ਸ਼ਿਮਲਾ : ਪੁਲਸ ਨੇ ਕਾਂਗੜਾ ਜ਼ਿਲ੍ਹੇ ਵਿੱਚ ਦਿੱਲੀ ਦੀ ਮਹਿਲਾ ਸੈਲਾਨੀ ਨਾਲ ਕਥਿਤ ਬਲਾਤਕਾਰ ਕਰਨ ਵਾਲੇ ਹੋਟਲ ਦੇ ਮਾਲਕ ਸ਼ੁਭਮ ਨੂੰ ਗਿ੍ਰਫਤਾਰ ਕੀਤਾ ਹੈ। ਮਹਿਲਾ ਵੱਲੋਂ ਦਰਜ ਸ਼ਿਕਾਇਤ ਅਨੁਸਾਰ, ਉਹ ਆਪਣੇ ਤਿੰਨ ਦੋਸਤਾਂ ਅਤੇ ਆਪਣੇ ਇੰਪਲਾਇਰ, ਜੋ ਸ਼ੁਭਮ ਦਾ ਦੋਸਤ ਹੈ, ਨਾਲ ਧਰਮਸ਼ਾਲਾ ਨੇੜੇ ਹੋਟਲ ਵਿੱਚ ਠਹਿਰੀ ਹੋਈ ਸੀ। ਐਤਵਾਰ ਨੂੰ ਜਦੋਂ ਮਹਿਲਾ ਦੇ ਦੋਸਤ ਸੈਰ-ਸਪਾਟੇ ਲਈ ਗਏ ਹੋਏ ਸਨ ਤਾਂ ਸ਼ੁਭਮ ਨੇ ਉਸ ਦੇ ਕਮਰੇ ਵਿੱਚ ਦਾਖਲ ਹੋ ਕੇ ਉਸ ਨਾਲ ਬਲਾਤਕਾਰ ਕੀਤਾ। ਉਸ ਨੇ ਉਸ ਨੂੰ ਇਸ ਘਟਨਾ ਬਾਰੇ ਕਿਸੇ ਨੂੰ ਕੁਝ ਦੱਸਣ ’ਤੇ ਗੰਭੀਰ ਸਿੱਟੇ ਭੁਗਤਣ ਦੀ ਧਮਕੀ ਵੀ ਦਿੱਤੀ। ਪੁਲਸ ਨੇ ਕਿਹਾ ਕਿ ਮਹਿਲਾ ਨੂੰ ਡਾਕਟਰੀ ਜਾਂਚ ਲਈ ਭੇਜਿਆ ਗਿਆ ਹੈ ਅਤੇ ਹੋਰ ਜਾਂਚ ਜਾਰੀ ਹੈ।
ਰਾਸ਼ਟਰਪਤੀ ਦੇ 14 ਸਵਾਲਾਂ ’ਤੇ ਕੇਂਦਰ ਤੇ ਰਾਜਾਂ ਤੋਂ ਜਵਾਬ ਤਲਬ
ਨਵੀਂ ਦਿੱਲੀ : ਸੂਬਾਈ ਵਿਧਾਨ ਸਭਾਵਾਂ ਵੱਲੋਂ ਪਾਸ ਕੀਤੇ ਬਿੱਲਾਂ ਨੂੰ ਮਨਜ਼ੂਰੀ ਦੇਣ ਲਈ ਰਾਸ਼ਟਰਪਤੀ ਤੇ ਰਾਜਪਾਲਾਂ ਵਾਸਤੇ ਮਿਆਦ ਤੈਅ ਕਰਨ ਵਾਲੇ ਸੁਪਰੀਮ ਕੋਰਟ ਦੇ ਫੈਸਲੇ ਤੋਂ ਪੈਦਾ ਹੋਏ ਮੁੱਦਿਆਂ ’ਤੇ ਰਾਸ਼ਟਰਪਤੀ ਦੇ ਹਵਾਲੇ (ਰਾਸ਼ਟਰਪਤੀ ਵੱਲੋਂ ਸੁਪਰੀਮ ਕੋਰਟ ਤੋਂ ਸਲਾਹ ਮੰਗੇ ਜਾਣ) ਦੇ ਮਾਮਲੇ ਉਤੇ ਸਿਖਰਲੀ ਅਦਾਲਤ ਨੇ ਮੰਗਲਵਾਰ ਕੇਂਦਰ ਅਤੇ ਸਾਰੀਆਂ ਰਾਜ ਸਰਕਾਰਾਂ ਨੂੰ ਨੋਟਿਸ ਜਾਰੀ ਕਰਕੇ ਉਨ੍ਹਾਂ ਤੋਂ ਜਵਾਬ ਤਲਬ ਕੀਤੇ ਹਨ।
ਸੁਪਰੀਮ ਕੋਰਟ ਦੇ ਚੀਫ ਜਸਟਿਸ ਬੀ ਆਰ ਗਵਈ ਦੀ ਅਗਵਾਈ ਵਾਲੀ ਪੰਜ ਜੱਜਾਂ ਦੀ ਸੰਵਿਧਾਨਕ ਬੈਂਚ, ਜਿਸ ਵਿੱਚ ਜਸਟਿਸ ਸੂਰੀਆ ਕਾਂਤ, ਜਸਟਿਸ ਵਿਕਰਮ ਨਾਥ, ਜਸਟਿਸ ਪੀ ਐੱਸ ਨਰਸਿਮਹਾ ਅਤੇ ਜਸਟਿਸ ਏ ਐੱਸ ਚੰਦੂਰਕਰ ਵੀ ਸ਼ਾਮਲ ਸਨ, ਨੇ ਅਗਲੇ ਮਹੀਨੇ ਮਾਮਲੇ ਦੀ ਸੁਣਵਾਈ ਕਰਨ ਦੀ ਤਜਵੀਜ਼ ਰੱਖੀ ਹੈ। ਕੇਰਲਾ ਸਰਕਾਰ ਵੱਲੋਂ ਸੀਨੀਅਰ ਵਕੀਲ ਕੇ ਕੇ ਵੇਣੂਗੋਪਾਲ ਨੇ ਰਾਸ਼ਟਰਪਤੀ ਦੇ ਹਵਾਲੇ ਦੇ ਸੁਣਵਾਈਯੋਗ ਹੋਣ ਜਾਂ ਨਾ ਹੋਣ ਦਾ ਮੁੱਦਾ ਉਠਾਇਆ ਸੀ। ਰਾਸ਼ਟਰਪਤੀ ਦ੍ਰੋਪਦੀ ਮੁਰਮੂ ਨੇ ਸੰਵਿਧਾਨ ਦੀ ਧਾਰਾ 143 ਦੀ ਵਰਤੋਂ ਕਰਦਿਆਂ ਬੀਤੇ ਮਈ ਮਹੀਨੇ ਵਿੱਚ ਸੁਪਰੀਮ ਕੋਰਟ ਤੋਂ ਉਸ ਦੇ 8 ਅਪਰੈਲ ਦੇ ਫੈਸਲੇ ਤੋਂ ਪੈਦਾ ਹੋਏ 14 ਸਵਾਲਾਂ ’ਤੇ ਰਾਏ ਮੰਗੀ ਸੀ, ਜਿਸ ਵਿੱਚ ਰਾਜਪਾਲਾਂ ਤੇ ਰਾਸ਼ਟਰਪਤੀ ਲਈ ਰਾਜ ਵਿਧਾਨ ਸਭਾਵਾਂ ਵੱਲੋਂ ਪਾਸ ਕੀਤੇ ਬਿੱਲਾਂ ’ਤੇ ਫੈਸਲਾ ਲੈਣ ਲਈ ਸਮੇਂ ਦੀ ਮਿਆਦ ਮਿੱਥੀ ਗਈ ਸੀ।




