ਤਿਰੁਅਨੰਤਪੁਰਮ : ਕਈ ਦਹਾਕਿਆਂ ਤੱਕ ਕੇਰਲਾ ਦੀ ਸਿਆਸਤ ਵਿੱਚ ਭਾਰੂ ਸ਼ਖਸੀਅਤ ਰਹੇ ਤੇ ਸੀ ਪੀ ਆਈ (ਐੱਮ) ਦੇ ਬਾਨੀਆਂ ਵਿੱਚੋਂ ਇੱਕ ਸਾਬਕਾ ਮੁੱਖ ਮੰਤਰੀ ਵੇਲੀਕਾਕਾਥੂ ਸੰਕਰਨ ਅਛੂਤਾਨੰਦਨ ਦਾ ਸੋਮਵਾਰ 101 ਸਾਲ ਦੀ ਉਮਰ ਵਿੱਚ ਸੋਮਵਾਰ ਇੱਥੋਂ ਦੇ ਹਸਪਤਾਲ ’ਚ ਦੇਹਾਂਤ ਹੋ ਗਿਆ। ਉਨ੍ਹਾ ਨੂੰ ਲੋਕ ਕਾਮਰੇਡ ਵੀ ਐੱਸ ਜਾਂ ਸਿਰਫ ਵੀ ਐੱਸ ਵਜੋਂ ਜਾਣਦੇ ਸਨ। ਉਹ ਦਿਲ ਦੇ ਦੌਰੇ ਕਾਰਨ 2019 ਤੋਂ ਜਨਤਕ ਜ਼ਿੰਦਗੀ ਤੋਂ ਦੂਰ ਚੱਲੇ ਆ ਰਹੇ ਸਨ ਅਤੇ ਇੱਕ ਮਹੀਨਾ ਪਹਿਲਾਂ ਇੱਕ ਹੋਰ ਦੌਰਾ ਪੈਣ ਕਾਰਨ ਉਨ੍ਹਾ ਨੂੰ ਹਸਪਤਾਲ ਦਾਖਲ ਕਰਾਇਆ ਗਿਆ ਸੀ ਤੇ ਉਹ ਲਾਈਫ ਸਪੋਰਟ ਸਿਸਟਮ ’ਤੇ ਸਨ।
20 ਅਕਤੂਬਰ 1923 ਨੂੰ ਅਲਾਪੁਜ਼ਾ ਜ਼ਿਲ੍ਹੇ ਦੇ ਪੁਨਾਪਰਾ ਵਿੱਚ ਪੈਦਾ ਹੋਏ ਵੀ ਐੱਸ 2006 ਤੋਂ 2011 ਤੱਕ ਕੇਰਲਾ ਦੇ ਮੁੱਖ ਮੰਤਰੀ ਰਹੇ। ਉਨ੍ਹਾ ਅਸੈਂਬਲੀ ਦੀਆਂ 10 ਚੋਣਾਂ ਲੜੀਆਂ ਤੇ 7 ਵਾਰ ਵਿਧਾਇਕ ਚੁਣੇ ਗਏ। ਉਹ ਪਹਿਲੀ ਵਾਰ ਅਲਾਪੁਜ਼ਾ ਹਲਕੇ ਤੋਂ ਲੜੇ, ਪਰ ਹਾਰ ਗਏ। ਉਹ 1980 ਤੋਂ 1992 ਤੱਕ 12 ਸਾਲ ਪਾਰਟੀ ਦੇ ਸੂਬਾ ਸਕੱਤਰ ਰਹੇ। ਉਹ ਪਾਰਟੀ ਦੇ ਸਭ ਤੋਂ ਉੱਚੇ ਅਦਾਰੇ ਪੋਲਿਟ ਬਿਊਰੋ ਦੇ 1985 ਤੋਂ 2009 ਤੱਕ ਮੈਂਬਰ ਰਹੇ। ਅਛੂਤਾਨੰਦਨ ਨੇ ਅਸੈਂਬਲੀ ਵਿੱਚ ਸਭ ਤੋਂ ਵੱਧ 14 ਸਾਲ ਆਪੋਜ਼ੀਸ਼ਨ ਲੀਡਰ ਦਾ ਰੋਲ ਨਿਭਾਇਆ। 2011 ਵਿੱਚ ਖੱਬੇ ਜਮਹੂਰੀ ਮੋਰਚੇ ਨੇ 140 ਵਿੱਚੋਂ 68 ਸੀਟਾਂ ਜਿੱਤੀਆਂ ਤੇ ਬਹੁਮਤ ਤੋਂ ਪਿੱਛੇ ਰਹਿ ਗਈ। ਫਿਰ ਓਮਨ ਚਾਂਡੀ ਦੀ ਅਗਾਵਾਈ ਵਿੱਚ ਆਪੋਜ਼ੀਸ਼ਨ ਦੇ ਗੱਠਜੋੜ ਯੂ ਡੀ ਐੱਫ ਦੀ ਸਰਕਾਰ ਬਣੀ। 2016 ਵਿੱਚ 93 ਸਾਲ ਦੀ ਉਮਰ ’ਚ ਵੀ ਅਛੂਤਾਨੰਦਨ ਨੇ ਚੋਣ ਪ੍ਰਚਾਰ ਕੀਤਾ ਅਤੇ ਮਲਮਪੁਜ਼ਾ ਹਲਕੇ ਤੋਂ ਖੁਦ ਵੀ ਜਿੱਤੇ, ਪਰ ਪਾਰਟੀ ਨੇ ਉਨ੍ਹਾ ਦੀ ਸਿਹਤ ਦਾ ਹਵਾਲਾ ਦੇ ਕੇ ਪਿਨਾਰਾਈ ਵਿਜ਼ੀਅਨ ਨੂੰ ਮੁੱਖ ਮੰਤਰੀ ਬਣਾਇਆ। ਉਨ੍ਹਾ ਦੀ ਹੈਸੀਅਤ ਦਾ ਖਿਆਲ ਰੱਖਦਿਆਂ ਉਨ੍ਹਾ ਨੂੰ ਕੈਬਨਿਟ ਰੈਂਕ ਵਿੱਚ ਕੇਰਲਾ ਪ੍ਰਸ਼ਾਸਕੀ ਸੁਧਾਰ ਕਮਿਸ਼ਨ ਦਾ ਚੇਅਰਮੈਨ ਬਣਾਇਆ ਗਿਆ, ਪਰ 2021 ਵਿੱਚ ਇਹ ਅਹੁਦਾ ਛੱਡ ਦਿੱਤਾ।
ਅਛੂਤਾਨੰਦਨ ਦੇ ਜਾਣ ਨਾਲ ਸੀ ਪੀ ਆਈ ਦੀ ਕੌਮੀ ਕੌਂਸਲ ਵਿੱਚੋਂ ਬਾਹਰ ਹੋ ਕੇ 1964 ਵਿੱਚ ਸੀ ਪੀ ਆਈ (ਐੱਮ) ਬਣਾਉਣ ਵਾਲੇ ਸਾਰੇ 32 ਆਗੂ ਹੁਣ ਇਸ ਫਾਨੀ ਦੁਨੀਆ ਵਿੱਚ ਨਹੀਂ ਰਹੇ। ਅਛੂਤਾਨੰਦਨ 16 ਸਾਲ ਦੀ ਉਮਰ ਵਿੱਚ ਕਾਂਗਰਸ ਵਿੱਚ ਸ਼ਾਮਲ ਹੋਏ ਸਨ, ਪਰ ਉਨ੍ਹਾ ਮਹਿਸੂਸ ਕੀਤਾ ਕਿ ਉਨ੍ਹਾ ਦੀ ਥਾਂ ਸੀ ਪੀ ਆਈ ਵਿੱਚ ਹੈ, ਜਿੱਥੋਂ ਉਨ੍ਹਾ ਟਰੇਡ ਯੂਨੀਅਨ ਸਰਗਰਮੀਆਂ ਲਈ ਪ੍ਰੇਰਨਾ ਲਈ। ਹਾਲਾਂਕਿ ਪਹਿਲਾਂ ਉਨ੍ਹਾ ਦੀ ਵਿਜੀਅਨ ਨਾਲ ਕਾਫੀ ਬਣਦੀ ਸੀ, ਪਰ ਫਿਰ ਵਿਚਾਰਧਾਰਕ ਤੇ ਸਿਆਸੀ ਮੁੱਦਿਆਂ ’ਤੇ ਮਤਭੇਦ ਹੋ ਗਏ। ਅਛੂਤਾਨੰਦਨ ਮਨ ਦੀ ਗੱਲ ਕਹਿਣ ਤੋਂ ਨਹੀਂ ਝਿਜਕਦੇ ਸਨ। ਇੱਕ ਵਾਰ ਤਾਂ ਉਨ੍ਹਾ ਕਹਿ ਦਿੱਤਾ ਸੀ ਕਿ ਵਿਜੀਅਨ ’ਤੇ ਐੱਸ ਐੱਨ ਸੀ ਲਵਲੀਨ ਮਾਮਲੇ ਵਿੱਚ ਕੁਰੱਪਸ਼ਨ ਦਾ ਕੇਸ ਚੱਲਣਾ ਚਾਹੀਦਾ ਹੈ।
ਅਛੂਤਾਨੰਦਨ ਤੇ ਵਿਜੀਅਨ ਵੱਲੋਂ ਇੱਕ-ਦੂਜੇ ਪ੍ਰਤੀ ਜਨਤਕ ਤੌਰ ’ਤੇ ਬਿਆਨਬਾਜ਼ੀ ਕਾਰਨ ਦੋਹਾਂ ਨੂੰ 2007 ਵਿੱਚ ਪੋਲਿਟ ਬਿਊਰੋ ਵਿੱਚੋਂ ਕੱਢ ਦਿੱਤਾ ਗਿਆ ਸੀ। ਬਾਅਦ ਵਿੱਚ ਵਿਜੀਅਨ ਨੂੰ ਮੁੜ ਸ਼ਾਮਲ ਕਰ ਲਿਆ ਗਿਆ, ਪਰ ਅਛੂਤਾਨੰਦਨ ਨੂੰ ਪਾਰਟੀ ਲਾਈਨ ਦੀ ਉਲੰਘਣਾ ਦੇ ਦੋਸ਼ ਵਿੱਚ ਨਜ਼ਰਅੰਦਾਜ਼ ਕਰ ਦਿੱਤਾ ਗਿਆ।
2009 ਦੀਆਂ ਲੋਕ ਸਭਾ ਚੋਣਾਂ ਵਿੱਚ ਸੀ ਪੀ ਆਈ (ਐੱਮ) ਦੇ ਚੋਣ ਪ੍ਰਚਾਰ ਦੀ ਅਗਵਾਈ ਵਿਜੀਅਨ ਨੇ ਕੀਤੀ ਤੇ ਖੱਬੇ ਮੋਰਚੇ ਨੂੰ 20 ਵਿੱਚੋਂ ਸਿਰਫ 4 ਸੀਟਾਂ ਮਿਲੀਆਂ। ਉਦੋਂ ਅਛੂਤਾਨੰਦਨ ਮੁੱਖ ਮੰਤਰੀ ਸਨ। ਜਦੋਂ ਪੱਤਰਕਾਰਾਂ ਨੇ ਪੁੱਛਿਆ ਕਿ ਏਨੇ ਮਾੜੇ ਨਤੀਜੇ ਦੇ ਬਾਵਜੂਦ ਤੁਸੀਂ ਹੱਸ ਰਹੇ ਹੋ ਤਾਂ ਉਨ੍ਹਾ ਕਿਹਾਤਾਂ ਮੈਂ ਰੋਵਾਂ? ਹੱਸਦਾ ਚੰਗਾ ਨਹੀਂ ਲੱਗਦਾ?
ਅਛੂਤਾਨੰਦਨ ਦੇ ਮਜ਼ਾਕ ਤੇ ਹਾਜ਼ਰ-ਜਵਾਬੀ ਦੇ ਮੁਕਾਬਲੇ ਓਮਨ ਚਾਂਡੀ, ਏ ਕੇ ਐਂਟੋਨੀ, ਰਾਹੁਲ ਤਾਂ ਮੋਦੀ ਵਰਗੇ ਹੌਲੇ ਪੈ ਜਾਂਦੇ ਸਨ। 2019 ਵਿੱਚ ਰਾਹੁਲ ਨੇ ਕਹਿ ਦਿੱਤਾ ਸੀ ਕਿ ਉਹ ਹੁਣ ਵੀ ਸਿਆਸਤ ਨਾਲ ਚਿੰਬੜੇ ਹੋਏ ਹਨ, ਤਾਂ ਉਨ੍ਹਾ ਦੀ ਪ੍ਰਤੀਕਿਰਿਆ ਸੀਅਮੁਲ ਬੇਬੀ। ਅਛੂਤਾਨੰਦਨ ਪਰਵਾਰ ਵਿੱਚ ਪਤਨੀ ਵਸੂਮਤੀ, ਬੇਟਾ ਵੀ ਏ ਅਰੁਣ ਕੁਮਾਰ ਤੇ ਧੀ ਵੀ ਵੀ ਆਸ਼ਾ ਛੱਡ ਗਏ ਹਨ।



