ਚੰਡੀਗੜ੍ਹ : ਭਾਜਪਾ ਦੇ ਰਾਜ ਸਭਾ ਮੈਂਬਰ ਸੁਭਾਸ਼ ਬਰਾਲਾ ਦੇ ਪੁੱਤਰ ਵਿਕਾਸ ਬਰਾਲਾ ਨੂੰ ਹਰਿਆਣਾ ਵਿੱਚ ਐਡਵੋਕੇਟ ਜਨਰਲ ਦੇ ਦਿੱਲੀ ਦਫਤਰ ਵਿੱਚ ਅਸਿਸਟੈਂਟ ਐਡਵੋਕੇਟ ਜਨਰਲ (ਏ ਏ ਜੀ) ਨਿਯੁਕਤ ਕੀਤਾ ਗਿਆ ਹੈ। ਵਿਕਾਸ ਬਰਾਲਾ ਅੱਠ ਸਾਲ ਪਹਿਲਾਂ ਇਕ ਆਈ ਏ ਐੱਸ ਅਧਿਕਾਰੀ ਦੀ ਧੀ ਤੇ ਰੇਡੀਓ ਜੌਕੀ ਵਰਨਿਕਾ ਕੁੰਡੂ ਦਾ ਕਥਿਤ ਪਿੱਛਾ ਕਰਨ ਤੇ ਉਸ ਨੂੰ ਅਗਵਾ ਕਰਨ ਦੀ ਕੋਸ਼ਿਸ਼ ਤਹਿਤ ਜਿਨਸੀ ਛੇੜਛਾੜ ਦੇ ਦੋਸ਼ਾਂ ਦਾ ਸਾਹਮਣਾ ਕਰ ਰਿਹਾ ਹੈ। ਵਿਕਾਸ ਬਰਾਲਾ ਇਸ ਵੇਲੇ ਜ਼ਮਾਨਤ ’ਤੇ ਹੈ ਅਤੇ ਜਿਨਸੀ ਸ਼ੋਸ਼ਣ ਮਾਮਲੇ ਦੀ ਸੁਣਵਾਈ ਅਜੇ ਵੀ ਚੰਡੀਗੜ੍ਹ ਦੀ ਇੱਕ ਅਦਾਲਤ ਵਿੱਚ ਚੱਲ ਰਹੀ ਹੈ। ਕੇਸ ਦੀ ਅਗਲੀ ਸੁਣਵਾਈ 2 ਅਗਸਤ ਨੂੰ ਹੋਣੀ ਹੈ।
ਵਿਕਾਸ, ਜੋ ਹੁਣ ਜ਼ਮਾਨਤ ’ਤੇ ਹੈ, ਨੂੰ ਪੁਲਸ ਹਿਰਾਸਤ ਵਿੱਚ ਅਪਰਾਧ ਵਿਗਿਆਨ ਦੇ ਪੇਪਰ ਵਿੱਚ ਬੈਠਣ ਦੀ ਇਜਾਜ਼ਤ ਦਿੱਤੀ ਗਈ ਸੀ। ਉਦੋਂ ਉਹ ਇਸ ਮਾਮਲੇ ਵਿੱਚ ਚੰਡੀਗੜ੍ਹ ਦੀ ਬੁੜੈਲ ਜੇਲ੍ਹ ਵਿੱਚ ਬੰਦ ਸੀ ਅਤੇ ਕੁਰੂਕਸ਼ੇਤਰ ਯੂਨੀਵਰਸਿਟੀ ਤੋਂ ਆਪਣੀ ਕਾਨੂੰਨ ਦੀ ਡਿਗਰੀ ਪ੍ਰਾਪਤ ਕਰ ਰਿਹਾ ਸੀ। ਸੂਤਰਾਂ ਦਾ ਕਹਿਣਾ ਹੈ ਕਿ ਏ ਜੀ ਦਫਤਰ ਵਿੱਚ ਨਿਯੁਕਤੀ ਲਈ ਵਿਕਾਸ ਦੇ ਨਾਂਅ ਦੀ ਸਿਫਾਰਸ਼ ਹਾਈ ਕੋਰਟ ਦੇ ਦੋ ਸੇਵਾਮੁਕਤ ਜੱਜਾਂ ਵਾਲੀ ਸਕਰੀਨਿੰਗ ਕਮੇਟੀ ਵੱਲੋਂ ਕੀਤੀ ਗਈ ਸੀ।
ਵਿਕਾਸ ਬਰਾਲਾ ਖਿਲਾਫ ਦਰਜ ਕੇਸ ਹਰਿਆਣਾ ਦੇ ਇੱਕ ਸੀਨੀਅਰ ਨੌਕਰਸ਼ਾਹ (ਹੁਣ ਸੇਵਾਮੁਕਤ) ਦੀ ਧੀ ਦਾ ਕਥਿਤ ਪਿੱਛਾ ਕਰਨ ਦੁਆਲੇ ਘੁੰਮਦਾ ਹੈ। ਵਿਕਾਸ ਅਤੇ ਉਸ ਦੇ ਦੋਸਤ ਆਸ਼ੀਸ਼ ਕੁਮਾਰ ’ਤੇ ਵਰਨਿਕਾ ਕੁੰਡੂ ਵੱਲੋਂ ਦਾਇਰ ਸ਼ਿਕਾਇਤ ’ਤੇ 5 ਅਗਸਤ 2017 ਨੂੰ ਕੇਸ ਦਰਜ ਕੀਤਾ ਗਿਆ ਸੀ। ਇਸ ਮਾਮਲੇ ਦੀ ਸੁਣਵਾਈ ਚੰਡੀਗੜ੍ਹ ਦੀ ਇੱਕ ਅਦਾਲਤ ਵਿੱਚ ਵਿਚਾਰ ਅਧੀਨ ਹੈ। ਵਿਕਾਸ ਬਰਾਲਾ ਦੀ ਸਹਾਇਕ ਐਡਵੋਕੇਟ ਜਨਰਲ ਵਜੋਂ ਨਿਯੁਕਤੀ ਸੰਬੰਧੀ ਹੁਕਮ 18 ਜੁਲਾਈ ਨੂੰ ਗ੍ਰਹਿ ਸਕੱਤਰ ਨੇ ਜਾਰੀ ਕੀਤਾ ਸੀ। ਉਸ ਨੂੰ ਪੰਜ ਹੋਰ ਕਾਨੂੰਨ ਅਧਿਕਾਰੀਆਂ ਦੇ ਨਾਲ ਹਰਿਆਣਾ ਸਰਕਾਰ ਨੇ ਦਿੱਲੀ ਵਿੱਚ ਰਾਜ ਦੇ ਕਾਨੂੰਨੀ ਸੈੱਲ ਲਈ ਨਿਯੁਕਤ ਕੀਤਾ ਸੀ।
ਏ ਜੀ ਦਫਤਰ ਵਿੱਚ ਹੋਈਆਂ ਹੋਰਨਾਂ ਹਾਈ-ਪ੍ਰੋਫਾਈਲ ਨਿਯੁਕਤੀਆਂ ਵਿੱਚ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੀ ਜਸਟਿਸ ਲੀਜ਼ਾ ਗਿੱਲ ਦੀ ਛੋਟੀ ਭੈਣ ਅਤੇ ਯੂ ਟੀ ਗ੍ਰਹਿ ਸਕੱਤਰ ਮਨਦੀਪ ਸਿੰਘ ਬਰਾੜ ਦੀ ਭੈਣ ਅਨੂ ਪਾਲ, ਸਾਬਕਾ ਹਾਈ ਕੋਰਟ ਜੱਜ ਲਲਿਤਾ ਬੱਤਰਾ ਦੀ ਧੀ ਸਵਾਤੀ ਬੱਤਰਾ, ਪੰਜਾਬ ਤੋਂ ਭਾਜਪਾ ਨੇਤਾ ਰੁਚੀ ਸੇਖੜੀ ਅਤੇ ਪੰਜਾਬ ਦੇ ਸਾਬਕਾ ਮੁੱਖ ਸਕੱਤਰ ਸਰਵੇਸ਼ ਕੌਸ਼ਲ ਦੇ ਪੁੱਤਰ ਨਿਤਿਨ ਕੌਸ਼ਲ ਸ਼ਾਮਲ ਹਨ। ਅਸਿਸਟੈਂਟ ਐਡਵੋਕੇਟ ਜਨਰਲ, ਡਿਪਟੀ ਐਡਵੋਕੇਟ ਜਨਰਲ, ਸੀਨੀਅਰ ਡਿਪਟੀ ਐਡਵੋਕੇਟ ਜਨਰਲ ਅਤੇ ਐਡਵੋਕੇਟ ਐਡਵੋਕੇਟ ਜਨਰਲ ਵਜੋਂ ਲਗਭਗ ਸੌ ਕਾਨੂੰਨ ਅਧਿਕਾਰੀਆਂ ਦੀਆਂ ਨਿਯੁਕਤੀਆਂ ਨੋਟੀਫਾਈ ਕੀਤੀਆਂ ਗਈਆਂ ਹਨ।





