ਬੱਧਨੀ ਕਲਾਂ ਇਲਾਕੇ ਦੇ ਕਈ ਪਿੰਡਾਂ ’ਚ ਪਾਣੀ-ਪਾਣੀ

0
178

ਮੋਗਾ : ਥਾਣਾ ਬੱਧਨੀ ਕਲਾਂ ਅਤੇ ਆਸ-ਪਾਸ ਦੇ ਪਿੰਡਾਂ ਦੇ ਲੋਕ ਪਹਿਲਾਂ ਮੀਂਹ ਨੂੰ ਤਰਸਦੇ ਰਹੇ ਸਨ, ਹੁਣ ਜਦੋਂ ਸੌਣ ਮਹੀਨੇ ਦਾ ਪਹਿਲਾ ਹੀ ਭਰਵਾਂ ਮੀਹ ਪਿਆ ਹੈ ਤਾਂ ਲੋਕਾਂ ਲਈ ਵੱਡੀ ਆਫ਼ਤ ਬਣ ਕੇ ਪੇਸ਼ ਆ ਰਿਹਾ ਹੈ।ਮੋਗਾ ਤੋਂ ਬਰਨਾਲਾ ਹਾਈਵੇ ਨੰਬਰ 703, ਜੋ ਅਣ-ਐਲਾਨੇ ਬਾਰਡਰ ਦੀ ਤਰ੍ਹਾਂ ਤਕਰੀਬਨ 8-10 ਫੁੱਟ ਉੱਚਾ ਰੱਖ ਕੇ ਬਣਾਇਆ ਗਿਆ ਹੈ, ਇਸ ਮੁਸੀਬਤ ਦਾ ਮੁੱਖ ਕਾਰਨ ਬਣ ਗਿਆ ਹੈ। ਮੰਗਲਵਾਰ ਪਏ ਭਾਰੀ ਮੀਹ ਨੂੰ ਸੜਕ ਰੂਪੀ ਬੰਨ੍ਹ ਨੇ ਅੱਗੇ ਵਗਣ ਤੋਂ ਰੋਕ ਲਿਆ ਹੈ। ਇਸ ਕਾਰਨ ਬੁੱਘੀਪੁਰਾ, ਡਾਲਾ, ਧੂੜਕੋਟ ਕਲਾਂ, ਬੱਧਨੀ ਖੁਰਦ, ਮੱਲਿਆਣਾ ਤੇ ਲੋਪੋ ਆਦਿ ਵਿੱਚ ਖੜੇ ਪਾਣੀ ਨੇ ਸਮੁੰਦਰ ਦਾ ਰੂਪ ਧਾਰ ਲਿਆ ਹੈ। ਇਸ ਪਾਣੀ ਵਿੱਚ ਡੁੱਬ ਜਾਣ ਕਾਰਨ ਇਲਾਕੇ ਦੀ ਹਜ਼ਾਰਾਂ ਏਕੜ ਝੋਨੇ ਦੀ ਫਸਲ ਡੁੱਬ ਗਈ ਹੈ ਅਤੇ ਬਰਬਾਦ ਹੋ ਜਾਣ ਕਿਨਾਰੇ ਪਹੁੰਚ ਗਈ ਹੈ।
ਕੁਲ ਹਿੰਦ ਕਿਸਾਨ ਸਭਾ ਜ਼ਿਲ੍ਹਾ ਮੋਗਾ ਦੇ ਜਨਰਲ ਸਕੱਤਰ ਜਗਜੀਤ ਸਿੰਘ ਨਿਹਾਲ ਸਿੰਘ ਵਾਲਾ ਨੇ ਕਿਹਾ ਕਿ ਅੱਜ ਜਦੋਂ ਪਹਾੜ ਜਿੱਡੀ ਇਹ ਮੁਸੀਬਤ ਲੋਕਾਂ ਦੇ ਦਰਪੇਸ਼ ਆਈ ਹੈ ਤਾਂ ਸੌਖੀ ਸਮਝ ਪੈ ਰਹੀ ਹੈ ਕਿ ਸਾਰੇ ਪੰਜਾਬ ਅੰਦਰ ਬਣੀਆਂ ਤੇ ਬਣਾਈਆਂ ਜਾ ਰਹੀਆਂ ਉੱਚੀਆਂ ਸੜਕਾਂ ਕਿਸਾਨਾਂ-ਮਜ਼ਦੂਰਾਂ ਤੇ ਆਮ ਲੋਕਾਂ ਨੂੰ ਖੇਤੀ ਦੇ ਧੰਦੇ ਤੋਂ ਬਾਹਰ ਕਰਨ ਦੀ ਸਾਜਿਸ਼ ਤਹਿਤ ਬਣਾਈਆਂ ਜਾ ਰਹੀਆਂ ਹਨ।ਇਸ ਮੌਕੇ ਉਨ੍ਹਾ ਨਾਲ ਹਾਜ਼ਰ ਭਾਰਤੀ ਕਮਿਊਨਿਸਟ ਪਾਰਟੀ ਦੇ ਆਗੂ ਕੁਲਦੀਪ ਸਿੰਘ ਭੋਲਾ, ਨਰੇਗਾ ਰੁਜ਼ਗਾਰ ਪ੍ਰਾਪਤ ਮਜ਼ਦੂਰ ਯੂਨੀਅਨ ਦੇ ਆਗੂ ਮਹਿੰਦਰ ਸਿੰਘ ਧੂੜਕੋਟ ਤੇ ਗੁਰਦਿੱਤ ਸਿੰਘ ਦੀਨਾ ਨੇ ਕਿਹਾ ਕਿ ਅਜਿਹਾ ਨਹੀਂ ਕਿ ਸੜਕਾਂ ਤੇ ਹੋਰ ਉਸਾਰੀ ਕਰਨ ਮੌਕੇ ਸੰਬੰਧਤ ਮਹਿਕਮੇ ਸਾਹਮਣੇ ਭਵਿੱਖੀ ਮੁਸ਼ਕਲਾਂ ਦਾ ਨਕਸ਼ਾ ਨਹੀਂ ਹੁੰਦਾ, ਸਭ ਕੁਝ ਸਪੱਸ਼ਟ ਹੁੰਦੈ, ਪਰ ਜੇ ਨੇਕ ਨੀਅਤ ਹੋਵੇ ਤਾਂ ਇਹ ਸੜਕਾਂ ਪਿਲਰਾਂ ਉੱਪਰ ਵੀ ਬਣਾਈਆਂ ਜਾ ਸਕਦੀਆਂ ਹਨ ਜਾਂ ਉਹ ਏਰੀਏ, ਜਿੱਥੋਂ ਪਹਿਲਾਂ ਇਤਿਹਾਸ ਵਿੱਚ ਪਾਣੀ ਵਗ ਕੇ ਲੰਘਦਾ ਰਿਹਾ ਹੁੰਦਾ ਸੀ, ਦੀ ਨਿਸ਼ਾਨਦੇਹੀ ਕਰਕੇ ਉੱਥੇ ਪੁਲੀਆਂ ਦੱਬ ਕੇ ਪਾਣੀ ਲਈ ਲਾਂਘੇ ਦਾ ਅਗਾਊਂ ਪ੍ਰਬੰਧ ਕੀਤਾ ਜਾ ਸਕਦਾ ਹੁੰਦੈ। ਆਗੂਆਂ ਨੇ ਕਿਹਾ ਕਿ ਅਜਿਹਾ ਨਾ ਕਰਨ ਤੋਂ ਹੀ ਸਪੱਸ਼ਟ ਹੁੰਦਾ ਕਿ ਪੰਜਾਬ ਦੀ ਕਿਸਾਨੀ ਨੂੰ ਆਰਥਿਕ ਤੌਰ ’ਤੇ ਉਜਾੜਨ ਦੀ ਸਾਜ਼ਿਸ਼ ਰਚੀ ਜਾ ਰਹੀ ਹੈ, ਤਾਂ ਕਿ ਕਾਰਪੋਰੇਟ ਘਰਾਣਿਆਂ ਲਈ ਇਸ ਖਿੱਤੇ ਨੂੰ ਲੁੱਟਣ ਦਾ ਰਾਹ ਪੱਧਰਾ ਕੀਤਾ ਜਾ ਸਕੇ। ਆਗੂਆਂ ਕੇਂਦਰ ਤੇ ਪੰਜਾਬ ਸਰਕਾਰ ਤੋਂ ਮੰਗ ਕਰਦਿਆਂ ਕਿਹਾ ਕਿ ਸਰਕਾਰਾਂ ਆਪਣੀ ਇਸ ਲੋਕ ਵਿਰੋਧੀ ਨੀਤੀ ਨੂੰ ਬੰਦ ਕਰਨ ਅਤੇ ਵਿਸ਼ੇਸ਼ ਪ੍ਰਬੰਧਾਂ ਤਹਿਤ ਇਹਨਾਂ ਉੱਚੀਆਂ ਬਣਾਈਆਂ ਜਾ ਰਹੀਆਂ ਸੜਕਾਂ ਦੇ ਹੇਠੋਂ ਪਾਣੀ ਦੇ ਲੰਘਣ ਦੇ ਫੌਰੀ ਪ੍ਰਬੰਧ ਕੀਤੇ ਜਾਣ, ਤਾਂ ਕਿ ਪੰਜਾਬ ਦੀ ਆਰਥਿਕਤਾ ਦੀ ਰੀੜ੍ਹ ਦੀ ਹੱਡੀ ਖੇਤੀ ਧੰਦੇ ਨੂੰ ਸੁਰੱਖਿਅਤ ਕੀਤਾ ਜਾ ਸਕੇ । ਉਕਤ ਆਗੂਆਂ ਨੇ ਇਹ ਵੀ ਮੰਗ ਕੀਤੀ ਕਿ ਨੁਕਸਾਨੇ ਗਏ ਖਿੱਤੇ ਦਾ ਸਰਵੇ ਕਰਵਾ ਕੇ ਵਾਜਿਬ ਮੁਆਵਜ਼ਾ ਦੇਣ ਦਾ ਵੀ ਪ੍ਰਬੰਧ ਕੀਤਾ ਜਾਵੇ।