ਨਵੀਂ ਦਿੱਲੀ : ਬਿਹਾਰ ਅਸੈਂਬਲੀ ਚੋਣਾਂ ਤੋਂ ਪਹਿਲਾਂ ਵੋਟਰ ਸੂਚੀਆਂ ਦੀ ਵਿਸ਼ੇਸ਼ ਸੁਧਾਈ ਦੇ ਢੰਗ-ਤਰੀਕਿਆਂ ਦੀ ਆਪੋਜ਼ੀਸ਼ਨ ਵੱਲੋਂ ਸਖਤ ਵਿਰੋਧਤਾ ਦਰਮਿਆਨ ਸੂਬੇ ਵਿੱਚ ਭਾਜਪਾ ਨਾਲ ਮਿਲ ਕੇ ਸਰਕਾਰ ਚਲਾ ਰਹੇ ਜਨਤਾ ਦਲ (ਯੂ) ਦੇ ਸਾਂਸਦ ਗਿਰਧਾਰੀ ਯਾਦਵ ਨੇ ਵੀ ਬੁੱਧਵਾਰ ਚੋਣ ਕਮਿਸ਼ਨ ਦੀ ਕਸਰਤ ਨੂੰ ‘ਤੁਗਲਕੀ ਫ਼ਰਮਾਨ’ ਕਰਾਰ ਦਿੰਦਿਆਂ ਕਿਹਾ ਕਿ ਉਨ੍ਹਾ ਨੂੰ ਲੋੜੀਂਦੇ ਦਸਤਾਵੇਜ਼ ਇਕੱਠੇ ਕਰਨ ਵਿੱਚ 10 ਦਿਨ ਲੱਗ ਗਏ। ਉਨ੍ਹਾ ਦਾ ਬੇਟਾ ਅਮਰੀਕਾ ਵਿੱਚ ਰਹਿੰਦਾ ਹੈ, ਉਹ ਇੱਕ ਮਹੀਨੇ ਵਿੱਚ ਦਸਤਾਵੇਜ਼ਾਂ ਦਾ ਜੁਗਾੜ ਕਿਵੇਂ ਕਰ ਲਵੇਗਾ। ਸਭ ਧੱਕੇ ਨਾਲ ਕੀਤਾ ਜਾ ਰਿਹਾ ਹੈ। ਦੱਖਣੀ ਬਿਹਾਰ ਦੇ ਬਾਂਕਾ ਹਲਕੇ ਤੋਂ ਸਾਂਸਦ ਨੇ ਸੰਸਦ ਦੇ ਬਾਹਰ ਮੀਡੀਆ ਨਾਲ ਗੱਲਬਾਤ ਵਿੱਚ ਕਿਹਾ ਕਿ ਚੋਣ ਕਮਿਸ਼ਨ ਨੂੰ ਕੋਈ ਪ੍ਰੈਕਟੀਕਲ ਗਿਆਨ ਨਹੀਂ, ਨਾ ਇਸ ਨੂੰ ਬਿਹਾਰ ਦਾ ਇਤਿਹਾਸ ਪਤਾ ਹੈ ਨਾ ਭੂਗੋਲ, ਇਹ ਕੁਝ ਨਹੀਂ ਜਾਣਦਾ।
ਉਨ੍ਹਾ ਕਿਹਾ ਕਿ ਲੋਕਾਂ ਨੂੰ ਛੇ ਮਹੀਨਿਆਂ ਦਾ ਸਮਾਂ ਦਿੱਤਾ ਜਾਣਾ ਚਾਹੀਦਾ ਸੀ। ਇਹ ਕਹਿਣ ਕਿ ਉਨ੍ਹਾ ਦੀ ਪਾਰਟੀ ਭਾਜਪਾ ਨਾਲ ਮਿਲ ਕੇ ਸਰਕਾਰ ਚਲਾ ਰਹੀ ਹੈ, ਯਾਦਵ ਨੇ ਕਿਹਾ. ‘ਮੇਰੇ ਲਈ ਇਹ ਕੋਈ ਮਾਅਨੇ ਨਹੀਂ ਰੱਖਦਾ ਕਿ ਪਾਰਟੀ ਕੀ ਕਹਿੰਦੀ ਹੈ। ਜੋ ਸੱਚ ਹੈ ਉਹ ਮੈਂ ਕਹਿ ਰਿਹਾ ਹਾਂ। ਜੇ ਮੈਂ ਸੱਚ ਨਹੀਂ ਬੋਲ ਸਕਦਾ ਤਾਂ ਮੇਰੇ ਸਾਂਸਦ ਬਣਨ ਦੀ ਕੀ ਤੁੱਕ।’ ਇਸੇ ਦੌਰਾਨ ਬਿਹਾਰ ਵਿਚ ਵੋਟਰ ਸੂਚੀਆਂ ਦੀ ਵਿਸ਼ੇਸ਼ ਵਿਆਪਕ ਸੁਧਾਈ, ਪਹਿਲਗਾਮ ਦਹਿਸ਼ਤੀ ਹਮਲੇ ਤੇ ਹੋਰਨਾਂ ਮੁੱਦਿਆਂ ’ਤੇ ਚਰਚਾ ਦੀ ਮੰਗ ਨੂੰ ਲੈ ਕੇ ਮੌਨਸੂਨ ਅਜਲਾਸ ਦੇ ਤੀਜੇ ਦਿਨ ਬੁੱਧਵਾਰ ਮੁੜ ਵਿਰੋਧੀ ਧਿਰਾਂ ਦੇ ਹੰਗਾਮੇ ਕਾਰਨ ਰਾਜ ਸਭਾ ਅਤੇ ਲੋਕ ਸਭਾ ਦੀ ਕਾਰਵਾਈ ਪਹਿਲਾਂ ਦੁਪਹਿਰ 12 ਵਜੇ ਤੱਕ, ਫਿਰ ਦੁਪਹਿਰ 2 ਵਜੇ ਤੱਕ ਅਤੇ ਮਗਰੋਂ ਪੂਰੇ ਦਿਨ ਲਈ ਮੁਲਤਵੀ ਕਰ ਦਿੱਤੀ ਗਈ। ਦੋਵੇਂ ਸਦਨ ਦੁਪਹਿਰ 2 ਵਜੇ ਮੁੜ ਜੁੜੇ ਤਾਂ ਬਿਹਾਰ ਵੋਟਰ ਸੂਚੀਆਂ ਦੀ ਸੋਧ ਸਮੇਤ ਵੱਖ-ਵੱਖ ਮੁੱਦਿਆਂ ’ਤੇ ਵਿਰੋਧੀ ਧਿਰ ਵੱਲੋਂ ਵਾਰ-ਵਾਰ ਹੰਗਾਮੇ ਵਿਚਕਾਰ ਦੋਵਾਂ ਸਦਨਾਂ ਦੀ ਕਾਰਵਾਈ ਦਿਨ ਭਰ ਲਈ ਮੁਲਤਵੀ ਕਰ ਦਿੱਤੀ ਗਈ।
ਵਿਰੋਧੀ ਧਿਰਾਂ ਉਪਰੋਕਤ ਮੁੱਦਿਆਂ ’ਤੇ ਚਰਚਾ ਦੀ ਮੰਗ ਨੂੰ ਲੈ ਕੇ ਬਜ਼ਿੱਦ ਰਹੀਆਂ ਤੇ ਉਨ੍ਹਾਂ ਨਾਅਰੇਬਾਜ਼ੀ ਕਰਦਿਆਂ ਜ਼ੋਰਦਾਰ ਵਿਰੋਧ ਦਰਜ ਕਰਵਾਇਆ। ਰਾਜ ਸਭਾ ਵਿੱਚ ਸਿਫਰ ਕਾਲ ਨਹੀਂ ਹੋ ਸਕਿਆ, ਜਦੋਂ ਕਿ ਲੋਕ ਸਭਾ ਵਿੱਚ ਸੰਸਦ ਮੈਂਬਰ ਤਖਤੀਆਂ ਲੈ ਕੇ ਨਾਅਰੇਬਾਜ਼ੀ ਕਰਦੇ ਦੇਖੇ ਗਏ। ਦੋਵਾਂ ਸਦਨਾਂ ਵਿਚ ਕ੍ਰਮਵਾਰ ਡਿਪਟੀ ਚੇਅਰਮੈਨ ਹਰੀਵੰਸ਼ ਅਤੇ ਸਪੀਕਰ ਓਮ ਬਿਰਲਾ ਨੇ ਮੈਂਬਰਾਂ ਨੂੰ ਸ਼ਾਂਤ ਰਹਿਣ ਦੀ ਅਪੀਲ ਕੀਤੀ, ਪਰ ਹੰਗਾਮਾ ਜਾਰੀ ਰਹਿਣ ਕਾਰਨ ਕਾਰਵਾਈ ਮੁਲਤਵੀ ਕਰ ਦਿੱਤੀ। ਸੱਤਾ ਧਿਰ ਤੇ ਵਿਰੋਧੀ ਧਿਰਾਂ ਵਿਚ ਬਣੇ ਜਮੂਦ ਕਰਕੇ ਮੌਨਸੂਨ ਸੈਸ਼ਨ ਵਿੱਚ ਲਗਾਤਾਰ ਅੜਿੱਕਾ ਪੈ ਰਿਹਾ ਹੈ।





