ਭਾਰਤ-ਪਾਕ ਜੰਗ ਦੌਰਾਨ ਪੰਜ ਜਹਾਜ਼ ਡਿੱਗੇ : ਟਰੰਪ

0
78

ਵਾਸ਼ਿੰਗਟਨ : ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਭਾਰਤ-ਪਾਕਿਸਤਾਨ ਜੰਗ ਰੁਕਵਾਉਣ ਦੇ ਦਾਅਵਿਆਂ ਤੋਂ ਬਾਅਦ ਜੰਗ ਦੌਰਾਨ ਪੰਜ ਲੜਾਕੂ ਜਹਾਜ਼ ਡਿੱਗਣ ਦਾ ਨਵਾਂ ਖੁਲਾਸਾ ਕੀਤਾ ਹੈ। ਟਰੰਪ ਨੇ ਹਾਲਾਂਕਿ ਸਪੱਸ਼ਟ ਨਹੀਂ ਕੀਤਾ ਕਿ ਇਹ ਜਹਾਜ਼ ਦੋਹਾਂ ਵਿੱਚੋਂ ਕਿਹੜੇ ਮੁਲਕ ਦੇ ਸਨ। ਟਰੰਪ ਨੇ ਕਿਹਾ, ‘ਅਸੀਂ ਬਹੁਤ ਸਾਰੀਆਂ ਜੰਗਾਂ ਰੋਕੀਆਂ ਹਨ। ਭਾਰਤ ਤੇ ਪਾਕਿਸਤਾਨ ਦਰਮਿਆਨ, ਜੋ ਹੋ ਰਿਹਾ ਸੀ, ਉਹ ਗੰਭੀਰ ਸੀ। ਜਹਾਜ਼ ਹਵਾ ਵਿਚ ਫੁੰਡੇ ਜਾ ਰਹੇ ਸਨ। ਮੇਰਾ ਮੰਨਣਾ ਹੈ ਕਿ ਪੰਜ ਲੜਾਕੂ ਜਹਾਜ਼ਾਂ ਨੂੰ ਅਸਲ ਵਿੱਚ ਡੇਗਿਆ ਗਿਆ ਸੀ।’
ਰਿਪਬਲਿਕਨ ਸੈਨੇਟਰਾਂ ਲਈ ਸ਼ੁੱਕਰਵਾਰ ਨੂੰ ਵ੍ਹਾਈਟ ਹਾਊਸ ’ਚ ਰੱਖੀ ਰਾਤ ਦੀ ਦਾਅਵਤ ਮੌਕੇ ਟਰੰਪ ਨੇ ਇਹ ਵੀ ਕਿਹਾ, ‘ਭਾਰਤ ਤੇ ਪਾਕਿਸਤਾਨ ਆਹਮੋ-ਸਾਹਮਣੇ ਸਨ ਤੇ ਇਹ ਟਕਰਾਅ ਵਧਦਾ ਜਾ ਰਿਹਾ ਸੀ, ਅਸੀਂ ਇਸ ਨੂੰ ਵਪਾਰ ਜ਼ਰੀਏ ਹੱਲ ਕੀਤਾ।’ ਅਸੀਂ ਕਿਹਾ, ਤੁਸੀਂ ਲੋਕ ਵਪਾਰ ਸਮਝੌਤਾ ਕਰਨਾ ਚਾਹੁੰਦੇ ਹੋ? ਜੇਕਰ ਤੁਸੀਂ ਹਥਿਆਰਾਂ ਤੇ ਸ਼ਾਇਦ ਪ੍ਰਮਾਣੂ ਹਥਿਆਰਾਂ ਦਾ ਇਸਤੇਮਾਲ ਕਰ ਰਹੇ ਹੋ ਤਾਂ ਅਸੀਂ ਵਪਾਰ ਸਮਝੌਤਾ ਨਹੀਂ ਕਰਾਂਗੇ। ਦੋਵੇਂ ਬਹੁਤ ਤਾਕਤਵਰ ਪ੍ਰਮਾਣੂ ਮੁਲਕ ਹਨ।’ ਟਰੰਪ ਦੇ ਇਸ ਬਿਆਨ ਨੇ ਭਾਰਤ ਵਿੱਚ ਮੁੱਖ ਵਿਰੋਧੀ ਧਿਰ ਕਾਂਗਰਸ ਨੂੰ ਅਗਾਮੀ ਮੌਨਸੂਨ ਅਜਲਾਸ ਤੋਂ ਪਹਿਲਾਂ ਇੱਕ ਨਵਾਂ ਮੁੱਦਾ ਦੇ ਦਿੱਤਾ ਹੈ।
ਇਸ ਤੋਂ ਪਹਿਲਾਂ ਟਰੰਪ ਨੇ ਸ਼ੁੱਕਰਵਾਰ ਵਿਕਾਸਸ਼ੀਲ ਦੇਸ਼ਾਂ ਦੇ ਬਿ੍ਰਕਸ ਸਮੂਹ ਦੇ ਮੈਂਬਰਾਂ ਤੋਂ ਦਰਾਮਦਗੀ ’ਤੇ 10 ਫੀਸਦੀ ਟੈਕਸ ਲਗਾਉਣ ਦੀ ਆਪਣੀ ਧਮਕੀ ਨੂੰ ਮੁੜ ਦੁਹਰਾਇਆ। ਟਰੰਪ ਨੇ ਦੇਸ਼ਾਂ ਦਾ ਨਾਂਅ ਲਏ ਬਿਨਾਂ ਕਿਹਾ, ‘ਜਦੋਂ ਮੈਂ ਬਿ੍ਰਕਸ ਦੇ ਇਸ ਸਮੂਹ ਬਾਰੇ ਸੁਣਿਆ ਤਾਂ ਮੈਂ ਉਨ੍ਹਾਂ ’ਤੇ ਬਹੁਤ ਸਖ਼ਤ ਹਮਲਾ ਕੀਤਾ ਅਤੇ ਇਹ ਬਹੁਤ ਜਲਦੀ ਖਤਮ ਹੋ ਜਾਵੇਗਾ। ਅਸੀਂ ਕਦੇ ਵੀ ਕਿਸੇ ਨੂੰ ਸਾਡੇ ਨਾਲ ਖੇਡਾਂ ਨਹੀਂ ਖੇਡਣ ਦੇ ਸਕਦੇ।’
ਟਰੰਪ ਨੇ ਇਹ ਵੀ ਕਿਹਾ ਕਿ ਉਹ ਡਾਲਰ ਦੀ ਵਿਸ਼ਵਵਿਆਪੀ ਰਿਜ਼ਰਵ ਮੁਦਰਾ ਵਜੋਂ ਸਥਿਤੀ ਨੂੰ ਬਰਕਰਾਰ ਰੱਖਣ ਲਈ ਵਚਨਬੱਧ ਹਨ ਅਤੇ ਉਨ੍ਹਾ ਅਮਰੀਕਾ ਵਿੱਚ ਕੇਂਦਰੀ ਬੈਂਕ ਡਿਜੀਟਲ ਮੁਦਰਾ ਦੀ ਸਿਰਜਣਾ ਦੀ ਇਜਾਜ਼ਤ ਨਾ ਦੇਣ ਦਾ ਪ੍ਰਣ ਲਿਆ।
ਜ਼ਿਕਰਯੋਗ ਹੈ ਕਿ ਟਰੰਪ ਨੇ 6 ਜੁਲਾਈ ਨੂੰ ਨਵੇਂ ਟੈਕਸ ਦਾ ਐਲਾਨ ਕਰਦਿਆਂ ਕਿਹਾ ਸੀ ਕਿ ਇਹ ਬਿ੍ਰਕਸ ਸਮੂਹ ਦੀਆਂ ਅਮਰੀਕਾ ਵਿਰੋਧੀ ਨੀਤੀਆਂ ਨਾਲ ਜੁੜੇ ਕਿਸੇ ਵੀ ਦੇਸ਼ ’ਤੇ ਲਾਗੂ ਹੋਵੇਗਾ। ਧਮਕੀ ਜਾਰੀ ਕਰਨ ਤੋਂ ਬਾਅਦ ਟਰੰਪ ਨੇ ਬਿਨਾਂ ਕਿਸੇ ਸਬੂਤ ਦੇ ਵਾਰ-ਵਾਰ ਦਾਅਵਾ ਕੀਤਾ ਹੈ ਕਿ ਇਹ ਸਮੂਹ ਅਮਰੀਕਾ ਅਤੇ ਵਿਸ਼ਵ ਦੀ ਰਿਜ਼ਰਵ ਮੁਦਰਾ ਵਜੋਂ ਡਾਲਰ ਦੀ ਭੂਮਿਕਾ ਨੂੰ ਨੁਕਸਾਨ ਪਹੁੰਚਾਉਣ ਲਈ ਬਣਾਇਆ ਗਿਆ ਸੀ। ਹਾਲਾਂਕਿ ਦੂਜੇ ਪਾਸੇ ਬਿ੍ਰਕਸ ਨੇਤਾਵਾਂ ਨੇ ਇਹ ਦਾਅਵਾ ਰੱਦ ਕਰ ਦਿੱਤਾ ਹੈ ਕਿ ਇਹ ਸਮੂਹ ਅਮਰੀਕਾ ਵਿਰੋਧੀ ਹੈ।
ਪਾਕਿਸਤਾਨ ਨੇ ਭਾਰਤ ਦੇ ਤਿੰਨ ਰਾਫੇਲ ਸਣੇ ਪੰਜ ਜਹਾਜ਼ ਫੁੰਡਣ ਦਾ ਦਾਅਵਾ ਕੀਤਾ ਸੀ, ਜਦਕਿ ਭਾਰਤ ਨੇ ਵੀ ਪਾਕਿਸਤਾਨ ਦੇ ਛੇ ਜੈੱਟ, ਤਿੰਨ ਜਹਾਜ਼ ਤੇ 10 ਤੋਂ ਵੱਧ ਡਰੋਨ ਸੁੱਟਣ ਦੀ ਗੱਲ ਕਹੀ ਸੀ। ਪਾਕਿਸਤਾਨ ਨੇ ਆਪਣੇ ਜਹਾਜ਼ਾਂ ਦਾ ਨੁਕਸਾਨ ਅਜੇ ਤੱਕ ਮੰਨਿਆ ਨਹੀਂ, ਪਰ ਹਵਾਈ ਅੱਡਿਆਂ ਨੂੰ ਭਾਰਤ ਵੱਲੋਂ ਨਿਸ਼ਾਨਾ ਬਣਾਏ ਜਾਣ ਦੀ ਗੱਲ ਕਬੂਲੀ ਸੀ।
ਇਸੇ ਦੌਰਾਨ ਕਾਂਗਰਸ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਹੁਣ ਟਰੰਪ ਦੇ ਦਾਅਵੇ ਬਾਰੇ ਸੰਸਦ ਦੇ ਅੰਦਰ ਸਪੱਸ਼ਟ ਜਵਾਬ ਦੇਣਾ ਚਾਹੀਦਾ ਹੈ। ਪਾਰਟੀ ਦੇ ਜਨਰਲ ਸਕੱਤਰ ਜੈਰਾਮ ਰਮੇਸ਼ ਨੇ ਐੱਕਸ ’ਤੇ ਇੱਕ ਪੋਸਟ ਵਿਚ ਕਿਹਾ ਕਿ ਸੰਸਦ ਦੇ ਮੌਨਸੂਨ ਅਜਲਾਸ ਤੋਂ ਠੀਕ ਦੋ ਦਿਨ ਪਹਿਲਾਂ ‘ਟਰੰਪ ਮਿਜ਼ਾਈਲ’ 24ਵੀਂ ਵਾਰ ਦਾਗ਼ੀ ਗਈ ਹੈ। ਰਮੇਸ਼ ਨੇ ਕਿਹਾ, ‘ਰਾਸ਼ਟਰਪਤੀ ਟਰੰਪ ਨੇ ਐਤਕੀਂ ਨਵਾਂ ਸਨਸਨੀਖੇਜ਼ ਖੁਲਾਸਾ ਕੀਤਾ ਹੈ ਕਿ ਪੰਜ ਲੜਾਕੂ ਜਹਾਜ਼ਾਂ ਨੂੰ ਡੇਗਿਆ ਗਿਆ।’ ਕਾਂਗਰਸ ਆਗੂ ਨੇ ਤਨਜ਼ ਕੱਸਦਿਆਂ ਕਿਹਾ, ‘ਪ੍ਰਧਾਨ ਮੰਤਰੀ, ਜਿਨ੍ਹਾ ਦੀ ਰਾਸ਼ਟਰਪਤੀ ਟਰੰਪ ਨਾਲ ਸਾਲਾਂ ਦੀ ਦੋਸਤੀ ਤੇ ਹਗਲੋਮੇਸੀ (ਗਲੇ ਮਿਲਣ ਦੀ ਕੂਟਨੀਤੀ) ਰਹੀ ਹੈ, ਜੋ ‘ਹਾਓਡੀ ਮੋਡੀ’ (ਸਤੰਬਰ 2019) ਤੇ ‘ਨਮਸਤੇ ਟਰੰਪ’ (ਫਰਵਰੀ 2020) ਤੋਂ ਚੱਲੀ ਆ ਰਹੀ ਹੈ, ਉਨ੍ਹਾ ਨੂੰ ਹੁਣ ਖੁਦ ਸੰਸਦ ਵਿੱਚ ਰਾਸ਼ਟਰਪਤੀ ਟਰੰਪ ਦੇ ਪਿਛਲੇ 70 ਦਿਨਾਂ ਦੇ ਦਾਅਵਿਆਂ ਬਾਰੇ ਸਪੱਸ਼ਟ ਤੇ ਠੋਸ ਬਿਆਨ ਦੇਣਾ ਚਾਹੀਦਾ ਹੈ।’