ਪਟਿਆਲਾ : ਪੀ ਆਰ ਟੀ ਸੀ ਵਰਕਰਜ਼ ਐਕਸ਼ਨ ਕਮੇਟੀ ਵਿੱਚ ਸ਼ਾਮਲ ਜਥੇਬੰਦੀਆਂ ਏਟਕ, ਇੰਟਕ, ਕਰਮਚਾਰੀ ਦਲ, ਐੱਸ ਸੀ/ਬੀ ਸੀ, ਰਿਟਾਇਰਡ ਵਰਕਰਜ਼ ਭਾਈਚਾਰਾ ਯੂਨੀਅਨ ਏਟਕ ਦੇ ਸੱਦੇ ’ਤੇ ਮੰਗਲਵਾਰ ਪੀ ਆਰ ਟੀ ਸੀ ਦੇ ਡਿਪੂਆਂ ਦੇ ਗੇਟਾਂ ਉਪਰ ਪੰਜਾਬ ਸਰਕਾਰ ਦੇ ਮੁੱਖ ਮੰਤਰੀ, ਖਜ਼ਾਨਾ ਮੰਤਰੀ ਅਤੇ ਵਿੱਤ ਸਕੱਤਰ ਦੇ ਪੁਤਲੇ ਸਾੜ ਕੇ ਵਰਕਰਾਂ ਨੂੰ 22 ਜੁਲਾਈ ਤੱਕ ਵੀ ਤਨਖਾਹ ਨਾ ਮਿਲਣ ’ਤੇ ਰੋਸ ਵਜੋਂ ਜ਼ੋਰਦਾਰ ਮੁਜ਼ਾਹਰੇ ਕੀਤੇ ਗਏ।ਕਰਮਚਾਰੀਆਂ ਦੀਆਂ ਹਰ ਮਹੀਨੇ ਦੀਆਂ ਲੋੜਾਂ ਪੂਰੀਆਂ ਕਰਨ ਲਈ ਜਦੋਂ ਤਨਖਾਹ ਸਮੇਂ ਸਿਰ ਨਾ ਮਿਲੀ ਤਾਂ ਤੰਗੀ ਕਾਰਨ ਹਾਹਾਕਾਰ ਮਚੀ ਹੋਈ ਸੀ।ਕਰਮਚਾਰੀਆਂ ਵਿੱਚ ਪੰਜਾਬ ਸਰਕਾਰ ਵਿਰੁੱਧ ਬੇਹੱਦ ਗੁੱਸਾ ਹੈ, ਕਿਉਕਿ ਸਰਕਾਰ ਮੁਫ਼ਤ ਸਫਰ ਬਦਲੇ ਬਣਦੇ 700 ਕਰੋੜ ਵਿੱਚੋਂ ਤਨਖਾਹ ਦੇਣ ਜਿੰਨੇ ਪੈਸੇ ਵੀ ਸਮੇਂ ਸਿਰ ਨਹੀਂ ਦਿੰਦੀ। ਅਜਿਹੇ ਹਾਲਾਤ ਵਿੱਚ ਪੀ.ਆਰ.ਟੀ.ਸੀ. ਦੇ ਪੈਨਸ਼ਨਰ, ਰੈਗੂਲਰ ਕਰਮਚਾਰੀ, ਠੇਕਾ ਕਰਮਚਾਰੀ ਸਭਨਾਂ ਵਿੱਚ ਅਨਿਸ਼ਚਤਾ ਅਤੇ ਨਿਰਾਸ਼ਾ ਦਾ ਮਾਹੌਲ ਬਣਿਆ ਹੋਇਆ ਹੈ।ਫਿਰ ਵੀ ਕਰਮਚਾਰੀ ਪੂਰੀ ਵਫਾਦਾਰੀ ਨਾਲ ਮਹਿਕਮੇ ਦੀ ਅਤੇ ਜਨਤਾ ਦੀ ਸੇਵਾ ਬਿਨਾਂ ਮਿਹਨਤਾਨਾ ਮਿਲਣ ਤੋਂ ਕਰਦੇ ਆ ਰਹੇ ਹਨ।
ਦੂਸਰੇ ਪਾਸੇ ਪੰਜਾਬ ਸਰਕਾਰ ਵੱਲੋਂ ਪੀ.ਆਰ.ਟੀ.ਸੀ. ਵਿੱਚ ਨਿਯੁਕਤ ਕੀਤੇ ਗਏ ਸਿਆਸੀ ਕਾਰਕੁੰਨ ਚੇਅਰਮੈਨ, ਵਾਈਸ ਚੇਅਰਮੈਨ ਅਤੇ 4-5 ਡਾਇਰੈਕਟਰਾਂ ਨੂੰ ਭੋਰਾ ਵੀ ਚਿੰਤਾ ਨਹੀਂ ਕਿ ਵਰਕਰਾਂ ਦੇ ਬਿਨਾਂ ਉਜਰਤਾਂ ਮਿਲਣ ਤੋਂ ਚੁੱਲੇ੍ਹ ਕਿਵੇਂ ਚਲਦੇ ਹੋਣਗੇ। ਮੈਨੇਜਮੈਂਟ ਭਾਵੇਂ ਆਪਣੇ ਪੱਧਰ ’ਤੇ ਸਰਕਾਰ ਕੋਲ ਵਰਕਰਾਂ ਦੀ ਤਕਲੀਫ ਦੱਸ ਕੇ ਵਾਸਤੇ ਪਾਉਦੀ ਹੈ, ਪਰ ਇਸ ਮੁਲਾਜ਼ਮ ਵਿਰੋਧੀ ਨਾ ਤਜਰਬਾਕਾਰ ਸਰਕਾਰ ਦੇ ਕੰਨ ’ਤੇ ਜੂੰਅ ਨਹੀਂ ਸਰਕਦੀ।ਵਰਕਰਾਂ ਦੇ 170 ਕਰੋੜ ਰੁਪਏ ਦੇ ਕੁੱਲ ਬਕਾਏ ਪਏ ਹਨ।ਸੇਵਾ-ਮੁਕਤੀ ਲਾਭ ਅਤੇ ਹੋਰ ਏਰੀਅਰ ਸਾਲਾਂਬੱਧੀ ਸਮੇਂ ਤੋਂ ਨਹੀਂ ਦਿੱਤੇ ਜਾ ਰਹੇ। ਸਰਕਾਰ ਨੇ 4 ਸਾਲਾਂ ਵਿੱਚ ਇੱਕ ਵੀ ਨਵੀਂ ਬੱਸ ਨਹੀਂ ਪੈਣ ਦਿੱਤੀ। ਕੱਚੇ ਵਰਕਰਾਂ ਨੂੰ ਪੱਕੇ ਕਰਨ ਦੇ ਦਰਜਨਾਂ ਵਾਰੀ ਲਾਰੇ ਲਾ ਕੇ ਵੀ ਕੁੱਝ ਨਹੀਂ ਕੀਤਾ। ਉਹਨਾਂ ਦੇ ਗੁਜ਼ਾਰਿਆਂ ਦੀ ਮਜਬੂਰੀ ਦਾ ਫਾਇਦਾ ਉਠਾ ਕੇ ਉਨ੍ਹਾਂ ਦਾ ਆਰਥਿਕ ਸ਼ੋਸ਼ਣ ਕੀਤਾ ਜਾ ਰਿਹਾ ਹੈ। ਵਰਕਰਾਂ ਦੀਆਂ ਕਾਨੂੰਨੀ ਤੌਰ ’ਤੇ ਮੰਨੀਆਂ-ਪ੍ਰਮੰਨੀਆਂ ਮੰਗਾਂ ਵੀ ਲਾਗੂ ਨਹੀਂ ਕੀਤੀਆਂ ਜਾਂਦੀਆਂ।
ਰੋਸ ਵਜੋਂ ਪੁਰਾਣੇ ਬੱਸ ਸਟੈਂਡ ਪਟਿਆਲਾ ਦੇ ਗੇਟ ਉਪਰ ਸੈਂਕੜੇ ਮੌਜੂਦਾ ਅਤੇ ਸੇਵਾ-ਮੁਕਤ ਕਰਮਚਾਰੀਆਂ ਵੱਲੋਂ ਰੋਸ ਭਰਪੂਰ ਰੈਲੀ ਕਰਨ ਉਪਰੰਤ ਲਾਈਟਾਂ ਵਾਲੇ ਚੌਂਕ ਵਿੱਚ ਸਰਕਾਰ ਦੇ ਪੁਤਲੇ ਫੂਕੇ ਗਏ।ਐਕਸ਼ਨ ਕਮੇਟੀ ਦੇ ਕਨਵੀਨਰ ਨਿਰਮਲ ਸਿੰਘ ਧਾਲੀਵਾਲ ਨੇ ਮੁਜ਼ਾਹਰਾਕਾਰੀਆਂ ਨੂੰ ਸੰਬੋਧਨ ਕੀਤਾ ਅਤੇ ਇਸ ਮੌਕੇ ਸਰਵਸ੍ਰੀ ਬਲਦੇਵ ਰਾਜ, ਨਸੀਬ ਚੰਦ, ਅਮਨਦੀਪ ਸਿੰਘ, ਉਤਮ ਸਿੰਘ ਬਾਗੜੀ ਆਦਿ ਨੇ ਵੀ ਆਪਣੇ ਵਿਚਾਰ ਰੱਖੇ ਅਤੇ ਸਰਕਾਰ ਦੀ ਜ਼ੋਰਦਾਰ ਸ਼ਬਦਾਂ ਵਿੱਚ ਨਿਖੇਧੀ ਕੀਤੀ।ਅੱਜ ਦੇ ਐਕਸ਼ਨ ਪ੍ਰੋਗਰਾਮ ਵਿੱਚ ਸਮਰਥਨ ਵਜੋਂ ਸੀਟੂ ਨਾਲ ਸੰਬੰਧਤ ਕਰਮਚਾਰੀ ਵੀ ਤਰਸੇਮ ਸਿੰਘ ਦੀ ਅਗਵਾਈ ਵਿੱਚ ਸ਼ਾਮਲ ਹੋਏ ਸਨ।





