ਐਡੀਲੇਡ : ਆਸਟਰੇਲੀਆ ਵਿੱਚ ਇੱਕ ਭਾਰਤੀ ਨੂੰ ਬੇਰਹਿਮੀ ਨਾਲ ਕੁੱਟਿਆ ਗਿਆ, ਨਸਲੀ ਟਿੱਪਣੀਆਂ ਕੀਤੀਆਂ ਗਈਆਂ ਅਤੇ ਅੱਧਮੋਇਆ ਕਰਕੇ ਤੜਫਦਾ ਛੱਡ ਦਿੱਤਾ ਗਿਆ। ਐਡੀਲੇਡ ’ਚ ਕਾਰ ਪਾਰਕਿੰਗ ਦੌਰਾਨ ਇਹ ਘਟਨਾ ਵਾਪਰੀ। ਚਰਨਪ੍ਰੀਤ ਸਿੰਘ ਲੰਘੇ ਸ਼ਨੀਵਾਰ ਸ਼ਾਮ ਨੂੰ ਆਪਣੀ ਪਤਨੀ ਨਾਲ ਸੈਰ ਕਰਨ ਲਈ ਬਾਹਰ ਗਿਆ ਸੀ। ਰਾਤ 9:22 ਵਜੇ ਦੇ ਕਰੀਬ ਉਹ ਐਡੀਲੇਡ ਦੇ ਕਿੰਟੋਰ ਐਵੇਨਿਊ ਦੇ ਨੇੜਿਓਂ ਲੰਘ ਰਿਹਾ ਸੀ ਕਿ ਕੁਝ ਲੋਕਾਂ ਨੇ ਉਸ ’ਤੇ ਭਾਰਤੀ ਹੋਣ ਦਾ ਦੋਸ਼ ਲਗਾ ਕੇ ਹਮਲਾ ਕਰ ਦਿੱਤਾ। ਚਰਨਪ੍ਰੀਤ ਸਿੰਘ ਨੇ ਪੁਲਸ ਨੂੰ ਦੱਸਿਆ ਕਿ ਦੋਸ਼ੀਆਂ ਨੇ ਉਸ ’ਤੇ ਨਸਲੀ ਟਿੱਪਣੀਆਂ ਕੀਤੀਆਂ। ਬਿਨਾਂ ਕਿਸੇ ਕਾਰਨ ਉਸ ਨੂੰ ਮਾਰਨਾ ਸ਼ੁਰੂ ਕਰ ਦਿੱਤਾ। ਚਰਨਪ੍ਰੀਤ ਦੇ ਅਨੁਸਾਰ ਉਹ ਸਿਰਫ ‘ਫੱਕ ਯੂ, ਇੰਡੀਅਨ’ ਕਹਿ ਰਹੇ ਸਨ। ਉਨ੍ਹਾਂ ਉਸ ਦੇ ਥੱਪੜ ਤੇ ਮੁੱਕੇ ਮਾਰਨੇ ਸ਼ੁਰੂ ਕਰ ਦਿੱਤੇ। ਉਸ ਨੇ ਮੁਕਾਬਲਾ ਕਰਨ ਦੀ ਕੋਸ਼ਿਸ਼ ਕੀਤੀ, ਪਰ ਉਹ ਉਸ ਨੂੰ ਉਦੋਂ ਤੱਕ ਮਾਰਦੇ ਰਹੇ, ਜਦੋਂ ਤੱਕ ਉਹ ਬੇਹੋਸ਼ ਨਹੀਂ ਹੋ ਗਿਆ। ਜ਼ੇਰੇ ਇਲਾਜ ਚਰਨਪ੍ਰੀਤ ਸਿੰਘ ਨੇ ਕਿਹਾ, ‘ਜਦੋਂ ਤੁਹਾਡੇ ਨਾਲ ਅਜਿਹੀਆਂ ਚੀਜ਼ਾਂ ਹੁੰਦੀਆਂ ਹਨ ਤਾਂ ਆਪਣੇ ਦੇਸ਼ ਵਾਪਸ ਜਾਣ ਦਾ ਮਨ ਕਰਦਾ ਹੈ। ਤੁਸੀਂ ਆਪਣੇ ਆਪ ਨੂੰ ਬਦਲ ਸਕਦੇ ਹੋ, ਪਰ ਤੁਸੀਂ ਆਪਣਾ ਰੰਗ ਨਹੀਂ ਬਦਲ ਸਕਦੇ।’
ਇਸ ਘਟਨਾ ਦੀ ਵੀਡੀਓ ਸੋਸ਼ਲ ਮੀਡੀਆ ’ਤੇ ਵੀ ਸਾਹਮਣੇ ਆਈ ਹੈ, ਜਿਸ ਵਿੱਚ ਪੰਜ ਦੋਸ਼ੀ ਚਰਨਪ੍ਰੀਤ ਨੂੰ ਬੇਰਹਿਮੀ ਨਾਲ ਕੁੱਟਦੇ ਦਿਖਾਈ ਦੇ ਰਹੇ ਹਨ। ਵੀਡੀਓ ਵਿੱਚ ਦੇਖਿਆ ਜਾ ਸਕਦਾ ਹੈ ਕਿ ਪੰਜ ਦੋਸ਼ੀ ਉਸ ਦੇ ਪੇਟ ਅਤੇ ਚਿਹਰੇ ’ਤੇ ਲੱਤਾਂ ਅਤੇ ਮੁੱਕੇ ਮਾਰ ਰਹੇ ਹਨ। ਇਸ ਦੇ ਨਾਲ ਹੀ ਚਰਨਪ੍ਰੀਤ ਦੀ ਪਤਨੀ ਇਸ ਪੂਰੀ ਘਟਨਾ ਨੂੰ ਕੈਮਰੇ ਵਿੱਚ ਰਿਕਾਰਡ ਕਰਦੀ ਅਤੇ ਡਰੀ ਹੋਈ ਦਿਖਾਈ ਦੇ ਰਹੀ ਹੈ ਅਤੇ ਲਗਾਤਾਰ ਉਨ੍ਹਾਂ ਨੂੰ ਰੋਕਣ ਦੀ ਕੋਸ਼ਿਸ਼ ਕਰ ਰਹੀ ਹੈ। ਪੁਲਸ ਨੇ ਕਿਹਾ ਕਿ ਇੱਕ 20 ਸਾਲਾ ਵਿਅਕਤੀ ਨੂੰ ਗਿ੍ਰਫਤਾਰ ਕਰ ਲਿਆ ਗਿਆ ਹੈ। ਪੁਲਸ ਨੇ ਕਿਹਾ, ‘ਜਦੋਂ ਅਸੀਂ ਪਹੁੰਚੇ ਤਾਂ ਪੀੜਤ ਜ਼ਮੀਨ ’ਤੇ ਬੇਹੋਸ਼ ਪਿਆ ਸੀ। ਉਸ ਦੇ ਚਿਹਰੇ ’ਤੇ ਬਹੁਤ ਸਾਰੀਆਂ ਸੱਟਾਂ ਸਨ। ਉਸ ਨੂੰ ਹਸਪਤਾਲ ਲਿਜਾਇਆ ਗਿਆ।’



