ਲੁਧਿਆਣਾ (ਐੱਮ ਐੱਸ ਭਾਟੀਆ)
ਭਾਰਤੀ ਕਮਿਊਨਿਸਟ ਪਾਰਟੀ ਜ਼ਿਲ੍ਹਾ ਲੁਧਿਆਣਾ ਦੀ ਐਗਜ਼ੈਕਟਿਵ ਕਮੇਟੀ ਦੀ ਮੀਟਿੰਗ ਸ਼ਹੀਦ ਕਰਨੈਲ ਸਿੰਘ ਈਸੜੂ ਭਵਨ ਵਿੱਚ ਹੋਈ, ਜਿਸ ਵਿੱਚ 21 ਤੋਂ 25 ਸਤੰਬਰ ਤੱਕ ਚੰਡੀਗੜ੍ਹ ਵਿਖੇ ਹੋ ਰਹੀ ਪਾਰਟੀ ਕਾਂਗਰਸ ਲਈ ਲੁਧਿਆਣਾ ਜ਼ਿਲ੍ਹੇ ਦੀਆਂ ਤਿਆਰੀਆਂ ਦਾ ਜਾਇਜ਼ਾ ਲਿਆ ਗਿਆ। ਇਸ ਮੀਟਿੰਗ ਵਿੱਚ ਪਾਰਟੀ ਦੇ ਸੂਬਾ ਸਕੱਤਰ ਬੰਤ ਬਰਾੜ ਉਚੇਚੇ ਤੌਰ ’ਤੇ ਸ਼ਾਮਿਲ ਹੋਏ। ਸਾਥੀ ਬਰਾੜ ਨੇ ਲੁਧਿਆਣਾ ਵੱਲੋਂ ਆਪਣੇ ਕੋਟੇ ਦੇ ਪੂਰੇ ਪੈਸੇ ਦੇਣ ਲਈ ਲੁਧਿਆਣਾ ਦੀ ਲੀਡਰਸ਼ਿਪ ਦਾ ਧੰਨਵਾਦ ਕੀਤਾ। ਇਸ ਦੇ ਨਾਲ ਹੀ ਪਾਰਟੀ ਦੇ ਕੌਮੀ ਕੌਂਸਲ ਮੈਂਬਰ ਡਾਕਟਰ ਅਰੁਣ ਮਿੱਤਰਾ ਵੱਲੋਂ ਪਾਰਟੀ ਕਾਂਗਰਸ ਲਈ ਹੁਣ ਤੱਕ ਫੰਡ ਦੀ ਉਗਰਾਹੀ ਵਿੱਚ ਪਾਏ ਗਏ ਯੋਗਦਾਨ ਲਈ ਸਾਰਿਆਂ ਵੱਲੋਂ ਸ਼ਲਾਘਾ ਕੀਤੀ ਗਈ।
ਡਾਕਟਰ ਮਿੱਤਰਾ ਨੇ ਹੁਣ ਤੱਕ 5 ਲੱਖ ਰੁਪਏ ਇਕੱਤਰ ਕੀਤੇ ਹਨ, ਜਿਸ ਵਿੱਚ ਸਭ ਤੋਂ ਵੱਡਾ ਯੋਗਦਾਨ ਉਹਨਾ ਦੇ ਮਾਮਾ ਜੀ ਡਾਕਟਰ ਯੱਗ ਦੱਤ ਦਾ ਹੈ, ਜੋ ਰਸਾਇਣ ਵਿਭਾਗ ਦਿੱਲੀ ਯੂਨੀਵਰਸਿਟੀ ਦੇ ਮੁਖੀ ਰਹੇ ਹਨ। ਉਹ ਲਗਾਤਾਰ ਪਾਰਟੀ ਨਾਲ ਜੁੜੇ ਹੋਏ ਹਨ।





