ਭਲਕੇ ਬਿਜਲੀ ਮੰਤਰੀ ਦੀ ਰਿਹਾਇਸ਼ ਅੱਗੇ ਰੋਸ ਧਰਨਾ

0
109

ਪਟਿਆਲਾ : ਬਿਜਲੀ ਕਾਮਿਆਂ ਦੀਆਂ ਪ੍ਰਮੁੱਖ ਮੁਲਾਜ਼ਮ ਅਤੇ ਪੈਨਸ਼ਨਰ ਜਥੇਬੰਦੀਆਂ ’ਤੇ ਅਧਾਰਤ ਪੀ ਐੱਸ ਈ ਬੀ ਇੰਪਲਾਈਜ਼ ਜੁਆਇੰਟ ਫੋਰਮ, ਬਿਜਲੀ ਮੁਲਾਜ਼ਮ ਏਕਤਾ ਮੰਚ ਪੰਜਾਬ, ਐਸੋਸੀਏਸ਼ਨ ਆਫ ਜੂਨੀਅਰ ਇੰਜੀਨੀਅਰਜ਼, ਗਰਿੱਡ ਸਬ-ਸਟੇਸ਼ਨ ਇੰਪਲਾਈਜ਼ ਯੂਨੀਅਨ (ਰਜਿ ਨੰ 24) ਪਾਵਰਕਾਮ / ਟ੍ਰਾਂਸਕੋ ਪੈਨਸ਼ਨਰ ਯੂਨੀਅਨ ਏਟਕ ਪੰਜਾਬ, ਪੈਨਸ਼ਨਰ ਵੈੱਲਫੇਅਰ ਫੈਡਰੇਸ਼ਨ ਪਾਵਰਕਾਮ ਅਤੇ ਟ੍ਰਾਂਸਕੋ ਦੇ ਆਗੂਆਂ ਦੀ ਹੰਗਾਮੀ ਮੀਟਿੰਗ ਰਤਨ ਸਿੰਘ ਮਜਾਰੀ ਅਤੇ ਗੁਰਪ੍ਰੀਤ ਸਿੰਘ ਗੰਡੀਵਿੰਡ ਦੀ ਸਾਂਝੀ ਪ੍ਰਧਾਨਗੀ ਹੇਠ ਹੋਈ। ਇਸ ਮੀਟਿੰਗ ਦੀ ਕਾਰਵਾਈ ਬਾਰੇ ਬਿਆਨ ਜਾਰੀ ਕਰਦਿਆਂ ਮੁਲਾਜ਼ਮ ਆਗੂਆਂ ਨੇ ਦੱਸਿਆ ਕਿ 2 ਜੂਨ ਨੂੰ ਬਿਜਲੀ ਮੰਤਰੀ ਹਰਭਜਨ ਸਿੰਘ ਈ ਟੀ ਓ ਦੀ ਪ੍ਰਧਾਨਗੀ ਹੇਠ ਪੀ ਐੱਸ ਪੀ ਸੀ ਐੱਲ ਗੈਸਟ ਹਾਊਸ ਮੁਹਾਲੀ ਵਿਖੇ ਪਾਵਰ ਮੈਨਜਮੈਂਟ ਨਾਲ ਮੁਲਾਜ਼ਮ ਅਤੇ ਪੈਨਸ਼ਨਰ ਦੇ ਵਾਜਿਬ ਮਸਲਿਆਂ ਦੇ ਨਿਪਟਾਰੇ ਸੰਬੰਧੀ ਮੀਟਿੰਗ ਹੋਈ ਸੀ, ਜਿਸ ਵਿੱਚ ਪੰਜਾਬ ਸਰਕਾਰ ਅਤੇ ਪਾਵਰ ਮੈਨੇਜਮੈਂਟ ਵਿਚਾਲੇ ਕਾਫੀ ਮੰਗਾਂ ’ਤੇ ਸਹਿਮਤੀਆਂ ਬਣੀਆਂ ਸਨ, ਜਿਨ੍ਹਾਂ ਨੂੰ ਲਾਗੂ ਕਰਨ ਲਈ ਪਾਵਰ ਮੈਨੇਜਮੈਂਟ ਨੇ 10 ਦਿਨ ਦਾ ਸਮਾਂ ਤਹਿ ਕੀਤਾ ਸੀ ।ਆਗੂਆਂ ਨੇ ਅਫਸੋਸ ਜ਼ਾਹਰ ਕਰਦੇ ਹੋਏ ਕਿਹਾ ਕਿ ਲਗਭਗ 2 ਮਹੀਨੇ ਬੀਤ ਜਾਣ ਦੇ ਬਾਵਜੂਦ ਪਾਵਰ ਮੈਨੇਜਮੈਂਟ ਜਾਣਬੁੱਝ ਕੇ ਮਸਲਿਆਂ ਨੂੰ ਲਮਕਾ ਅਵਸਥਾ ਵਿੱਚ ਰੱਖ ਰਹੀ ਹੈ। ਆਗੂਆਂ ਕਿਹਾ ਕਿ ਪਾਵਰ ਮੈਨੇਜਮੈਂਟ ਗੈਰ-ਜ਼ਿੰਮੇਵਾਰਾਨਾ ਵਤੀਰਾ ਅਪਣਾਉਦੇ ਹੋਏ ਜਾਣਬੁੱਝ ਕੇ ਮੰਨੀਆਂ ਮੰਗਾਂ ਲਾਗੂ ਨਹੀਂ ਕਰ ਰਹੀ ।ਆਗੂਆਂ ਨੇ ਕਿਹਾ ਕਿ ਪੰਜਾਬ ਸਰਕਾਰ ਅਤੇ ਪਾਵਰ ਮੈਨੇਜਮੈਂਟ ਦੀ ਮੁਲਾਜ਼ਮ ਅਤੇ ਪੈਨਸ਼ਨਰ ਵਿਰੋਧੀ ਨੀਤੀ ਖਿਲਾਫ਼ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਵਿੱਚ ਭਾਰੀ ਰੋਸ ਪਾਇਆ ਜਾ ਰਿਹਾ ਹੈ, ਕਿਉਕਿ ਮੁਲਾਜ਼ਮਾਂ ਅਤੇ ਪੈਨਸ਼ਨਰ ਦੀਆਂ ਮੁੱਖ ਮੰਗਾਂ ਵੱਟੇ-ਖਾਤੇ ਪਾਉਣ ਤੋਂ ਇਲਾਵਾ ਪੰਜਾਬ ਸਰਕਾਰ ਅਦਾਰੇ ਅੰਦਰ ਨਿੱਜੀਕਰਨ ਦੀ ਲੋਕ ਵਿਰੋਧੀ ਨੀਤੀ ਨੂੰ ਲਗਾਤਾਰ ਬੜਾਵਾ ਦੇ ਰਹੀ ਹੈ ਅਤੇ ਪੰਜਾਹ ਹਜ਼ਾਰ ਦੇ ਕਰੀਬ ਖਾਲੀ ਪਈਆਂ ਅਸਾਮੀਆਂ ਨੂੰ ਰੈਗੂਲਰ ਭਰਤੀ ਰਾਹੀਂ ਭਰਨ ਦੀ ਬਜਾਏ ਖਤਮ ਕੀਤਾ ਜਾ ਰਿਹਾ ਹੈ। ਪਿਛਲੇ ਪੈਡੀ ਸੀਜ਼ਨ ਦੌਰਾਨ ਡਿਊਟੀ ਕਰਦਿਆਂ ਘਾਤਕ ਹਾਦਸਿਆਂ ਦਾ ਸ਼ਿਕਾਰ ਹੋਏ ਬਿਜਲੀ ਕਾਮਿਆਂ ਦੇ ਪਰਵਾਰਾਂ ਨੂੰ ਵਧੇ ਮੁਆਵਜ਼ੇ ਦੀ ਅਦਾਇਗੀ ਕਰਨ ਤੋਂ ਲਗਾਤਾਰ ਟਾਲ-ਮਟੋਲ ਕੀਤਾ ਜਾ ਰਿਹਾ ਅਤੇ ਜ਼ਖਮੀ ਕਾਮਿਆਂ ਨੂੰ ਕੈਸ਼ਲੈੱਸ ਇਲਾਜ ਦੀ ਸਹੂਲਤ ਨਹੀਂ ਦਿੱਤੀ ਜਾ ਰਹੀ ।ਇਸੇ ਤਰ੍ਹਾਂ 17 ਜੁਲਾਈ 2020 ਤੋਂ ਬਾਅਦ ਭਰਤੀ ਕਰਮਚਾਰੀਆਂ ਉਪਰ ਬਿਜਲੀ ਨਿਗਮ ਦੇ ਤਨਖਾਹ ਸਕੇਲ ਲਾਗੂ ਕਰਨ ਦੀ ਜਗ੍ਹਾ ਧੱਕੇ ਨਾਲ ਕੇਂਦਰੀ ਸਕੇਲ ਲਾਗੂ ਕੀਤੇ ਜਾ ਰਹੇ ਹਨ । ਹਰ ਰੋਜ਼ ਵਾਪਰ ਰਹੇ ਹਾਦਸਿਆਂ ਨਾਲ ਕਾਮਿਆਂ ਦੀਆਂ ਹੋ ਰਹੀਆਂ ਮੌਤਾਂ ’ਤੇ ਗੰਭੀਰਤਾ ਨਾਲ ਵਿਚਾਰ ਨਹੀਂ ਕੀਤਾ ਜਾ ਰਿਹਾ, ਸੋਲੇਸ਼ੀਅਮ ਪਾਲਿਸੀ ਰਾਹੀਂ ਭਰਤੀ ਕਰਮਚਾਰੀਆਂ ਤੋਂ ਮੋੜਨਯੋਗ ਰਕਮ ਉਪਰ 12 ਪ੍ਰਤੀਸ਼ਤ ਵਿਆਜ ਦੀ ਜਬਰੀ ਵਸੂਲੀ ਕਰਨ ਦੇ ਪੱਤਰ ਜਾਰੀ ਕਰਕੇ ਕਾਮਿਆਂ ਨੂੰ ਪਰੇਸ਼ਾਨ ਕੀਤਾ ਜਾ ਰਿਹਾ ਹੈ, ਪਰ ਮੁਲਾਜ਼ਮ ਵਿਰੋਧੀ ਪਾਲਿਸੀ ਵਿੱਚ ਬਣਦੀ ਸੋਧ ਨਹੀਂ ਕੀਤੀ ਜਾ ਰਹੀ, ਇਨ ਹਾਊਸ ਕੰਟ੍ਰੈਕਟ ਕਰਮਚਾਰੀਆਂ ਨੂੰ ਰੈਗੂਲਰ ਕਰਨ ਦੇ ਮਸਲੇ ਨੂੰ ਲਮਕਾ ਅਵਸਥਾ ਵਿੱਚ ਰੱਖ ਕੇ ਉਨ੍ਹਾਂ ਦਾ ਆਰਥਿਕ ਸ਼ੋਸ਼ਣ ਕੀਤਾ ਜਾ ਰਿਹਾ ਹੈ, ਜੇ ਈ ਕੇਡਰ ਅਤੇ ਫੀਲਡ ਸਟਾਫ ਦੀਆਂ ਮੁਸ਼ਕਲਾਂ ਦਾ ਹੱਲ ਜਾਣਬੁੱਝ ਕੇ ਨਹੀਂ ਕੀਤਾ ਜਾ ਰਿਹਾ, ਆਨੇ-ਬਹਾਨੇ ਕਰਮਚਾਰੀਆਂ ਦੀਆਂ ਸਿਆਸੀ ਅਧਾਰ ’ਤੇ ਕੀਤੀਆਂ ਨਜਾਇਜ਼ ਬਦਲੀਆਂ ਰੱਦ ਨਹੀਂ ਕੀਤੀਆਂ ਗਈਆਂ ,ਵੱਖ-ਵੱਖ ਸੀ ਆਰ ਏ ਰਾਹੀਂ ਭਰਤੀ ਲਾਈਨਮੈਨ/ ਐੱਸ ਐੱਸ ਏ ਕਰਮਚਾਰੀਆਂ ਦੇ ਕੰਟਰੈਕਟ ਸਮੇਂ ਦਾ ਲਾਭ ਨਾ ਦੇ ਕੇ ਮੁਲਾਜ਼ਮ ਵਰਗ ਨਾਲ ਧੱਕੇਸ਼ਾਹੀ ਕੀਤੀ ਜਾ ਰਹੀ ਹੈ। ਪੈਨਸ਼ਨਰਾਂ ਦੀ ਵਿਕਾਸ ਟੈਕਸ ਦੇ ਨਾਂਅ ’ਤੇ ਹਰੇਕ ਮਹੀਨੇ ਧੱਕੇ ਨਾਲ 200 ਰੁਪਏ ਦੀ ਕੀਤੀ ਜਾ ਰਹੀ ਕਟੌਤੀ ਬੰਦ ਨਹੀਂ ਕੀਤੀ ਜਾ ਰਹੀ। ਆਗੂਆਂ ਕਿਹਾ ਕਿ ਏ ਈ ਦੀ ਡਿਗਰੀ ਹੋਲਡਰ ਕੋਟੇ ਵਿੱਚ ਵਾਧੇ ਦੀ ਮੰਗ ਲਾਗੂ ਕਰਨ, ਭੱਤਿਆਂ ਵਿੱਚ ਵਾਧਾ ਕਰਨ, ਪਾਵਰਕਾਮ ਅਤੇ ਟ੍ਰਾਂਸਕੋ ਦੀਆਂ ਮਹਿਕਮਾਨਾ ਇਮਾਰਤਾਂ ਦੀ ਤਰਸਯੋਗ ਹਾਲਤ ਵਿੱਚ ਸੁਧਾਰ ਕਰਨ, ਦਫਤਰੀ ਕਰਮਚਾਰੀਆਂ ਲਈ ਵਾਤਾਵਰਨ ਦੇ ਅਨਕੂਲ ਦਫਤਰਾਂ ਵਿੱਚ ਬੈਠਣ ਦਾ, ਪੀਣ ਵਾਲੇ ਪਾਣੀ ਦਾ ਅਤੇ ਮਹਿਲਾ ਕਰਮਚਾਰੀਆਂ ਲਈ ਵੱਖਰੇ ਵਾਸ਼ਰੂਮਾਂ ਦਾ ਢੁਕਵਾਂ ਪ੍ਰਬੰਧ ਕਰਨ ਆਦਿ ਮੰਗਾਂ ਵੱਲ ਮੈਨੇਜਮੈਂਟ ਧਿਆਨ ਨਹੀਂ ਦੇ ਰਹੀ, ਜਿਸ ਦੇ ਰੋਸ ਵਜੋਂ ਬਿਜਲੀ ਕਰਮਚਾਰੀਆਂ ਵੱਲੋਂ 25 ਜੂਨ ਤੋਂ ਵਰਕ-ਟੂ-ਰੂਲ ਅਨੁਸਾਰ ਸਿਰਫ ਆਪਣੀ ਬਣਦੀ ਡਿਊਟੀ ਕਰਨ ਤੋਂ ਇਲਾਵਾ 11 ਜੁਲਾਈ ਤੋਂ 22 ਜੁਲਾਈ ਤੱਕ ਸਮੁੱਚੇ ਸਰਕਲਾਂ ਵਿੱਚ ਰੋਸ ਧਰਨੇ ਦੇਣ ਤੋਂ ਬਾਅਦ 24 ਜੁਲਾਈ ਨੂੰ ਡਵੀਜ਼ਨ ਪੱਧਰ ’ਤੇ ਰੋਸ ਰੈਲੀਆ ਕਰਨ ਦੇ ਬਾਅਦ ਬਿਜਲੀ ਕਾਮੇ ਅਤੇ ਪੈਨਸ਼ਨਰ ਪਾਵਰ ਮੈਨੇਜਮੈਂਟ ਅਤੇ ਪੰਜਾਬ ਸਰਕਾਰ ਦੀ ਵਾਅਦਾਖਿਲਾਫ਼ੀ ਵਿਰੁੱਧ 27 ਜੁਲਾਈ ਨੂੰ ਬਿਜਲੀ ਮੰਤਰੀ ਦੀ ਨਿਊ ਅੰਮਿ੍ਰਤਸਰ ਰਿਹਾਇਸ਼ ਅੱਗੇ ਵਿਸ਼ਾਲ ਰੋਸ ਧਰਨਾ ਲਗਾ ਕੇ ਰੋਸ ਮਾਰਚ ਕਰਨਗੇ। ਮੀਟਿੰਗ ਦੌਰਾਨ ਇਹ ਫੈਸਲਾ ਵੀ ਕੀਤਾ ਗਿਆ ਕਿ ਜੇਕਰ ਪੰਜਾਬ ਸਰਕਾਰ ਅਤੇ ਮੈਨੇਜਮੈਂਟ ਨੇ ਮੰਨੀਆਂ ਮੰਗਾਂ ਲਾਗੂ ਨਾ ਕੀਤੀਆਂ ਤਾਂ ਬਿਜਲੀ ਕਾਮੇ ਮਜਬੂਰਨ ਸੰਘਰਸ਼ ਨੂੰ ਹੋਰ ਤਿੱਖਾ ਕਰਦੇ ਹੋਏ 11 ਅਗਸਤ ਤੋਂ 13 ਅਗਸਤ ਤੱਕ ਸਮੂਹਿਕ ਛੁੱਟੀ ਭਰ ਕੇ ਸਮੁੱਚੇ ਪੰਜਾਬ ਦੇ ਬਿਜਲੀ ਦਫਤਰਾਂ ਸਾਹਮਣੇ ਪ੍ਰਦਰਸ਼ਨ ਕਰਨਗੇ, ਜਿਸ ਦੀ ਜ਼ਿੰਮੇਵਾਰੀ ਪੰਜਾਬ ਸਰਕਾਰ ਅਤੇ ਬਿਜਲੀ ਨਿਗਮ ਦੀ ਮੈਨੇਜਮੈਂਟ ਦੀ ਹੋਵੇਗੀ।
ਮੀਟਿੰਗ ਵਿੱਚ ਮੁਲਾਜ਼ਮ ਆਗੂ ਹਰਪਾਲ ਸਿੰਘ, ਗੁਰਵੇਲ ਸਿੰਘ ਬੱਲਪੁਰੀਆ, ਗੁਰਭੇਜ ਸਿੰਘ ਢਿੱਲੋਂ, ਰਣਜੀਤ ਸਿੰਘ ਢਿੱਲੋਂ, ਜਸਵੀਰ ਸਿੰਘ ਆਂਡਲੂ, ਸੁਰਿੰਦਰਪਾਲ ਲਾਹੌਰੀਆ, ਰਵੇਲ ਸਿੰਘ ਸਹਾਏਪੁਰ, ਦੇਵਿੰਦਰ ਸਿੰਘ ਪਿਸੌਰ, ਬਲਜੀਤ ਸਿੰਘ ਮੋਦਲਾ, ਗੁਰਵਿੰਦਰ ਸਿੰਘ, ਚਮਕੌਰ ਸਿੰਘ ਬਰਮੀ, ਕੇਵਲ ਸਿੰਘ ਬਨਵੈਤ, ਬੀ ਐੱਸ ਸੇਖੋਂ, ਸਰਬਜੀਤ ਸਿੰਘ ਭਾਣਾ, ਪਵਨਪ੍ਰੀਤ ਸਿੰਘ, ਕੁਲਵਿੰਦਰ ਸਿੰਘ ਢਿੱਲੋਂ, ਗੁਰਤੇਜ ਸਿੰਘ ਪੱਖੋ, ਬਾਬਾ ਅਮਰਜੀਤ ਸਿੰਘ, ਸੁਖਵਿੰਦਰ ਸਿੰਘ ਚਾਹਲ, ਰਘਬੀਰ ਸਿੰਘ, ਰਛਪਾਲ ਸਿੰਘ ਪਾਲੀ, ਕੌਰ ਸਿੰਘ ਸੋਹੀ, ਕੁਲਵੰਤ ਸਿੰਘ, ਲਖਵੰਤ ਸਿੰਘ ਦਿਉਲ ਆਦਿ ਆਗੂਆਂ ਨੇ ਹਿੱਸਾ ਲਿਆ।