ਨਵੀਂ ਦਿੱਲੀ : ਭਾਰਤੀ ਫੌਜ ਲਈ ਤਿੰਨ ਅਪਾਚੇ ਏ ਐੱਚ-64 ਈ ਅਟੈਕ ਹੈਲੀਕਾਪਟਰਾਂ ਦਾ ਪਹਿਲਾ ਬੈਚ ਮੰਗਲਵਾਰ ਨੂੰ ਭਾਰਤ ਪਹੁੰਚ ਗਿਆ। ਅਮਰੀਕੀ ਕੰਪਨੀ ਬੋਇੰਗ ਵੱਲੋਂ ਬਣਾਏ ਗਏ ਹੈਲੀਕਾਪਟਰਾਂ ਨੂੰ ਅਮਰੀਕਾ ਤੋਂ ਸੋਵੀਅਤ ਮੂਲ ਦੇ ਡਿਜ਼ਾਈਨ ਵਾਲੇ ਏ ਐਨ-124 ਕਾਰਗੋ ਜਹਾਜ਼ ’ਤੇ ਲਿਆਂਦਾ ਗਿਆ। ਅਪਾਚੇ ਹੈਲੀਕਾਪਟਰਾਂ ਨੂੰ ਲੈ ਕੇ ਇਹ ਜਹਾਜ਼ ਹਿੰਡਨ ਏਅਰਬੇਸ ’ਤੇ ਉਤਰਿਆ। ਭਾਰਤੀ ਫੌਜ ਨੇ ਛੇ ਅਪਾਚੇ ਅਟੈਕ ਹੈਲੀਕਾਪਟਰਾਂ ਦੀ ਖਰੀਦ ਲਈ 2020 ਵਿੱਚ ਅਮਰੀਕਾ ਨਾਲ 5,691 ਕਰੋੜ ਰੁਪਏ ਦੇ ਸੌਦੇ ’ਤੇ ਦਸਤਖਤ ਕੀਤੇ ਸਨ। ਸ਼ੁਰੂ ਵਿਚ ਇਨ੍ਹਾਂ ਦੀ ਡਲਿਵਰੀ 2024 ਦੇ ਅੱਧ ਵਿੱਚ ਹੋਣ ਦੀ ਉਮੀਦ ਸੀ, ਪਰ ਅਜਿਹਾ ਨਹੀਂ ਹੋਇਆ ਤਾਂ ਦੇਰੀ ਕਾਰਨ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਆਪਣੇ ਅਮਰੀਕੀ ਹਮਰੁਤਬਾ ਪੀਟ ਹੇਗਸੇਥ ਨਾਲ ਟੈਲੀਫੋਨ ਕਾਲ ’ਤੇ ਇਹ ਮੁੱਦਾ ਉਠਾਇਆ। ਬਾਕੀ ਤਿੰਨ ਹੈਲੀਕਾਪਟਰ ਵੀ ਸਾਲ ਦੇ ਅਖੀਰ ਤੱਕ ਭਾਰਤੀ ਫੌਜ ਨੂੰ ਮਿਲ ਜਾਣ ਦੀ ਉਮੀਦ ਹੈ।



