ਨਵੀਂ ਦਿੱਲੀ : ਭਾਰਤੀ ਹਵਾਈ ਸੈਨਾ 19 ਸਤੰਬਰ ਨੂੰ ਆਪਣੇ ਆਖਰੀ ਮਿਗ-21 ਜੰਗੀ ਜਹਾਜ਼ ਸਕੁਐਡਰਨ ਨੂੰ ਰਸਮੀ ਤੌਰ ’ਤੇ ਸੇਵਾ-ਮੁਕਤ ਕਰ ਦੇਵੇਗੀ, ਜਿਸ ਨਾਲ ਛੇ ਦਹਾਕਿਆਂ ਦੀ ਵਿਰਾਸਤ ਖਤਮ ਹੋ ਜਾਵੇਗੀ। ਇਸ ਦੇ ਨਾਲ ਹੀ ਇਸ ਕਾਰਵਾਈ ਨਾਲ ਹਵਾਈ ਸੈਨਾ ਦੀ ਮਾਰੂ ਸਮਰੱਥਾ ਪਿਛਲੇ ਕੁਝ ਦਹਾਕਿਆਂ ਵਿੱਚ ਆਪਣੇ ਸਭ ਤੋਂ ਹੇਠਲੇ ਪੱਧਰ ਉਤੇ ਆ ਜਾਵੇਗੀ।
ਭਾਰਤੀ ਹਵਾਈ ਸੈਨਾ ਨੇ ਇਸ ਸੰਬੰਧੀ ਅਖਬਾਰਾਂ ਵਿੱਚ ਇਸ਼ਤਿਹਾਰ ਜਾਰੀ ਕੀਤੇ ਹਨ, ਜਿਨ੍ਹਾਂ ਵਿੱਚ ਕਿਹਾ ਗਿਆ ਹੈ ਕਿ ਮਿਗ-21 ਦਾ ਪੜਾਅਵਾਰ ਸੇਵਾ-ਮੁਕਤੀ ਸਮਾਰੋਹ 19 ਸਤੰਬਰ ਨੂੰ ਚੰਡੀਗੜ੍ਹ ਹਵਾਈ ਅੱਡੇ ’ਤੇ ਕੀਤਾ ਜਾਵੇਗਾ ਅਤੇ ਇਸ ਵਿੱਚ ਸਾਬਕਾ ਸੈਨਿਕਾਂ ਨੂੰ ਸ਼ਾਮਲ ਹੋਣ ਲਈ ਸੱਦਾ ਦਿੱਤਾ ਗਿਆ ਹੈ।
ਇਸ ਵੇਲੇ ਭਾਰਤੀ ਹਵਾਈ ਸੈਨਾ ਕੋਲ ਦੋ ਮਿਗ-21 ਸਕੁਐਡਰਨ ਹਨ। ਸੂਤਰਾਂ ਨੇ ਕਿਹਾ ਕਿ ਉਨ੍ਹਾਂ ਦੇ ਪੜਾਅਵਾਰ ਬੰਦ ਹੋਣ ਨਾਲ ਸੈਨਾ ਦੇ ਜੰਗੀ ਜਹਾਜ਼ ਸਕੁਐਡਰਨਾਂ ਦੀ ਗਿਣਤੀ 29 ਹੋ ਜਾਵੇਗੀ, ਜੋ ਕਿ ਪਿਛਲੇ ਦਹਾਕਿਆਂ ਵਿੱਚ ਸਭ ਤੋਂ ਘੱਟ ਹੈ।
ਸੁਰੱਖਿਆ ਬਾਰੇ ਕੈਬਨਿਟ ਕਮੇਟੀ ਦੇ ਫੈਸਲੇ ਅਨੁਸਾਰ ਹਵਾਈ ਸੈਨਾ ਨੂੰ ਪਾਕਿਸਤਾਨ ਅਤੇ ਚੀਨ ਨਾਲ ਦੋ ਮੋਰਚਿਆਂ ਦੀ ਮਿਲੀਭੁਗਤ ਵਾਲੀ ਜੰਗ ਲਈ 42 ਸਕੁਐਡਰਨ ਜੈੱਟਾਂ ਦੀ ਲੋੜ ਹੈ। ਹਰੇਕ ਸਕੁਐਡਰਨ ਕੋਲ 16-18 ਜੈੱਟ ਹਨ। ਮਿਗ ਦੀ ਥਾਂ ਲੈਣ ਵਾਲੇ ਤੇਜਸ ਮਾਰਕ-1-ਏ ਜੰਗੀ ਜੈੱਟ ਦੀ ਸ਼ਮੂਲੀਅਤ ਵਿੱਚ ਦੇਰੀ ਹੋ ਗਈ ਹੈ, ਜਿਨ੍ਹਾਂ ਦਾ ਮਕਸਦ ਜਹਾਜ਼ਾਂ ਦੀ ਗਿਣਤੀ ਵਧਾਉਣਾ ਸੀ। ਇਨ੍ਹਾਂ ਦੀ ਡਿਲੀਵਰੀ ਮਾਰਚ 2024 ਵਿੱਚ ਸ਼ੁਰੂ ਹੋਣੀ ਸੀ ਤੇ ਹਰ ਸਾਲ ਘੱਟੋ-ਘੱਟ 16 ਜਹਾਜ਼ ਹਵਾਈ ਸੈਨਾ ਨੂੰ ਦਿੱਤੇ ਜਾਣੇ ਸਨ। ਹੈਰਾਨੀ ਦੀ ਗੱਲ ਹੈ ਕਿ ਇਨ੍ਹਾਂ ਨੂੰ ਬਣਾਉਣ ਵਾਲੇ ਅਦਾਰੇ ਹਿੰਦੁਸਤਾਨ ਏਅਰੋਨੌਟਿਕਸ ਲਿਮਟਿਡ ਨੇ ਇੱਕ ਵੀ ਤੇਜਸ ਮਾਰਕ-1-ਏ ਡਿਲੀਵਰ ਨਹੀਂ ਕੀਤਾ।
ਮਿਗ-21 ਫੇਜ਼ ਆਊਟ ਸਮਾਰੋਹ ਚੰਡੀਗੜ੍ਹ ਵਿੱਚ ਉਸੇ ਹਵਾਈ ਅੱਡੇ ਉਤੇ ਕੀਤਾ ਜਾਵੇਗਾ, ਜਿੱਥੇ ਅਪਰੈਲ 1963 ਵਿੱਚ ਪਹਿਲੇ ਛੇ ਮਿਗ-21 ਪਹੁੰਚੇ ਸਨ। ਕੁੱਲ ਮਿਲਾ ਕੇ ਭਾਰਤ ਨੇ 1963 ਤੋਂ ਹੁਣ ਤੱਕ 874 ਮਿਗ-21 ਜਹਾਜ਼ ਖਰੀਦੇ ਹਨ, ਜਿਨ੍ਹਾਂ ਵਿੱਚੋਂ 657 ਦਾ ਐੱਚ ਏ ਐੱਲ ਨੇ ਲਾਇਸੈਂਸ ਆਧਾਰਤ ਨਿਰਮਾਣ ਕੀਤਾ। ਬੀਤੇ 62 ਸਾਲਾਂ ਵਿੱਚ, ਮਿਗ-21 ਜਹਾਜ਼ ਵੱਖ-ਵੱਖ ਕਾਰਜਾਂ ਦਾ ਹਿੱਸਾ ਰਹੇ ਹਨ, ਜਿਵੇਂ 1971 ਦੀ ਬੰਗਲਾਦੇਸ਼ ਜੰਗ, 1999 ਦੀ ਕਾਰਗਿਲ ਲੜਾਈ ਆਦਿ। 490 ਮਿਗ-21 ਜਹਾਜ਼ ਹਾਦਸਿਆਂ ਦਾ ਸ਼ਿਕਾਰ ਹੋਏ ਹਨ, ਜਿਨ੍ਹਾਂ ਵਿੱਚ 170 ਤੋਂ ਵੱਧ ਪਾਇਲਟਾਂ ਦੀ ਜਾਨ ਜਾਂਦੀ ਰਹੀ ਹੈ।



