ਫਿਰੋਜ਼ਪੁਰ : ਪਿੰਡ ਵਰਪਾਲ ਕੋਲੋਂ ਲੰਘਦੀ ਸਰਹੰਦ ਨਹਿਰ ’ਤੇ ਬਣੇ ਬਿਨਾਂ ਰੇਲਿੰਗ ਵਾਲੇ ਪੁਲ ਤੋਂ ਮੋਟਰਸਾਈਕਲ ਤਿਲਕ ਜਾਣ ਕਾਰਨ ਮੋਟਰਸਾਈਕਲ ਸਵਾਰ ਦੋ ਬੱਚੇ ਅਤੇ ਇੱਕ ਔਰਤ ਨਹਿਰ ਵਿੱਚ ਰੁੜ੍ਹ ਗਏ। ਵਰਪਾਲ ਪਿੰਡ ਦਾ ਜਸਬੀਰ ਸਿੰਘ ਮੰਗਲਵਾਰ ਰਾਤ ਫਿਰੋਜ਼ਪੁਰ ਤੋਂ ਵਾਪਸ ਆਉਦਿਆਂ ਪਰਵਾਰ ਸਣੇ ਪੁਲ ਤੋਂ ਲੰਘਣ ਲੱਗਾ ਤਾਂ ਹਾਦਸਾ ਵਾਪਰ ਗਿਆ। ਜਸਬੀਰ ਸਿੰਘ ਦੀ ਪਤਨੀ ਮਨਦੀਪ ਕੌਰ, ਮੁੰਡਾ ਗੁਰਭੇਜ ਸਿੰਘ (4) ਅਤੇ ਕੁੜੀ ਨਿਮਰਤ ਕੌਰ (2) ਨਹਿਰ ਵਿੱਚ ਡਿੱਗ ਗਏ। ਉਨ੍ਹਾਂ ਨੂੰ ਬਚਾਉਣ ਲਈ ਜਸਬੀਰ ਸਿੰਘ ਨੇ ਨਹਿਰ ਵਿੱਚ ਛਾਲ ਮਾਰ ਦਿੱਤੀ। ਨਹਿਰ ਕਿਨਾਰੇ ਲੱਗੀ ਬੂਟੀ ਨੂੰ ਹੱਥ ਪਾ ਕੇ ਉਸ ਦੀ ਪਤਨੀ ਮਨਦੀਪ ਕੌਰ ਤਾਂ ਬਾਹਰ ਆ ਗਈ, ਜਦੋਂਕਿ ਬੱਚੇ ਪਾਣੀ ਦੇ ਤੇਜ਼ ਵਹਾਅ ਵਿੱਚ ਰੁੜ੍ਹ ਗਏ। ਗੋਤਾਖੋਰਾਂ ਵੱਲੋਂ ਬੱਚਿਆਂ ਦੀ ਭਾਲ ਜਾਰੀ ਸੀ।
ਪਿੰਡ ਦੇ ਸਰਪੰਚ ਬਲਵਿੰਦਰ ਸਿੰਘ ਨੇ ਦੱਸਿਆ ਕਿ ਨਹਿਰੀ ਵਿਭਾਗ ਵੱਲੋਂ ਨਹਿਰਾਂ ਦੇ ਕੰਢੇ ਮਜ਼ਬੂਤ ਕਰਨ ਲਈ ਠੇਕੇਦਾਰ ਕੋਲੋਂ ਮਿੱਟੀ ਪਵਾਈ ਜਾ ਰਹੀ ਹੈ। ਇਸ ਕਰਕੇ ਪੁਲ ’ਤੇ ਚਿੱਕੜ ਬਣਿਆ ਹੋਇਆ ਹੈ ਅਤੇ ਮੋਟਰਸਾਈਕਲ ਚਿੱਕੜ ਕਾਰਨ ਹੀ ਤਿਲਕ ਕੇ ਨਹਿਰ ਵਿੱਚ ਡਿੱਗਿਆ ਹੈ। ਇਸ ਪੁਲ ’ਤੇ ਪਿਛਲੇ ਲੰਮੇ ਸਮੇਂ ਤੋਂ ਕੋਈ ਰੇਲਿੰਗ ਨਹੀਂ ਅਤੇ ਪ੍ਰਸ਼ਾਸਨ ਦੇ ਕਈ ਵਾਰ ਧਿਆਨ ਵਿੱਚ ਲਿਆਉਣ ’ਤੇ ਵੀ ਰੇਲਿੰਗ ਨਹੀਂ ਲਗਾਈ ਗਈ। ਘਟਨਾ ਤੋਂ ਬਾਅਦ ਗੁੱਸੇ ਵਿੱਚ ਆਏ ਲੋਕਾਂ ਨੇ ਪੁਲ ਬੰਦ ਕਰਕੇ ਮੌਕੇ ’ਤੇ ਧਰਨਾ ਲਗਾ ਦਿੱਤਾ। ਘਟਨਾ ਦੀ ਸੂਚਨਾ ਮਿਲਦੇ ਹੀ ਅਧਿਕਾਰੀ ਮੌਕੇ ’ਤੇ ਪਹੁੰਚੇ ਅਤੇ ਲੋਕਾਂ ਦੀ ਮੰਗ ਨੁੂੰ ਪੂਰਾ ਕਰਨ ਦਾ ਭਰੋਸਾ ਦਿੱਤਾ ਗਿਆ।





