ਜਲੰਧਰ (ਗਿਆਨ ਸੈਦਪੁਰੀ, ਰਾਜੇਸ਼ ਥਾਪਾ)
ਇਥੇ ਸਥਾਨਕ ਦੇਸ਼ ਭਗਤ ਯਾਦਗਾਰ ਹਾਲ ਵਿਖੇ ਪੇਂਡੂ ਤੇ ਖੇਤ ਮਜ਼ਦੂਰ ਜਥੇਬੰਦੀਆਂ ਦੇ ਸਾਂਝੇ ਮੋਰਚੇ ਵੱਲੋਂ ਮਜ਼ਦੂਰ ਕਨਵੈਨਸ਼ਨ ਕਰਕੇ ਐਲਾਨ ਕੀਤਾ ਗਿਆ ਕਿ 4 ਅਗਸਤ ਨੂੰ ਪੰਜਾਬ ਦੇ ਮੰਤਰੀਆਂ ਅਮਨ ਅਰੋੜਾ, (ਸੁਨਾਮ, ਜ਼ਿਲ੍ਹਾ ਸੰਗਰੂਰ), ਬੀਬੀ ਬਲਜੀਤ ਕੌਰ, (ਮਲੋਟ, ਜ਼ਿਲ੍ਹਾ ਸ੍ਰੀ ਮੁਕਤਸਰ), ਹਰਭਜਨ ਸਿੰਘ ਈ ਟੀ ਓ (ਜੰਡਿਆਲਾ ਗੁਰੂ), ਮਹਿੰਦਰ ਭਗਤ (ਜਲੰਧਰ) ਤੇ ਸਪੀਕਰ ਕੁਲਤਾਰ ਸਿੰਘ ਸੰਧਵਾਂ (ਫਰੀਦਕੋਟ) ਦੇ ਘਰਾਂ ਅੱਗੇ ਇੱਕ ਦਿਨਾ ਧਰਨੇ ਲਾਏ ਜਾਣਗੇ। ਮੰਗਲਵਾਰ ਮਜ਼ਦੂਰਾਂ ਨੂੰ ਸੰਬੋਧਨ ਕਰਦਿਆਂ ਦਿਹਾਤੀ ਮਜ਼ਦੂਰ ਸਭਾ ਦੇ ਗੁਰਨਾਮ ਸਿੰਘ ਦਾਊਦ, ਪੰਜਾਬ ਖੇਤ ਮਜ਼ਦੂਰ ਯੂਨੀਅਨ ਦੇ ਹਰਮੇਸ਼ ਮਾਲੜੀ, ਕੁਲ ਹਿੰਦ ਖੇਤ ਮਜਦੂਰ ਯੂਨੀਅਨ ਦੇ ਗੁਰਮੇਸ਼ ਸਿੰਘ, ਪੇਂਡੂ ਮਜ਼ਦੂਰ ਯੂਨੀਅਨ ਪੰਜਾਬ ਦੇ ਤਰਸੇਮ ਪੀਟਰ, ਮਜ਼ਦੂਰ ਮੁਕਤੀ ਮੋਰਚਾ ਪੰਜਾਬ ਦੇ ਨਿਰਮਲ ਸਿੰਘ ਛੱਜਲਵੱਢੀ ਅਤੇ ਪੰਜਾਬ ਖੇਤ ਮਜ਼ਦੂਰ ਸਭਾ ਦੇ ਵੀਰ ਕੁਮਾਰ ਨੇ ਕਿਹਾ ਕਿ ਪੰਜਾਬ ਦੀ ਮਾਨ ਸਰਕਾਰ ਨੇ ਵੋਟਾਂ ਤੋਂ ਪਹਿਲਾਂ ਗਰੀਬਾਂ ਨੂੰ ਤਰ੍ਹਾਂ-ਤਰ੍ਹਾਂ ਦੇ ਸਬਜ਼ਬਾਗ ਦਿਖਾਏ, ਪਰ ਰਾਜਗੱਦੀ ’ਤੇ ਬਹਿੰਦਿਆਂ ਹੀ ਸਰਕਾਰ ਨੇ ਮਜ਼ਦੂਰਾਂ ਵੱਲ ਪਿੱਠ ਕਰ ਲਈ ਹੈ। ਮਜ਼ਦੂਰ ਆਗੂਆਂ ਨੇ ਕਿਹਾ ਕਿ ਮਜ਼ਦੂਰਾਂ ਦੀਆਂ ਮੰਗਾਂ ਬਿਲਕੁਲ ਹੱਕੀ ਅਤੇ ਵਾਜਬ ਹਨ, ਜਿਵੇਂ ਮਜ਼ਦੂਰਾਂ ਦੇ ਪੱਕੇ ਰੁਜ਼ਗਾਰ ਦਾ ਪ੍ਰਬੰਧ ਕਰਨ, ਕਰਜ਼ੇ ਮੁਆਫ਼ ਕਰਨ, ਵਿਧਵਾ, ਬੁਢਾਪਾ, ਅੰਗਹੀਣ ਪੈਨਸ਼ਨ 5000 ਰੁਪਏ ਪ੍ਰਤੀ ਮਹੀਨਾ ਕਰਨ, ਰਿਹਾਇਸ਼ੀ ਪਲਾਟ ਦੇਣ, ਸਮਾਜਿਕ ਅਤੇ ਸਰਕਾਰੀ ਜਬਰ ਬੰਦ ਕਰਨ ਸਮੇਤ ਜ਼ਮੀਨੀ ਸੁਧਾਰ ਕਾਨੂੰਨ ਲਾਗੂ ਕਰਨ, ਪੰਚਾਇਤੀ ਜ਼ਮੀਨਾਂ ’ਚੋਂ ਤੀਜੇ ਹਿੱਸੇ ਦੀ ਜ਼ਮੀਨ ਮਜ਼ਦੂਰਾਂ ਨੂੰ ਦੇਣ ਦੀਆਂ ਮੰਗਾਂ ’ਤੇ ਜਥੇਬੰਦੀਆਂ ਸੰਘਰਸ਼ ਕਰ ਰਹੀਆਂ ਹਨ, ਪਰ ਸਰਕਾਰ ਦਾ ਰਵੱਈਆ ਮਜ਼ਦੂਰਾਂ ਦੀ ਬਜਾਏ ਅਮੀਰਾਂ/ ਸਰਮਾਏਦਾਰਾਂ ਅਤੇ ਜਗੀਰਦਾਰਾਂ ਦੇ ਪੱਖੀ ਹੈ ਅਤੇ ਸਰਕਾਰ ਇਹਨਾਂ ਅਮੀਰਾਂ ਪੱਖੀ ਨੀਤੀਆਂ ਬਣਾ ਰਹੀ ਹੈ। ਉਨ੍ਹਾਂ ਕਿਹਾ ਕਿ ਨਸ਼ੇ, ਲੁੱਟਾਂ-ਖੋਹਾਂ ਨਿਰਵਿਘਨ ਜਾਰੀ ਹਨ ਅਤੇ ਸਰਕਾਰੀ ਦਫ਼ਤਰਾਂ ਅੰਦਰ ਸਰਕਾਰੀ ਭਿ੍ਰਸ਼ਟਾਚਾਰ ਪਹਿਲਾਂ ਵਾਂਗ ਹੀ ਚੱਲ ਰਿਹਾ ਹੈ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਸੰਘਰਸ਼ ਕਰਦੇ ਮਜ਼ਦੂਰਾਂ, ਕਿਸਾਨਾਂ ਅਤੇ ਮੁਲਾਜ਼ਮਾਂ ’ਤੇ ਪੁਲਸ ਜਬਰ ਪਹਿਲਾਂ ਨਾਲੋਂ ਵੀ ਤੇਜ਼ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਜਿਥੇ ਮਜ਼ਦੂਰ ਆਪਣੀਆਂ ਹੱਕੀ ਮੰਗਾਂ ਲਈ ਸੰਘਰਸ਼ ਕਰਨਗੇ, ਉਥੇ ਇਸ ਜਬਰ ਵਿਰੁੱਧ ਵੀ ਲੜਨਗੇ। ਹੋਰਨਾਂ ਤੋਂ ਇਲਾਵਾ ਦਰਸ਼ਨ ਨਾਹਰ, ਬਲਦੇਵ ਨੂਰਪੁਰੀ, ਹਰਪਾਲ ਬਿੱਟੂ, ਕਸ਼ਮੀਰ ਘੁਗਸ਼ੋਰ, ਗਿਆਨ ਸੈਦਪੁਰੀ, ਦਲਵੀਰ ਸਿੰਘ ਭੋਲਾ ਅਤੇ ਮੂਲ ਚੰਦ ਸਰਹਾਲੀ ਨੇ ਵੀ ਸੰਬੋਧਨ ਕੀਤਾ।
ਕਨਵੈਨਸ਼ਨ ਨੇ 25 ਜੁਲਾਈ ਨੂੰ ਮਜ਼ਦੂਰ ਤੇ ਕਿਸਾਨ ਜਥੇਬੰਦੀਆਂ ਵੱਲੋਂ ਸੰਗਰੂਰ ਵਿਖੇ ਕੀਤੀ ਜਾ ਰਹੀ ਸਰਕਾਰੀ ਜਬਰ ਵਿਰੋਧੀ ਰੈਲੀ ਦੇ ਸਮਰਥਨ ਦਾ ਵੀ ਐਲਾਨ ਕੀਤਾ।





