ਜਲੰਧਰ (ਗਿਆਨ ਸੈਦਪੁਰੀ)
ਸ਼ਨੀਵਾਰ ਦੇਸ਼ ਭਗਤ ਯਾਦਗਾਰ ਕੰਪਲੈਕਸ ਵਿੱਚ ਬਣੇ ਵਿਸ਼ਣੂ ਗਣੇਸ਼ ਪਿੰਗਲੇ ਹਾਲ ਵਿੱਚ ਸ਼ੁਗਲੀ ਪਰਵਾਰ ਅਤੇ ਸਾਹਿਤਕ ਅਤੇ ਸੱਭਿਆਚਾਰਕ ਸੰਸਥਾ ਫੁਲਕਾਰੀ (ਰਜਿ.) ਵੱਲੋਂ ਐਡਵੋਕੇਟ ਗੁਰਮੀਤ ਸਿੰਘ ਸ਼ੁਗਲੀ ਦੀ ਪੁਸਤਕ ‘ਸਵਰਗ ਦਾ ਸਿਰਨਾਵਾਂ’ ਦੀ ਘੁੰਡ ਚੁਕਾਈ ਮੌਕੇ ਵੱਖ-ਵੱਖ ਅਦੀਬਾਂ ਨੇ ਕਿਤਾਬ ਅਤੇ ਲੇਖਕ ਬਾਰੇ ਵਿਸਥਾਰ ਨਾਲ ਵਿਚਾਰ-ਚਰਚਾ ਕੀਤੀ। ਸਮਾਗਮ ਦੀ ਪ੍ਰਧਾਨਗੀ ‘ਨਵਾਂ ਜ਼ਮਾਨਾ’ ਦੇ ਸੰਪਾਦਕ ਚੰਦ ਫਤਿਹਪੁਰੀ, ਸੁਰਜੀਤ ਜੱਜ, ਪਿ੍ਰਥੀਪਾਲ ਸਿੰਘ ਮਾੜੀਮੇਘਾ, ਬੀਬੀ ਮਹਿੰਦਰ ਕੌਰ ਸ਼ੁਗਲੀ, ਚਰੰਜੀ ਲਾਲ ਕੰਗਣੀਵਾਲ, ਸਤਨਾਮ ਸਿੰਘ ਮਾਣਕ, ਸਤਨਾਮ ਚਾਨਾ, ਐਡਵੋਕੇਟ ਅਦਿੱਤਿਆ ਜੈਨ ਤੇ ਪਿ੍ਰੰਸੀਪਲ ਜਸਪਾਲ ਸਿੰਘ ਰੰਧਾਵਾ ਨੇ ਕੀਤੀ।
ਵਿਚਾਰ-ਚਰਚਾ ਦੀ ਸ਼ੁਰੂਆਤ ਰਾਕੇਸ਼ ਸ਼ਾਂਤੀ ਦੂਤ ਨੇ ਕੀਤੀ। ਐਡਵੋਕੇਟ ਨਵਜੋਤ ਸਿੰਘ ਨੇ ਚਰਚਾ ਨੂੰ ਅੱਗੇ ਤੋਰਦਿਆਂ ਕਿਹਾ ਕਿ ਗੁਰਮੀਤ ਸਿੰਘ ਸ਼ੁਗਲੀ ਨੇ ਆਪਣੀ ਕਿਤਾਬ ਵਿੱਚ ‘ਸਵਰਗ ਦੇ ਸਿਰਨਾਵੇਂ’ ਦੀ ਪ੍ਰੀਭਾਸ਼ਾ ਬਾ-ਕਮਾਲ ਤਰੀਕੇ ਨਾਲ ਕੀਤੀ ਹੈ।
ਕਾਮਰੇਡ ਬੰਤ ਬਰਾੜ, ਸਤਨਾਮ ਸਿੰਘ ਮਾਣਕ, ਸਤਨਾਮ ਚਾਨਾ, ਸਵਰਨ ਸਿੰਘ ਟਹਿਣਾ, ਪਿ੍ਰੰਸੀਪਲ ਜਸਪਾਲ ਸਿੰਘ ਰੰਧਾਵਾ, ਐਡਵੋਕੇਟ ਪਰਮਿੰਦਰ ਸਿੰਘ, ਗੁਰਪ੍ਰੀਤ ਸਿੰਘ ਕਾਹਲੋਂ, ਐਡਵੋਕੇਟ ਨੀਰਜ ਕੌਸ਼ਿਕ ਤੇ ਐਡਵੋਕੇਟ ਅਦਿੱਤਿਆ ਜੈਨ ਆਦਿ ਨੇ ਆਪੋ-ਆਪਣੇ ਹਿੱਸੇ ਦੇ ਐਡਵੋਕੇਟ ਗੁਰਮੀਤ ਸਿੰਘ ਸ਼ੁਗਲੀ ਦੀ ਸ਼ਖ਼ਸੀਅਤ ਬਾਰੇ ਮੁੱਲਵਾਨ ਗੱਲਾਂ ਕੀਤੀਆਂ। ਕਿਤਾਬ ਦੀ ਸਮਗਰੀ ਬਾਰੇ ਵੀ ਵਿਚਾਰ ਪੇਸ਼ ਕੀਤੇ ਗਏ।
ਇਸ ਦੌਰਾਨ ‘ਸਵਰਗ ਦਾ ਸਿਰਨਾਵਾਂ’ ਰਿਲੀਜ਼ ਕੀਤੀ ਗਈ। ਸਾਹਿਤਕ ਤੇ ਸੱਭਿਆਚਾਰਕ ਸੰਸਥਾ ਦੇ ਪ੍ਰਧਾਨ ਤੇ ਗਜ਼ਲਗੋ ਸੁਰਜੀਤ ਜੱਜ ਨੇ ਕਾਵਿਕ ਮਹੌਲ ਸਿਰਜਦਿਆਂ ਐਡਵੋਕੇਟ ਗੁਰਮੀਤ ਸਿੰਘ ਸ਼ੁਗਲੀ, ਉਨ੍ਹਾ ਦੀ ਕਿਤਾਬ ਅਤੇ ਆਪਣੀ ਸੰਸਥਾ ਬਾਰੇ ਜਾਣਕਾਰੀ ਸਾਂਝੀ ਕੀਤੀ।
ਸਟੇਜ ਸਕੱਤਰ ਦੇ ਫਰਜ਼ ਨਿਭਾਉਂਦਿਆਂ ਬੀਰ ਰਹੀਮਪੁਰੀ ਨੇ ਗੁਰਮੀਤ ਸਿੰਘ ਸ਼ੁਗਲੀ ਦੀ ਮਾਣਮੱਤੀ ਸ਼ਖ਼ਸੀਅਤ ਬਾਰੇ ਖੂਬਸੂਰਤ ਢੰਗ ਨਾਲ ਪੇਸ਼ਕਾਰੀ ਕੀਤੀ। ਐਡਵੋਕੇਟ ਸ਼ੁਗਲੀ ਦੇ ਪੁੱਤਰ ਐਡਵੋਕੇਟ ਰਜਿੰਦਰ ਮੰਡ ਨੇ ਸਭ ਦਾ ਧੰਨਵਾਦ ਕੀਤਾ। ਧੰਨਵਾਦੀ ਸ਼ਬਦ ਬੋਲਣ ਲੱਗਿਆਂ ਉਹ ਭਾਵਨਾਵਾਂ ਦੇ ਵਹਿਣ ਵਿੱਚ ਵਹਿ ਗਏ।





