ਇੱਕ ਹਾਊਸਿੰਗ ਕੰਪਲੈਕਸ ਤੋਂ ਕਾਬੂ ਕੀਤਾ। ਬਿਹਾਰ ਦੇ ਬਕਸਰ ਜ਼ਿਲ੍ਹੇ ਦੇ ਮਿਸ਼ਰਾ, ਜੋ ਇੱਕ ਕਤਲ ਕੇਸ ਵਿੱਚ ਦੋਸ਼ੀ ਸੀ ਅਤੇ ਪੈਰੋਲ ’ਤੇ ਬਾਹਰ ਸੀ, ਨੂੰ ਵੀਰਵਾਰ ਸਵੇਰੇ ਪਟਨਾ ਦੇ ਨਿੱਜੀ ਹਸਪਤਾਲ ਦੇ ਅੰਦਰ ਕਤਲ ਕਰ ਦਿੱਤਾ ਗਿਆ ਸੀ। ਇੱਕ ਪੁਲਸ ਅਧਿਕਾਰੀ ਨੇ ਕਿਹਾ ਕਿ ਪੰਜਾਂ ਵਿੱਚੋਂ ਚਾਰ ਸਿੱਧੇ ਤੌਰ ’ਤੇ ਕਤਲ ਵਿੱਚ ਸ਼ਾਮਲ ਸਨ। ਘਟਨਾ ਤੋਂ ਬਾਅਦ ਉਹ ਪਟਨਾ ਤੋਂ ਫਰਾਰ ਹੋ ਗਏ ਅਤੇ ਕੋਲਕਾਤਾ ਆ ਗਏ ਸਨ।




