ਲੁਧਿਆਣਾ (ਰੈਕਟਰ ਕਥੂਰੀਆ)
ਭਾਰਤੀ ਕਮਿਊਨਿਸਟ ਪਾਰਟੀ ਦੀ ਜ਼ਿਲ੍ਹਾ ਐਗਜ਼ੈਕਟਿਵ ਦੀ ਮੀਟਿੰਗ ਵਿਚ ਪਾਰਟੀ ਦੇ ਸੂਬਾ ਸਕੱਤਰ ਕਾਮਰੇਡ ਬੰਤ ਸਿੰਘ ਬਰਾੜ ਉਚੇਚੇ ਤੌਰ ’ਤੇ ਸ਼ਾਮਲ ਹੋਏ ਅਤੇ ਉਹਨਾਂ ਨੇ ਦੇਸ਼ ਦੁਨੀਆ ਅਤੇ ਪੰਜਾਬ ਦੇ ਹਾਲਾਤ ਬਾਰੇ ਵਿਸਥਾਰ ਨਾਲ ਆਪਣੇ ਵਿਚਾਰ ਪ੍ਰਗਟ ਕੀਤੇ।
ਉਨ੍ਹਾ 21 ਤੋਂ 25 ਸਤੰਬਰ ਨੂੰ ਚੰਡੀਗੜ੍ਹ ਵਿਖੇ ਪਾਰਟੀ ਦੇ 25ਵੇਂ ਕੌਮੀ ਮਹਾਂ ਸੰਮੇਲਨ ਬਾਰੇ ਬੋਲਦਿਆਂ ਕਿਹਾ ਕਿ ਇਹ ਇੱਕ ਇਤਿਹਾਸਕ ਘਟਨਾ ਹੋਵੇਗੀ।ਇਸ ਸੰਮੇਲਨ ਵਿੱਚ ਦੁਨੀਆ ਅਤੇ ਦੇਸ਼ ਦੇ ਅਜੋਕੇ ਹਾਲਾਤ, ਸਮੱਸਿਆਵਾਂ ਅਤੇ ਮਿਹਨਤਕਸ਼ ਲੋਕਾਂ ਦੀਆਂ ਵਧ ਰਹੀਆਂ ਸਮੱਸਿਆਵਾਂ ਅਤੇ ਨਾ-ਬਰਾਬਰੀ ਅਤੇ ਸਮਾਜਿਕ ਅਤੇ ਆਰਥਿਕ ਨਾ ਬਰਾਬਰੀ ਬਾਰੇ ਵਿਸਥਾਰ ਨਾਲ ਚਰਚਾ ਕੀਤੀ ਜਾਏਗੀ ਤੇ ਆਉਣ ਵਾਲੇ ਸਮੇਂ ਵਿੱਚ ਦਰਪੇਸ਼ ਚੁਣੌਤੀਆਂ ਨੂੰ ਹੱਲ ਕਰਨ ਲਈ ਰਣਨੀਤੀ ਤੈਅ ਕੀਤੀ ਜਾਏਗੀ।ਉਨ੍ਹਾ ਕਿਹਾ ਕਿ ਉਪ ਰਾਸ਼ਟਰਪਤੀ ਧਨਖੜ ਨੂੰ ਗੱਦੀਓਂ ਲਾਹ ਕੇ ਪ੍ਰਧਾਨ ਮੰਤਰੀ ਦਾ ਵਿਦੇਸ਼ਾਂ ਨੂੰ ਭੱਜ ਜਾਣਾ, ਉਹ ਵੀ ਉਸ ਵੇਲੇ ਜਦੋਂ ਸੰਸਦ ਦੇ ਸੈਸ਼ਨ ਵਿੱਚ ਅਨੇਕਾਂ ਮਹੱਤਵਪੂਰਨ ਵਿਸ਼ਿਆਂ ’ਤੇ ਚਰਚਾ ਹੋ ਰਹੀ ਹੈ, ਅਤਿ ਨਿੰਦਣਯੋਗ ਹੈ।
ਪਾਰਟੀ ਦੇ ਜ਼ਿਲ੍ਹਾ ਸਕੱਤਰ ਕਾਮਰੇਡ ਡੀ ਪੀ ਮੌੜ ਨੇ ਏਜੰਡੇ ਬਾਰੇ ਦੱਸਦਿਆਂ ਕਿਹਾ ਕਿ ਲੁਧਿਆਣਾ ਜ਼ਿਲ੍ਹਾ ਪਾਰਟੀ ਦੀਆਂ ਤਿਆਰੀਆਂ ਜ਼ੋਰਾਂ ਸ਼ੋਰਾਂ ’ਤੇ ਚੱਲ ਰਹੀਆਂ ਹਨ। ਪਾਰਟੀ ਨੇ ਆਪਣੇ ਹਿੱਸੇ ਦਾ ਫੰਡ ਦਾ ਕੋਟਾ ਪੂਰਾ ਕਰ ਦਿੱਤਾ ਹੈ।ਪਾਰਟੀ ਦੇ 100 ਸਾਲਾ ਪ੍ਰੋਗਰਾਮਾਂ ਦੇ ਤਹਿਤ ਜ਼ਿਲ੍ਹਾ ਪਾਰਟੀ ਨੇ 13 ਜੁਲਾਈ ਨੂੰ ਦੋਰਾਹਾ ਵਿਖੇ ਕਾਮਰੇਡ ਹਰਪਾਲ ਮੋਹਾਲੀ ਮੰਜਾਲੀਆਂ ਦੀ ਬਰਸੀ ਮਨਾਈ।ਇਸੇ ਤਰ੍ਹਾਂ ਤਿੰਨ ਅਗਸਤ ਨੂੰ ਵਿਸ਼ਵ ਸ਼ਾਂਤੀ ਲਈ ਕਾਨਫਰੰਸ ਕੀਤੀ ਜਾ ਰਹੀ ਹੈ।7 ਸਤੰਬਰ ਨੂੰ ਜ਼ਿਲ੍ਹੇ ਵਿੱਚ ਖੇਤੀਬਾੜੀ ਸੰਬੰਧੀ ਸੈਮੀਨਾਰ ਵੱਡੇ ਪੱਧਰ ’ਤੇ ਕੀਤਾ ਜਾਵੇਗਾ ਜਿਸ ਵਿੱਚ ਵੱਡੀ ਗਿਣਤੀ ਵਿੱਚ ਸਾਥੀ ਸ਼ਾਮਲ ਹੋਣਗੇ।ਮਹਾਂ ਸੰਮੇਲਨ ਦੇ ਪਹਿਲੇ ਦਿਨ ਹੋਣ ਵਾਲੀ ਰੈਲੀ ਵਿੱਚ ਲੁਧਿਆਣੇ ਤੋਂ 20 ਬੱਸਾਂ ਭਰ ਕੇ ਉਸ ਵਿੱਚ ਸ਼ਾਮਲ ਹੋਣਗੀਆਂ।ਪਾਰਟੀ ਦੇ ਕੌਮੀ ਕਾਰਜਕਾਰਨੀ ਮੈਂਬਰ ਅਤੇ ਭਾਰਤੀ ਖੇਤ ਮਜ਼ਦੂਰ ਯੂਨੀਅਨ ਦੇ ਕੌਮੀ ਜਨਰਲ ਸਕੱਤਰ ਕਾਮਰੇਡ ਗੁਲਜਾਰ ਗੋਰੀਆ ਨੇ ਪਾਰਟੀ ਕਾਂਗਰਸ ਲਈ ਪੰਜਾਬ ਭਰ ਦੇ ਖੇਤ ਮਜ਼ਦੂਰਾਂ ਵੱਲੋਂ ਵੱਡੀ ਗਿਣਤੀ ਵਿੱਚ ਹਿੱਸਾ ਲੈਣ ਲਈ ਚੱਲ ਰਹੀਆਂ ਤਿਆਰੀਆਂ ਬਾਰੇ ਚਾਨਣਾ ਪਾਇਆ।ਹੋਰਨਾਂ ਤੋਂ ਇਲਾਵਾ ਸਹਾਇਕ ਸਕੱਤਰ ਕਾਮਰੇਡ ਚਮਕੌਰ ਸਿੰਘ, ਪਾਰਟੀ ਦੇ ਜ਼ਿਲ੍ਹਾ ਵਿੱਤ ਸਕੱਤਰ ਅਤੇ ਲੁਧਿਆਣਾ ਸ਼ਹਿਰੀ ਦੇ ਸਕੱਤਰ ਕਾਮਰੇਡ ਐੱਮ ਐੱਸ ਭਾਟੀਆ, ਬਲਾਕ ਸਕੱਤਰ ਭਗਵਾਨ ਸਿੰਘ ਸੋਮਲਖੇੜੀ ਅਤੇ ਨਿਰੰਜਨ ਸਿੰਘ ਤੋਂ ਇਲਾਵਾ ਕੇਵਲ ਸਿੰਘ ਬਨਵੈਤ, ਡਾ. ਗੁਲਜ਼ਾਰ ਪੰਧੇਰ, ਨਰੇਸ਼ ਗੌੜ, ਵਿਜੇ ਕੁਮਾਰ ਅਤੇ ਹੋਰ ਸਾਥੀਆਂ ਨੇ ਚਰਚਾ ਵਿੱਚ ਭਾਗ ਲਿਆ।ਅੱਜ ਦੀ ਇਸ ਮੀਟਿੰਗ ਦੀ ਪ੍ਰਧਾਨਗੀ ਡਾ. ਰਜਿੰਦਰ ਪਾਲ ਸਿੰਘ ਔਲਖ ਨੇ ਕੀਤੀ, ਜਿਨ੍ਹਾਂ ਨੇ ਸਾਰਿਆਂ ਦਾ ਧੰਨਵਾਦ ਕਰਦੇ ਹੋਏ ਬੋਲਦਿਆਂ ਪੰਜਾਬ ਸਰਕਾਰ ਵੱਲੋਂ ਲਿਆਂਦੀ ਜਾ ਰਹੀ ਲੈਂਡ ਪੂਲਿੰਗ ਨੀਤੀ ਬਾਰੇ ਕਿਹਾ ਕਿ ਕਿਸ ਤਰ੍ਹਾਂ ਇਹ ਨੀਤੀ ਪੰਜਾਬ ਦੀ ਕਿਸਾਨੀ ਨੂੰ ਤਬਾਹ ਕਰ ਦੇਵੇਗੀ।ਪਾਰਟੀ ਵੱਲੋਂ ਸੂਬਾ ਪਾਰਟੀ ਦੀ ਹਦਾਇਤ ਮੁਤਾਬਕ ਸੋਸ਼ਲ ਮੀਡੀਆ ਸੈੱਲ ਦੀ ਸਥਾਪਨਾ ਕੀਤੀ ਗਈ, ਜਿਸ ਦੇ ਇੰਚਾਰਜ ਐੱਮ ਐੱਸ ਭਾਟੀਆ ਅਤੇ ਰਮੇਸ਼ ਰਤਨ ਨੂੰ ਥਾਪਿਆ ਗਿਆ, ਜੋ ਸੋਸ਼ਲ ਮੀਡੀਆ ਦੀ ਟੀਮ ਨਾਲ ਮਿਲ ਕੇ ਜ਼ਿਲ੍ਹਾ ਲੁਧਿਆਣਾ ਵਿੱਚ ਪਾਰਟੀ ਦੇ ਕੌਮੀ ਮਹਾਂ ਸੰਮੇਲਨ ਦਾ ਪ੍ਰਚਾਰ ਅਤੇ ਪਸਾਰ ਜ਼ਿਲ੍ਹੇ ਦੇ ਵੱਖ-ਵੱਖ ਪਿੰਡਾਂ, ਕਸਬਿਆਂ ਅਤੇ ਸ਼ਹਿਰਾਂ ਵਿੱਚ ਪਹੁੰਚਾਉਣਗੇ।ਜ਼ਿਲ੍ਹਾ ਆਗੂਆਂ ਨੇ ਲੁਧਿਆਣਾ ਜ਼ਿਲ੍ਹਾ ਪਾਰਟੀ ਵੱਲੋਂ ਇਕ ਲੱਖ ਤੀਹ ਹਜ਼ਾਰ ਰੁਪਏ ਦਾ ਚੈੱਕ ਸਾਥੀ ਬੰਤ ਸਿੰਘ ਬਰਾੜ ਨੂੰ ਭੇਟ ਕੀਤਾ।ਪਿ੍ਰੰਸੀਪਲ ਜਗਜੀਤ ਸਿੰਘ, ਸੋਬਨ ਸਿੰਘ, ਬਲਬੀਰ ਸਿੰਘ ਮਾਨ, ਕਮੇਸ਼ਵਰ ਯਾਦਵ ਅਤੇ ਚੰਡੀਗੜ੍ਹ ਸੂਬਾ ਦਫ਼ਤਰ ਤੋਂ ਆਏ ਸਾਥੀ ਮਹਿੰਦਰ ਪਾਲ ਸਿੰਘ ਹਾਜ਼ਰ ਸਨ।ਸਾਥੀ ਰੈਕਟਰ ਕਥੂਰੀਆ ਨੇ ਨਵਾਂ ਜ਼ਮਾਨਾ ਲਈ ਕਵਰੇਜ ਕਰਦਿਆਂ ਉਚੇਚੇ ਤੌਰ ’ਤੇ ਆਗੂਆਂ ਦੇ ਵਿਚਾਰ ਲਏ।





