ਪਟਿਆਲਾ : ਪਟਿਆਲਾ ਵਿਖੇ ਪੀ ਆਰ ਟੀ ਸੀ ਦੇ ਮੁੱਖ ਦਫਤਰ ਦੇ ਸਾਹਮਣੇ ਸ਼ੁੱਕਰਵਾਰ ਏਟਕ, ਇੰਟਕ, ਕਰਮਚਾਰੀ ਦਲ, ਐੱਸ ਸੀ/ ਬੀ ਸੀ ਅਤੇ ਰਿਟਾਇਰਡ ਵਰਕਰਜ਼ ਭਾਈਚਾਰਾ ਯੂਨੀਅਨ ਏਟਕ ’ਤੇ ਆਧਾਰਤ ਕੰਮ ਕਰਦੀ ਸਾਂਝੀ ਐਕਸ਼ਨ ਕਮੇਟੀ ਵਲੋਂ ਰੋਸ ਭਰਪੂਰ ਵਿਸ਼ਾਲ ਮੁਜ਼ਾਹਰਾ ਕੀਤਾ ਗਿਆ, ਕਿਉਕਿ ਪੀ ਆਰ ਟੀ ਸੀ ਵੱਲੋਂ ਆਪਣੇ ਰੈਗੂਲਰ ਮੁਲਾਜ਼ਮਾਂ ਨੂੰ 25 ਤਰੀਕ ਹੋਣ ਦੇ ਬਾਵਜੂਦ ਜੂਨ ਮਹੀਨੇ ਦੀ ਤਨਖਾਹ ਵਰਕਰਾਂ ਦੇ ਖਾਤਿਆਂ ਵਿੱਚ ਨਹੀਂ ਪਾਈ ਗਈ। ਇਹ ਆਰਥਕ ਜ਼ੁਲਮ ਪੰਜਾਬ ਦੀ ਆਮ ਆਦਮੀ ਦੇ ਨਾਂਅ ’ਤੇ ਬਣੀ ਸਰਕਾਰ ਵੱਲੋਂ ਕੀਤਾ ਜਾ ਰਿਹਾ ਹੈ, ਜਿਸ ਦਾ ਹੀ ਸਿੱਟਾ ਹੈ ਕਿ ਵਰਕਰਾਂ ਨੂੰ ਤਨਖਾਹ ਮਹੀਨਾ-ਮਹੀਨਾ ਲੇਟ ਮਿਲ ਰਹੀ ਹੈ। ਬਾਕੀ ਨਾ ਪੇ-ਕਮਿਸ਼ਨ ਦਾ ਬਕਾਇਆ ਦਿੱਤਾ ਜਾ ਰਿਹਾ ਹੈ, ਨਾ ਹੀ ਮੈਡੀਕਲ ਬਿੱਲਾਂ ਦੇ ਪੈਸੇ ਮਿਲਦੇ ਹਨ ਨਾ ਹੀ ਅਨੇਕਾਂ ਤਰ੍ਹਾਂ ਦੇ ਬਕਾਏ ਦਿੱਤੇ ਜਾ ਰਹੇ ਹਨ। ਨਾ ਹੀ ਐੱਲ ਟੀ ਸੀ ਦਿੱਤੀ ਜਾ ਰਹੀ ਹੈ। ਨਾ ਹੀ ਡੀ ਏ ਦੀਆਂ ਕਿਸ਼ਤਾਂ ਦਾ ਏਰੀਅਰ ਦਿੱਤਾ ਜਾ ਰਿਹਾ ਹੈ। ਸੇਵਾ-ਮੁਕਤ ਕਰਮਚਾਰੀਆਂ ਦੇ ਸੇਵਾ-ਮੁਕਤੀ ਉਪਰੰਤ ਮਿਲਣ ਵਾਲੀਆਂ ਅਦਾਇਗੀਆਂ ਨਹੀਂ ਕੀਤੀਆਂ ਜਾ ਰਹੀਆਂ। ਪ੍ਰਾਈਵੇਟ ਬੱਸ ਲਾਬੀ ਦੇ ਦਬਾਅ ਥੱਲੇ ਸਰਕਾਰੀ ਖੇਤਰ ਦੀ ਟਰਾਂਸਪੋਰਟ ਵਿੱਚ ਬੱਸਾਂ ਪਾਉਣ ਨਹੀਂ ਦਿੱਤੀਆਂ ਜਾ ਰਹੀਆਂ। ਪੰਜਾਬ ਸਰਕਾਰ ਵੱਲੋਂ ਸੋਧੇ ਹੋਏ ਟੀ ਏ ਰੇਟ ਲਾਗੂ ਨਹੀਂ ਕੀਤੇ ਜਾ ਰਹੇ। ਇਸੇ ਤਰ੍ਹਾਂ ਹੋਰ ਬਹੁਤ ਸਾਰੀਆਂ ਕਾਨੂੰਨੀ ਤੌਰ ’ਤੇ ਮੰਨੀਆਂ ਮੰਗਾਂ ਲਾਗੂ ਨਹੀਂ ਕੀਤੀਆਂ ਜਾ ਰਹੀਆਂ। ਵਰਕਰਾਂ ਦੀਆਂ ਤਰੱਕੀਆਂ ਨੂੰ ਲਟਕਾ ਕੇ ਰੱਖਿਆ ਹੋਇਆ ਹੈ।ਵਰਕਰਾਂ ਦੇ ਅਥਾਹ ਗੁੱਸੇ ਦਾ ਸਪੱਸ਼ਟ ਤੌਰ ’ਤੇ ਝਲਕਦੇ ਰੋਸ ਮੁਜ਼ਾਹਰੇ ਨੂੰ ਨਿਰਮਲ ਸਿੰਘ ਧਾਲੀਵਾਲ ਕਨਵੀਨਰ ਅਤੇ ਮੈਂਬਰਾਂ ਬਲਦੇਵ ਰਾਜ ਬੱਤਾ, ਹਰਪ੍ਰੀਤ ਸਿੰਘ ਖਟੜਾ, ਗੁਰਜੰਟ ਸਿੰਘ, ਮੁਹੰਮਦ ਖਲੀਲ ਨੇ ਸੰਬੋਧਨ ਕਰਦਿਆਂ ਕਿਹਾ ਕਿ ਤਨਖਾਹ ਸਮੇਂ ਸਿਰ ਨਾ ਮਿਲਣ ਦੀ ਸਿੱਧੀ ਜ਼ਿੰਮੇਵਾਰੀ ਅਦਾਰੇ ਦੇ ਚੇਅਰਮੈਨ ਰਣਯੋਧ ਸਿੰਘ ਹਡਾਣਾ ਦੇ ਸਿਰ ਆਉਦੀ ਹੈ, ਜਿਹੜੇ ਕਿ ਬਣਦੇ 700 ਕਰੋੜ ਵਿਚੋਂ ਤਨਖਾਹ ਲਈ ਪੈਸੇ ਨਹੀਂ ਹਾਸਲ ਕਰਵਾ ਸਕਦੇ। ਸਰਕਾਰ ਦੇ ਪੰਜ-ਛੇ ਸਿਆਸੀ ਨੁਮਾਇੰਦੇ ਪੀ ਆਰ ਟੀ ਸੀ ਦੇ ਬੋਰਡ ਆਫ ਡਾਇਰੈਕਟਰਜ਼ ਵਿੱਚ ਨਿਯੁਕਤ ਕੀਤੇ ਹੋਏ ਹਨ, ਪਰ ਉਹਨਾਂ ਸਭਨਾਂ ਦੀ ਕਾਰਗੁਜਾਰੀ ਅਦਾਰੇ ਪ੍ਰਤੀ ਸਿਰਫ ਦੇ ਬਰਾਬਰ ਹੈ। ਮੁੱਖ ਆਗੂਆਂ ਤੋਂ ਇਲਾਵਾ ਜਿਹਨਾਂ ਹੋਰ ਆਗੂਆਂ ਨੇ ਮੁਜ਼ਾਹਰਾਕਾਰੀਆਂ ਨੂੰ ਸੰਬੋਧਨ ਕੀਤਾ, ਉਹਨਾਂ ਵਿੱਚ ਗੰਡਾ ਸਿੰਘ, ਦਲਜੀਤ ਸਿੰਘ, ਉਤਮ ਸਿੰਘ ਬਾਗੜੀ ਅਤੇ ਨਸੀਬ ਚੰਦ ਸ਼ਾਮਲ ਸਨ। ਸਟੇਜ ਸਕੱਤਰ ਦੇ ਤੌਰ ’ਤੇ ਸੁਖਦੇਵ ਰਾਮ ਸੁੱਖੀ ਨੇ ਮੰਚ ਸੰਚਾਲਨ ਕੀਤਾ। ਐਕਸ਼ਨ ਕਮੇਟੀ ਨੇ ਐਲਾਨ ਕੀਤਾ ਕਿ ਇੱਕ-ਦੋ ਦਿਨ ਉਡੀਕ ਕਰਨ ਉਪਰੰਤ ਅਗਲੇ ਸਖਤ ਐਕਸ਼ਨ ਦਾ ਐਲਾਨ ਕੀਤਾ ਜਾਵੇਗਾ।





