ਚੰਡੀਗੜ੍ਹ : ਖਰੜ ਤੋਂ ‘ਆਪ’ ਵਿਧਾਇਕ ਤੇ ਸਾਬਕਾ ਮੰਤਰੀ ਅਨਮੋਲ ਗਗਨ ਮਾਨ ਨੇ ਅਸਤੀਫਾ ਦੇ ਦਿੱਤਾ ਹੈ। ਉਸ ਨੇ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੂੰ ਆਪਣਾ ਅਸਤੀਫਾ ਜਲਦ ਪ੍ਰਵਾਨ ਕਰਨ ਦੀ ਅਪੀਲ ਕੀਤੀ ਹੈ। ਉਸ ਦੇ ਸਿਆਸਤ ਛੱਡਣ ਦੇ ਕਾਰਨਾਂ ਦਾ ਫੌਰੀ ਪਤਾ ਨਹੀਂ ਲੱਗ ਸਕਿਆ। ਉਸ ਨੇ ਐੱਕਸ ’ਤੇ ਇਕ ਪੋਸਟ ਵਿੱਚ ਕਿਹਾ, ‘ਦਿਲ ਭਾਰੀ ਹੈ, ਪਰ ਮੈਂ ਸਿਆਸਤ ਛੱਡਣ ਦਾ ਫੈਸਲਾ ਲਿਆ ਹੈ। ਮੇਰਾ ਵਿਧਾਇਕ ਦੇ ਅਹੁਦੇ ਤੋਂ ਸਪੀਕਰ ਸਾਹਿਬ ਨੂੰ ਦਿੱਤਾ ਹੋਇਆ ਅਸਤੀਫਾ ਸਵੀਕਾਰ ਕੀਤਾ ਜਾਵੇ। ਮੇਰੀਆਂ ਸ਼ੁਭਕਾਮਨਾਵਾਂ ਪਾਰਟੀ ਨਾਲ ਹਨ। ਮੈਨੂੰ ਉਮੀਦ ਹੈ ਪੰਜਾਬ ਸਰਕਾਰ ਲੋਕਾਂ ਦੀਆਂ ਉਮੀਦਾਂ ’ਤੇ ਖਰੀ ਉਤਰੇਗੀ।’ ਗਾਇਕਾ ਤੋਂ ਸਿਆਸਤਦਾਨ ਬਣੀ ਅਨਮੋਲ ਗਗਨ ਮਾਨ 2022 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਵਿੱਚ ਖਰੜ ਵਿਧਾਨ ਸਭਾ ਹਲਕੇ ਤੋਂ ਜਿੱਤੀ ਸੀ। ਉਹ ਮੰਤਰੀ ਵੀ ਬਣੀ ਅਤੇ ਸੈਰ-ਸਪਾਟਾ ਤੇ ਸੱਭਿਆਚਾਰ, ਨਿਵੇਸ਼ ਪ੍ਰਮੋਸ਼ਨ, ਕਿਰਤ ਅਤੇ ਪ੍ਰਾਹੁਣਚਾਰੀ ਵਿਭਾਗਾਂ ਦਾ ਚਾਰਜ ਸੰਭਾਲਿਆ। ਹਾਲਾਂਕਿ ਪਿਛਲੇ ਸਾਲ ਭਗਵੰਤ ਮਾਨ ਸਰਕਾਰ ਨੇ ਉਸ ਸਮੇਤ ਚਾਰ ਮੰਤਰੀਆਂ ਦੀ ਕੈਬਨਿਟ ਵਿੱਚੋਂ ਛੁੱਟੀ ਕਰ ਦਿੱਤੀ ਸੀ। ਉਹ ‘ਸੂਟ’, ‘ਘੈਂਟ ਪਰਪਜ਼’ ਅਤੇ ‘ਸ਼ੇਰਨੀ’ ਵਰਗੇ ਗੀਤਾਂ ਲਈ ਮਸ਼ਹੂਰ ਹੈ।





