ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 18 ਜੁਲਾਈ ਨੂੰ ਪੱਛਮੀ ਬੰਗਾਲ ਦੇ ਦੁਰਗਾਪੁਰ ਪ੍ਰੋਜੈਕਟਾਂ ਦੇ ਉਦਘਾਟਨ ਦੌਰਾਨ ਰੱਖੀ ਰੈਲੀ ਵਿੱਚ ਪਿਛਲੇ ਸਾਲ ਅਗਸਤ ’ਚ ਆਰ ਜੀ ਕਰ ਮੈਡੀਕਲ ਕਾਲਜ ਕੋਲਕਾਤਾ ਵਿੱਚ ਟਰੇਨੀ ਡਾਕਟਰ ਨਾਲ ਬਲਾਤਕਾਰ ਤੇ ਹੱਤਿਆ ਦਾ ਮੁੱਦਾ ਉਠਾਇਆ ਅਤੇ ਮੁੱਖ ਮੰਤਰੀ ਮਮਤਾ ਬੈਨਰਜੀ ’ਤੇ ਮੁਲਜ਼ਮਾਂ ਨੂੰ ਬਚਾਉਣ ਦਾ ਦੋਸ਼ ਲਾਇਆ, ਪਰ ਇੱਕ ਹਫਤਾ ਪਹਿਲਾਂ ਭਾਜਪਾ ਦੇ ਰਾਜ ਵਾਲੇ ਓਡੀਸ਼ਾ ’ਚ ਉਸੇ ਤਰ੍ਹਾਂ ਦੀ ਹੋਈ ਘਟਨਾ ਬਾਰੇ ਹੁਣ ਤੱਕ ਚੁੱਪ ਹਨ। ਓਡੀਸ਼ਾ ਦੇ ਬਾਲਾਸੋਰ ਦੇ ਫਕੀਰ ਮੋਹਨ ਕਾਲਜ ਵਿੱਚ ਬੀ ਐੱਡ ਕਰ ਰਹੀ 20 ਸਾਲਾ ਵਿਦਿਆਰਥਣ ਨੇ 12 ਜੁਲਾਈ ਨੂੰ ਪਿ੍ਰੰਸੀਪਲ ਦਫਤਰ ਅੱਗੇ ਖੁਦ ’ਤੇ ਪੈਟਰੋਲ ਪਾ ਕੇ ਆਤਮਦਾਹ ਕਰ ਲਿਆ ਤੇ 15 ਜੁਲਾਈ ਨੂੰ ਉਸ ਦੀ ਮੌਤ ਹੋ ਗਈ। ਉਸ ਨੇ ਖੁਦਕੁਸ਼ੀ ਨੋਟ ਵਿੱਚ ਆਪਣੇ ਵਿਭਾਗ ਮੁਖੀ ਸਮੀਰ ਕੁਮਾਰ ਸਾਹੂ ’ਤੇ ਯੌਨ ਸ਼ੋਸ਼ਣ ਕਰਨ ਤੇ ਪਿ੍ਰੰਸੀਪਲ ਦਿਲੀਪ ਘੋਸ਼ ’ਤੇ ਉਸ ਨੂੰ ਅਜਿਹਾ ਕਰਨ ਤੋਂ ਨਾ ਰੋਕਣ ਦਾ ਦੋਸ਼ ਲਾਇਆ। ਨਾ ਪਿ੍ਰੰਸੀਪਲ ਨੇ ਐਕਸ਼ਨ ਲਿਆ ਤੇ ਨਾ ਸਾਹੂ ਨੇ ਯੌਨ ਸ਼ੋਸ਼ਣ ਕਰਨਾ ਬੰਦ ਕੀਤਾ। ਇੱਥੇ ਸਵਾਲ ਉੱਠਦਾ ਹੈ ਕਿ ਦੇਸ਼ ਦਾ ਪ੍ਰਧਾਨ ਮੰਤਰੀ ਦੋ ਸੂਬਿਆਂ ਵਿੱਚ ਬਲਾਤਕਾਰ ਦੀਆਂ ਘਟਨਾਵਾਂ ਵਿਚਾਲੇ ਕਿਵੇਂ ਸਫਲਤਾ ਨਾਲ ਵਖਰੇਵਾਂ ਕਰ ਲੈਂਦਾ ਹੈ? ਇਸ ਨੂੰ ਚੋਣਵੀਂ ਸੰਵੇਦਨਸ਼ੀਲਤਾ ਨਾ ਕਹਿ ਕੇ ਘੋਰ ਅਸੰਵੇਦਨਸ਼ੀਲਤਾ ਹੀ ਕਿਹਾ ਜਾ ਸਕਦਾ ਹੈ। ਪ੍ਰਧਾਨ ਮੰਤਰੀ ਲਈ ਕੀ ਸਿਰਫ ਇੱਕ ਪਾਰਟੀ ਪ੍ਰਤੀਬੱਧਤਾ ਹੀ ਅਹਿਮ ਹੈ? ਇੱਕ ਜਮਹੂਰੀ ਦੇਸ਼ ਤਮਾਮ ਵਿਚਾਰਧਾਰਾਵਾਂ ਦੇ ਮਿਸ਼ਰਣ ਨਾਲ ਬਣਦਾ ਹੈ। ਜਦੋਂ ਕੋਈ ਪ੍ਰਧਾਨ ਮੰਤਰੀ ਪੋ੍ਰਜੈਕਟਾਂ ਦੇ ਉਦਘਾਟਨ ਦੇ ਮੌਕੇ ਨੂੰ ਵੀ ਆਪਣੇ ਸਿਆਸੀ ਲਾਭ ਲਈ ਉਹ ਮਹਿਲਾਵਾਂ ਨੂੰ ਢਾਲ ਬਣਾ ਕੇ ਵਰਤਦਾ ਹੈ ਤਾਂ ਸ਼ੋਭਾ ਨਹੀਂ ਦਿੰਦਾ। ਪ੍ਰਧਾਨ ਮੰਤਰੀ ਨੂੰ ਇਹ ਦੱਸਣਾ ਚਾਹੀਦਾ ਹੈ ਕਿ ਓਡੀਸ਼ਾ ਵਿੱਚ ਭਾਜਪਾ ਰਾਜ ਕਾਇਮ ਹੋਣ ਤੋਂ ਬਾਅਦ ਇੱਕ ਸਾਲ ਦੇ ਅੰਦਰ ਬਲਾਤਕਾਰ ਦੀਆਂ ਘਟਨਾਵਾਂ 8 ਫੀਸਦੀ ਕਿਵੇਂ ਵਧ ਗਈਆਂ। ਮਮਤਾ ਬੈਨਰਜੀ ਨੂੰ ਸਵਾਲ ਕਰਨ ਵਾਲੇ ਪ੍ਰਧਾਨ ਮੰਤਰੀ ਨੂੰ ਓਡੀਸ਼ਾ ਦੇ ਮੁੱਖ ਮੰਤਰੀ ਤੋਂ ਵੀ ਪੁੱਛਣਾ ਚਾਹੀਦਾ ਹੈ ਕਿ ਬਾਲਾਸੋਰ ਵਿੱਚ 10 ਸਾਲ ਦੀ ਬੱਚੀ ਨਾਲ ਬਲਾਤਕਾਰ ਤੇ ਫਿਰ ਉਸ ਦੀ ਹੱਤਿਆ ਕਿਉਂ ਹੋਈ? ਝਾਰਸੁਗੁੜਾ ਵਿੱਚ ਛੇ ਸਾਲ ਦੀ ਵਿਦਿਆਰਥਣ ਨਾਲ ਗੈਂਗਰੇਪ ਕਿਉ ਹੋਇਆ? ਕੇਂਦਰਪਾੜਾ ਵਿੱਚ ਯੌਨ ਸ਼ੋਸ਼ਣ ਦੀ ਸ਼ਿਕਾਰ ਬਾਰ੍ਹਵੀਂ ਦੀ ਵਿਦਿਆਰਥਣ ਨੇ ਖੁਦੁਕਸ਼ੀ ਕਿਉ ਕੀਤੀ?
ਓਡੀਸ਼ਾ ਹੀ ਨਹੀਂ, ਹੋਰਨਾਂ ਭਾਜਪਾ ਰਾਜਾਂ ਵਿੱਚ ਵੀ ਹਾਲਤ ਇਹੋ ਜਿਹੀ ਹੈ। ਸੋਚਣ ਵਾਲੀ ਗੱਲ ਹੈ ਕਿ ਇਸ ਪਾਰਟੀ ਦੀ ਸੋਚ ਤੇ ਕਾਰਜ-ਪ੍ਰਣਾਲੀ ਵਿੱਚ ਕੀ ਖਾਮੀ ਹੈ ਕਿ ਜਿਨ੍ਹਾਂ ਪੰਜ ਰਾਜਾਂ ਵਿੱਚ ਸਭ ਤੋਂ ਵੱਧ ਬਲਾਤਕਾਰ (ਕੌਮੀ ਅਪਰਾਧ ਰਿਕਾਰਡ ਬਿਊਰੋ-2022) ਦੇ ਮਾਮਲੇ ਸਾਹਮਣੇ ਆਏ, ਸਾਰਿਆਂ ਵਿੱਚ ਭਾਜਪਾ ਦੀ ਸੱਤਾ ਹੈਰਾਜਸਥਾਨ, ਯੂ ਪੀ, ਮੱਧ ਪ੍ਰਦੇਸ਼, ਮਹਾਰਾਸ਼ਟਰ ਤੇ ਆਸਾਮ।
ਦੇਸ਼ ਦੀਆਂ ਮਹਿਲਾਵਾਂ ਨੂੰ ਪ੍ਰਧਾਨ ਮੰਤਰੀ ਤੋਂ ਪੁੱਛਣਾ ਚਾਹੀਦਾ ਹੈ ਕਿ ਜਦ ਚੋਣਾਂ ਵਿੱਚ ਵੋਟਾਂ ਮੰਗਣ ਦਾ ਵੇਲਾ ਆਉਦਾ ਹੈ ਤਾਂ ਉਹ ਸਟਾਰ ਪ੍ਰਚਾਰਕ ਬਣ ਕੇ ਸਾਹਮਣੇ ਆਉਦੇ ਹਨ, ਪਰ ਬਲਾਤਕਾਰ ਤੇ ਹੋਰ ਯੌਨ ਹਿੰਸਾ ਦੇ ਮਾਮਲੇ ਵਿੱਚ ਇਨਸਾਫ ਦੀ ਗੱਲ ਆਉਦੀ ਹੈ ਤਾਂ ਲੁਕ ਜਾਂਦੇ ਹਨ। ਭਾਜਪਾ ਸ਼ਾਸਤ ਰਾਜਾਂ ਵਿੱਚ ਬਲਾਤਕਾਰ ਦੀਆਂ ਘਟਨਾਵਾਂ ਬਾਰੇ ਉਨ੍ਹਾ ਦੇ ਮੂੰਹੋਂ ਆਵਾਜ਼ ਕਿਉ ਨਹੀਂ ਨਿਕਲਦੀ? ਪ੍ਰਧਾਨ ਮੰਤਰੀ ਨੂੰ ਚੇਤੇ ਰੱਖਣਾ ਚਾਹੀਦਾ ਹੈ ਕਿ ਉਨ੍ਹਾ ਨੂੰ ਇਸ ਅਹੁਦੇ ਤੱਕ ਲਿਆਉਣ ਵਿੱਚ ਮਹਿਲਾਵਾਂ ਦਾ ਵੱਡਾ ਹੱਥ ਹੈ ਤੇ ਮਹਿਲਾਵਾਂ ਕਿਸੇ ਨੂੰ ਸੱਤਾ ਤੋਂ ਲਾਹੁਣਾ ਵੀ ਜਾਣਦੀਆਂ ਹਨ।



