ਪਾਰਟੀ ਕਾਂਗਰਸ ਦੀ ਸਫਲਤਾ ਲਈ ਪੰਜਾਬ ਖੇਤ ਮਜ਼ਦੂਰ ਸਭਾ ਪੂਰਾ ਤਾਣ ਲਾਵੇਗੀ : ਗੋਰੀਆ, ਦੇਵੀ ਕੁਮਾਰੀ

0
82

ਤਰਨ ਤਾਰਨ (ਪੱਤਰ ਪ੍ਰੇਰਕ)
21 ਤੋਂ 25 ਸਤੰਬਰ ਤੱਕ ਚੰਡੀਗੜ੍ਹ ਵਿੱਚ ਭਾਰਤੀ ਕਮਿਊਨਿਸਟ ਪਾਰਟੀ ਦੇ 25ਵੇਂ ਮਹਾਂ-ਸੰਮੇਲਨ ਨੂੰ ਸਮਰਪਿਤ ਪੰਜਾਬ ਖੇਤ ਮਜ਼ਦੂਰ ਸਭਾ ਦੀ ਰਾਮਗੜ੍ਹੀਆ ਬੁੰਗਾ ਤਰਨ ਤਾਰਨ ਵਿੱਚ ਸਫਲ ਕਨਵੈਨਸ਼ਨ ਖੇਤੀ ਕਾਮਿਆਂ ਅਤੇ ਕਿਸਾਨਾਂ ਅੰਦਰ ਨਵੀਂ ਰੂਹ ਫੂਕ ਗਈ। ਕਨਵੈਨਸ਼ਨ ਵਿੱਚ ਜਿੱਥੇ 21 ਸਤੰਬਰ ਨੂੰ ਮੁਹਾਲੀ ਵਿੱਚ ਹੋ ਰਹੀ ਰੈਲੀ ਵਿੱਚ ਸ਼ਾਮਿਲ ਹੋਣ ਲਈ ਜ਼ੋਰਦਾਰ ਉਤਸ਼ਾਹ ਨਜ਼ਰ ਆਇਆ, ਉੱਥੇ ਖੇਤ ਮਜ਼ਦੂਰਾਂ ਦੇ ਹੱਕ-ਹਕੂਕਾਂ ਦੀ ਰਾਖੀ ਲਈ ਤਾਣ ਲਾ ਦੇਣ ਦਾ ਤਹੱਈਆ ਵੀ ਕੀਤਾ ਗਿਆ।ਕਨਵੈਨਸ਼ਨ ਵਿੱਚ ਜਿੱਥੇ ਗਰੀਬ ਅਤੇ ਦਲਿਤ ਵਰਗ ਉਤੇ ਹੋ ਰਹੇ ਸਮਾਜੀ ਅੱਤਿਆਚਾਰਾਂ ਦਾ ਗੰਭੀਰ ਨੋਟਿਸ ਲਿਆ ਗਿਆ, ਉਥੇ ਮਜ਼ਦੂਰਾਂ ਅਤੇ ਕਿਸਾਨਾਂ ਦੇ ਨਹੁੰ-ਮਾਸ ਦੇ ਰਿਸ਼ਤੇ ਦੇ ਸੰਦਰਭ ਵਿੱਚ ਦੋਹਾਂ ਦੀਆਂ ਸੰਘਰਸ਼ੀ ਕਰੰਘੜੀਆ ਨੂੰ ਹੋਰ ਮਜਬੂਤ ਕਰਨ ਦਾ ਹੋਕਾ ਵੀ ਦਿੱਤਾ ਗਿਆ। ਕਨਵੈਨਸ਼ਨ ਉਪਰੰਤ ਖੇਤ ਮਜ਼ਦੂਰਾਂ ਦੀਆਂ ਮੰਗਾਂ ਨੂੰ ਲੈ ਕੇ ਆਕਾਸ਼ ਗੁੰਜਾਊ ਨਾਹਰਿਆਂ ਦੌਰਾਨ ਕੀਤੇ ਗਏ ਰੋਸ ਪ੍ਰਦਰਸ਼ਨ ਮੌਕੇ ਤਰਨ ਤਾਰਨ ਦੇ ਬਾਜ਼ਾਰਾਂ ਵਿੱਚ ਦੁਕਾਨਦਾਰਾਂ ਵੱਲੋਂ ਦਿੱਤੇ ਹੰਗਾਰੇ ’ਤੇ ਆਪ-ਮੁਹਾਰੇ ਤਣੇ ਮੁੱਕਿਆਂ ਨੇ ਇਨਕਲਾਬੀ ਮਾਹੌਲ ਸਿਰਜ ਦਿੱਤਾ।ਜੋਗਿੰਦਰ ਸਿੰਘ ਵਲਟੋਹਾ, ਸੁਖਦੇਵ ਸਿੰਘ ਕੋਟ ਧਰਮ ਚੰਦ ਕਲਾਂ ਅਤੇ ਮੰਗਲ ਸਿੰਘ ਦੀ ਪ੍ਰਧਾਨਗੀ ਵਿੱਚ ਪੰਜਾਬ ਖੇਤ ਮਜ਼ਦੂਰ ਸਭਾ ਦੇ ਮਾਝਾ ਜ਼ੋਨ ਦੀ ਕਨਵੈਨਸ਼ਨ ਵਿੱਚ ਔਰਤਾਂ ਦੀ ਭਰਵੀਂ ਹਾਜ਼ਰੀ ਸਭਾ ਦੀ ਨਵੇਕਲੀ ਪ੍ਰਾਪਤੀ ਵਜੋਂ ਵੇਖੀ ਗਈ। ਕਨਵੈਨਸ਼ਨ ਦੀ ਸ਼ੁਰੂਆਤ ਵਿੱਚ ‘ਮਾਸਟਰ ਜੀ’ ਵੱਲੋਂ ਬੰਨ੍ਹੀ ਗਈ ਸ਼ਾਨਦਾਰ ਭੂਮਿਕਾ ਇਸ ਤਰ੍ਹਾਂ ਅਸਰਅੰਦਾਜ਼ ਹੋਈ ਕਿ ਅਗਲੇ ਬੁਲਾਰਿਆਂ ਦੇ ਵਿਚਾਰ ਸੁਣਨ ਲਈ ਸਰੋਤੇ ਟਿਕ-ਟਿਕੀ ਲਾ ਕੇ ਬੈਠ ਗਏ।
ਕਨਵੈਨਸ਼ਨ ਨੂੰ ਸੰਬੋਧਨ ਕਰਦਿਆਂ ਸੀ ਪੀ ਆਈ ਦੀ ਕੇਂਦਰੀ ਕਾਰਜਕਾਰਨੀ ਦੇ ਮੈਂਬਰ ਅਤੇ ਭਾਰਤੀ ਖੇਤ ਮਜ਼ਦੂਰ ਯੂਨੀਅਨ ਦੇ ਕੌਮੀ ਜਨਰਲ ਸਕੱਤਰ ਗੁਲਜਾਰ ਸਿੰਘ ਗੋਰੀਆ ਨੇ ਪਿੰਡਾਂ ਵਿੱਚ ਸ਼ਾਮਲਾਟ ਜ਼ਮੀਨ ਵਿੱਚ ਦਲਿਤ ਅਤੇ ਮਜ਼ਦੂਰ ਵਰਗ ਦੇ ਬਣਦੇ ਹਿੱਸੇ ਦਾ ਮੁੱਦਾ ਜ਼ੋਰਦਾਰ ਢੰਗ ਨਾਲ ਉਠਾਇਆ। ਉਹਨਾ ਕਿਹਾ ਕਿ ਪੰਜਾਬ ਵਿੱਚ ਹਰਾ ਇਨਕਲਾਬ ਲਿਆਉਣ ਲਈ ਖੇਤ ਮਜ਼ਦੂਰਾਂ ਨੇ ਕਿਸਾਨਾਂ ਦੇ ਮੋਢੇ ਨਾਲ ਮੋਢਾ ਜੋੜ ਕੇ ਕੰਮ ਕੀਤਾ। ਹਰਾ ਇਨਕਲਾਬ ਤਾਂ ਆ ਗਿਆ, ਜੋ ਦੇਸ਼ ਦੀ ਅੰਨ ਆਤਮ-ਨਿਰਭਰਤਾ ਲਈ ਵਰਦਾਨ ਸਾਬਿਤ ਹੋਇਆ, ਪਰ ਖੇਤ ਮਜ਼ਦੂਰ ਹਾਸ਼ੀਆਗ੍ਰਸਤ ਹੀ ਰਿਹਾ। ਕਾਮਰੇਡ ਗੋਰੀਆ ਨੇ ਮਰਹੂਮ ਮਜ਼ਦੂਰ ਆਗੂ ਨਾਗੋਕੇ ਨੂੰ ਯਾਦ ਕਰਦਿਆਂ ਪੰਜਾਬ ਦੀ ਮਾਣਮੱਤੀ ਮਜ਼ਦੂਰ ਲਹਿਰ ਦਾ ਵਿਸਥਾਰ ਨਾਲ ਵਰਣਨ ਕੀਤਾ।
ਚੰਡੀਗੜ੍ਹ ਵਿੱਚ ਹੋ ਰਹੀ ਪਾਰਟੀ ਕਾਂਗਰਸ ਦਾ ਜ਼ਿਕਰ ਕਰਦਿਆਂ ਉਹਨਾ ਕਿਹਾ ਕਿ ਇਹ ਉਸ ਸਮੇਂ ਹੋ ਰਹੀ ਹੈ, ਜਦੋਂ ਪੂਰਾ ਸੰਸਾਰ ਸਿਆਸੀ, ਸਮਾਜੀ, ਆਰਥਿਕ ਅਤੇ ਲੋਕਤੰਤਰੀ ਸੰਕਟ ਦੇ ਦੌਰ ਵਿੱਚੋਂ ਲੰਘ ਰਿਹਾ ਹੈ। ਅਜਿਹੇ ਦੌਰ ਵਿੱਚ ਇਸ ਦੀ ਇਤਿਹਾਸਿਕ ਮਹੱਤਤਾ ਵਧੇਰੇ ਵਧ ਗਈ ਹੈ। ਉਹਨਾ ਕਿਹਾ ਕਿ ਇਸ ਦੀ ਸਫਲਤਾ ਲਈ ਪੰਜਾਬ ਖੇਤ ਮਜ਼ਦੂਰ ਸਭਾ ਪੂਰਾ ਤਾਣ ਲਾਵੇਗੀ।
ਪੰਜਾਬ ਖੇਤ ਮਜ਼ਦੂਰ ਸਭਾ ਦੇ ਜਨਰਲ ਸਕੱਤਰ ਦੇਵੀ ਕੁਮਾਰੀ ਸਰਹਾਲੀ ਕਲਾਂ ਨੇ ਕਨਵੈਨਸ਼ਨ ਨੂੰ ਸੰਬੋਧਨ ਕਰਦਿਆਂ ਕਿਹਾ ਕਿ 21 ਸਤੰਬਰ ਤੋਂ 25 ਸਤੰਬਰ ਤੱਕ ਚੰਡੀਗੜ੍ਹ ਵਿੱਚ ਹੋ ਰਹੀ ਪਾਰਟੀ ਕਾਂਗਰਸ ਦੇ ਮੱਦੇਨਜ਼ਰ ਭਾਰਤੀ ਕਮਿਊਨਿਸਟ ਪਾਰਟੀ ਅਤੇ ਇਸ ਨਾਲ ਸੰਬੰਧਤ ਅਵਾਮੀ ਜਥੇਬੰਦੀਆਂ ਪੂਰੀ ਤਰਾਂ ਸਰਗਰਮੀ ਦੇ ਰੌਂਅ ਵਿੱਚ ਨਜ਼ਰ ਆ ਰਹੀਆਂ ਹਨ। ਪੰਜਾਬ ਖੇਤ ਮਜ਼ਦੂਰ ਸਭਾ ਦੀ ਅੱਜ ਦੀ ਕਨਵੈਨਸ਼ਨ ਪਾਰਟੀ ਕਾਂਗਰਸ ਨੂੰ ਸਮਰਪਿਤ ਹੈ। ਪਾਰਟੀ ਕਾਂਗਰਸ ਨਾਲ ਸੰਬੰਧਤ ਮੁਹਾਲੀ ਰੈਲੀ ਲਈ ਮਜ਼ਦੂਰ ਵਰਗ ਪੂਰੇ ਉਤਸ਼ਾਹ ਵਿੱਚ ਹੈ। ਕਨਵੈਨਸ਼ਨ ਦਾ ਉਤਸ਼ਾਹੀ ਮਾਹੌਲ ਇਸ ਗੱਲ ਦਾ ਗਵਾਹ ਹੈ।
ਪੰਜਾਬ ਅਤੇ ਕੇਂਦਰ ਸਰਕਾਰ ਦੀਆਂ ਲੋਕ-ਵਿਰੋਧੀ ਨੀਤੀਆਂ ਦੀ ਗੱਲ ਕਰਦਿਆਂ ਸਰਹਾਲੀ ਕਲਾਂ ਨੇ ਕਿਹਾ ਕਿ ਇਹਨਾਂ ਦਾ ਸਭ ਤੋਂ ਵੱਧ ਮਾਰੂ ਅਸਰ ਖੇਤ ਮਜ਼ਦੂਰਾਂ ’ਤੇ ਪੈ ਰਿਹਾ ਹੈ। ਉਹਨਾ ਦੇਸ਼ ਭਰ ਵਿੱਚ ਸਮਾਜਿਕ ਤੇ ਆਰਥਿਕ ਅੱਤਿਆਚਾਰਾਂ ਦੀ ਗੱਲ ਕਰਦਿਆਂ ਪੰਜਾਬ ਦੇ ਦਾਨ ਸਿੰਘ ਵਾਲਾ ਅਤੇ ਚੰਦ ਭਾਨ ਪਿੰਡ ਵਿੱਚ ਮਜ਼ਦੂਰ ਵਰਗ ਦੇ ਘਰਾਂ ਨੂੰ ਬੰਬਾਂ ਨਾਲ ਢਾਹੁਣ ਅਤੇ ਉਹਨਾਂ ਦੇ ਮਾਰੂ ਹਥਿਆਰਾਂ ਨਾਲ ਕੀਤੇ ਹਮਲਿਆਂ ਦਾ ਉਚੇਚ ਨਾਲ ਜ਼ਿਕਰ ਕੀਤਾ। ਸਰਹਾਲੀ ਕਲਾਂ ਨੇ ਕਿਹਾ ਕਿ ਗੁਰੂਆਂ, ਪੀਰਾਂ ਦੀ ਧਰਤੀ ਪੰਜਾਬ ਵਿੱਚ ਵੀ ਕਈ ਥਾਈਂ ਔਰਤਾਂ ਦੀ ਅਜ਼ਮਤ ਰੋਲਣ ਦੀਆਂ ਘਟਨਾਵਾਂ ਵੀ ਵਾਪਰ ਰਹੀਆਂ ਹਨ। ਇਹ ਵਰਤਾਰਾ ਰੋਕਣ ਲਈ ਅਸਰਦਾਰ ਢੰਗ ਬਣਾਏ ਜਾਣ ਦੀ ਜ਼ਰੂਰਤ ਹੈ।
ਮਜ਼ਦੂਰ ਆਗੂ ਨੇ ਮਨਰੇਗਾ ਸਕੀਮ ਦੀ ਗੱਲ ਕਰਦਿਆਂ ਕਿਹਾ ਕਿ ਇਹ ਸਕੀਮ ਮਜ਼ਦੂਰ ਵਰਗ ਲਈ ਕੁਝ ਸਹਾਰਾ ਹੈ, ਪਰ ਇਸ ਦੇ ਬਜਟ ਵਿੱਚ ਲਗਾਤਾਰ ਕੱਟ ਲਾ ਕੇ ਇਸ ਨੂੰ ਵੀ ਲੰਗੜਾ ਕੀਤਾ ਜਾ ਰਿਹਾ ਹੈ। ਉਹਨਾ ਮਜ਼ਦੂਰ ਵਰਗ ਨੂੰ ਆ ਰਹੀਆਂ ਦਰਪੇਸ਼ ਮੁਸ਼ਕਲਾਂ ਦਾ ਵਰਣਨ ਕਰਦਿਆਂ ਇਨ੍ਹਾਂ ਦੇ ਹੱਲ ਲਈ ਸੰਘਰਸ਼ ਦਾ ਪਿੜ੍ਹ ਮੱਲਣ ਦਾ ਜ਼ੋਰਦਾਰ ਹੋਕਾ ਦਿੱਤਾ।ਕੁੱਲ ਹਿੰਦ ਕਿਸਾਨ ਸਭਾ ਦੇ ਕਾਰਜਕਾਰੀ ਪ੍ਰਧਾਨ ਮਹਾਂਵੀਰ ਸਿੰਘ ਪੱਟੀ ਨੇ ਕਾਮਯਾਬ ਕਨਵੈਨਸ਼ਨ ਦੀ ਵਧਾਈ ਦਿੰਦਿਆਂ ਕਿਹਾ ਕਿ ਇਹ ਆਪਣੇ ਥਾਂ ਹਾਂ-ਪੱਖੀ ਗੱਲ ਹੈ ਕਿ ਪੰਜਾਬ ਖੇਤ ਮਜ਼ਦੂਰ ਸਭਾ ਦੀ ਵਾਗਡੋਰ ਪੜੇ੍ਹ-ਲਿਖੇ ਤੇ ਸਮਰਪਿਤ ਆਗੂਆਂ ਦੇ ਹੱਥ ਵਿੱਚ ਹੈ।
ਕਿਸਾਨ ਸਭਾ ਦੇ ਸੂਬਾਈ ਆਗੂ ਲਖਬੀਰ ਸਿੰਘ ਨਿਜ਼ਾਮਪੁਰ ਨੇ ਕਿਸਾਨਾਂ ਅਤੇ ਮਜ਼ਦੂਰਾਂ ਨੂੰ ਸੁਚੇਤ ਰਹਿਣ ਦਾ ਸੱਦਾ ਦਿੰਦਿਆਂ ਕਿਹਾ ਕਿ ਹਾਕਮਾਂ ਦੇ ਪੰਜਾਬ ਦੇ ਖੇਤ ਖੋਹਣ ਦੇ ਮਨਸੂਬਿਆਂ ਵਿੱਚ ਕੋਈ ਢਿੱਲ ਨਹੀਂ ਆਈ। ਨਿਜ਼ਾਮਪੁਰ ਨੇ ਕਿਸਾਨਾਂ ਅਤੇ ਮਜ਼ਦੂਰਾਂ ਦੇ ਨਹੁੰ-ਮਾਸ ਦੇ ਰਿਸ਼ਤੇ ਦੀ ਵੀ ਗੱਲ ਕੀਤੀ। ਕਨਵੈਨਸ਼ਨ ਨੂੰ ਕੁਲਬੀਰ ਸਿੰਘ ਕਸੇਲ, ਗਿਆਨ ਸਿੰਘ ਸੈਦਪੁਰੀ, ਸੁਖਦੇਵ ਸਿੰਘ ਕੋਟ ਧਰਮ ਚੰਦ ਕਲਾਂ ਅਤੇ ਮੰਗਲ ਸਿੰਘ ਖਜਾਲਾ ਨੇ ਵੀ ਸੰਬੋਧਨ ਕੀਤਾ। ਕਨਵੈਨਸ਼ਨ ਉਪਰੰਤ ਬਾਜ਼ਾਰਾਂ ਵਿੱਚ ਜ਼ੋਰਦਾਰ ਰੋਸ ਪ੍ਰਦਰਸ਼ਨ ਕੀਤਾ ਗਿਆ।ਹੋਰਨਾਂ ਤੋਂ ਇਲਾਵਾ ਬਿਜਲੀ ਕਾਮਿਆਂ ਦੀ ਆਗੂ ਬਲਜਿੰਦਰ ਕੌਰ ਭੱਟੀ, ਮੇਜਰ ਸਿੰਘ ਦਾਰਾਪੁਰ, ਸੁਖਦੇਵ ਭਲਾਈਪੁਰ, ਚਰਨ ਜਲਾਲਾਬਾਦ, ਲਾਲ ਸਿੰਘ ਵਲਟੋਹਾ, ਗੁਰਵਿੰਦਰ ਸਿੰਘ ਬਾਕੀਪੁਰ, ਮਨਪ੍ਰੀਤ ਬਾਕੀਪੁਰ, ਸਰਵਣ ਸਿੰਘ ਕਿਰਤੋਵਾਲ, ਸਰਬਜੀਤ ਕੌਰ ਕਿਰਤੋਵਾਲ, ਬਲਜਿੰਦਰ ਸਿੰਘ ਸਰਹਾਲੀ ਕਲਾਂ, ਪਰਮਜੀਤ ਕੌਰ, ਸੀਮਾ ਸਰਹਾਲੀ ਕਲਾ, ਬਲਵਿੰਦਰ ਸਿੰਘ ਕੋਟ ਧਰਮ ਚੰਦ ਕਲਾਂ, ਸਾਜਨਦੀਪ ਤਰਨ ਤਾਰਨ, ਜਸਪਾਲ ਸਿੰਘ ਫਤਿਆਬਾਦ, ਅਮਨਦੀਪ ਸਿੰਘ ਭੱਠਲ, ਸਤਨਾਮ ਸਿੰਘ ਸੇਰੋਂ, ਰਾਜਵਿੰਦਰ ਕੌਰ ਕੰਬੋ ਢਾਏ ਵਾਲਾ, ਅੰਜੂ ਰਾਣੀ ਘੁਰਕਵਿੰਡ, ਹੀਰਾ ਸਿੰਘ ਖਡੂਰ ਸਾਹਿਬ, ਨਰਿੰਦਰਪਾਲ ਸਿੰਘ ਖਡੂਰ ਸਾਹਿਬ, ਮਨਜੀਤ ਕੌਰ ਕਡਿਆਲਾ, ਸਤਨਾਮ ਸਿੰਘ ਗਿੱਲ, ਨਿਰਮਲ ਸਿੰਘ ਵੜੈਚ, ਸਖਦੇਵ ਸਿੰਘ ਮੂਸੇ, ਗੁਰਦੀਪ ਸਿੰਘ ਸੁਰਸਿੰਘ, ਸਰਬਜੀਤ ਕੌਰ ਕਲੇਰ, ਰਤਨ ਸਿੰਘ ਫੈਲੋਕੇ, ਬਲਜਿੰਦਰ ਕੌਰ ਪੱਟੀ, ਬੂਟਾ ਸਿੰਘ ਦਾਰਾਪੁਰ, ਪੱਪਾ ਮਸੀਹ ਚੂਸਲੇਵੜ, ਰਾਜਵਿੰਦਰ ਕੌਰ ਨੌਸ਼ਹਿਰਾ ਪਨੂੰਆਂ, ਜਸਬੀਰ ਸਿੰਘ ਵੈਰੋਵਾਲ ਬਾਵਿਆਂ ਤੇ ਕੁਲਵੰਤ ਸਿੰਘ ਲਾਲਪੁਰ ਆਦਿ ਮੌਜੂਦ ਸਨ।