ਦੁੱਧ ਦੀ ਥਾਂ ਪਾਣੀ ਪਿਆ ਰਹੀਆਂ ਮਾਵਾਂ

0
98

ਦੀਰ-ਅਲ-ਬਲਾਹ (ਕੇਂਦਰੀ ਗਾਜ਼ਾ)
ਗਾਜ਼ਾ ਸਰਕਾਰ ਨੇ ਕਿਹਾ ਹੈ ਕਿ ਇਜ਼ਰਾਈਲ ਵੱਲੋਂ ਬੇਬੀ ਮਿਲਕ ਤੇ ਬੱਚਿਆਂ ਦੀ ਹੋਰ ਖੁਰਾਕ ਦੀ ਸਪਲਾਈ ਰੋਕ ਦੇਣ ਕਾਰਨ ਕੁਝ ਦਿਨਾਂ ਵਿੱਚ ਹੀ 40 ਹਜ਼ਾਰ ਬੱਚਿਆਂ ਸਣੇ ਦੋ ਸਾਲ ਤੋਂ ਹੇਠਲੇ ਇੱਕ ਲੱਖ ਬੱਚਿਆਂ ਦੇ ਮਰਨ ਦਾ ਖਤਰਾ ਹੈ। ਮਾਵਾਂ ਨਵਜੰਮੇ ਬੱਚਿਆਂ ਨੂੰ ਦੁੱਧ ਦੀ ਥਾਂ ਪਾਣੀ ਪਿਆ ਰਹੀਆਂ ਹਨ।
ਅਲ-ਅਹਲੀ ਹਸਪਤਾਲ ਦੇ ਇੱਕ ਸੂਤਰ ਨੇ ਦੱਸਿਆ ਕਿ ਦੁੱਧ ਖੁਣੋਂ ਸੱਤ ਸਾਲ ਦਾ ਬੱਚਾ ਮਰ ਗਿਆ ਹੈ। ਇਸ ਤੋਂ ਪਹਿਲਾਂ ਖੁਰਾਕ ਖੁਣੋਂ ਇੱਕ ਬੱਚਾ ਮਰ ਗਿਆ ਸੀ। ਕੁਲ ਮਿਲਾ ਕੇ ਪਿਛਲੇ 24 ਘੰਟਿਆਂ ਵਿੱਚ ਪੰਜ ਲੋਕ ਭੁੱਖ ਨਾਲ ਮਾਰੇ ਗਏ ਹਨ। ਜਦੋਂ ਤੋਂ ਇਜ਼ਰਾਈਲ ਹਮਲੇ ਕਰ ਰਿਹਾ ਹੈ, 120 ਤੋਂ ਵੱਧ ਲੋਕ ਖੁਰਾਕ ਖੁਣੋਂ ਮਰੇ ਹਨ, ਜਿਨ੍ਹਾਂ ਵਿੱਚੋਂ 80 ਤੋਂ ਵੱਧ ਨਿੱਕੇ ਬੱਚੇ ਸਨ।
ਲੋਕਾਂ ਦੀ ਔਖੇ ਵੇਲੇ ਮਦਦ ਕਰਨ ਵਾਲੇ ਡਾਕਟਰਾਂ ਦੀ ਹਾਲਤ ਵੀ ਖਰਾਬ ਹੋਈ ਪਈ ਹੈ। ਖੁਰਾਕ ਤੇ ਆਰਾਮ ਨਾ ਮਿਲਣ ਕਾਰਨ ਉਹ ਬੇਹੋਸ਼ ਤੱਕ ਹੋ ਰਹੇ ਹਨ। ਉਨ੍ਹਾਂ ਨੂੰ ਬੇਹਿਸਾਬੀ ਡਿਊਟੀ ਦੇਣੀ ਪੈ ਰਹੀ ਹੈ। ਹਸਪਤਾਲਾਂ ਵਿੱਚ ਵੱਡੀ ਗਿਣਤੀ ਵਿੱਚ ਜ਼ਖਮੀ ਲੋਕ ਪੁੱਜ ਰਹੇ ਹਨ ਅਤੇ ਦਵਾਈਆਂ ਦੀ ਬਹੁਤ ਘਾਟ ਹੈ। ਇਨ੍ਹਾਂ ਦੀ ਹਾਲਤ ਦੇਖ ਕੇ ਡਾਕਟਰ ਸਦਮੇ ਦਾ ਸ਼ਿਕਾਰ ਹੋ ਰਹੇ ਹਨ।
ਇਸੇ ਦੌਰਾਨ ਬਰਤਾਨੀਆ ਦੇ ਪ੍ਰਧਾਨ ਮੰਤਰੀ ਕੀਰ ਸਟਾਰਮਰ ਨੇ ਅਖਬਾਰ ‘ਡੇਲੀ ਮਿਰਰ’ ਵਿੱਚ ਲਿਖੇ ਲੇਖ ਵਿੱਚ ਕਿਹਾ ਹੈ ਕਿ ਗਾਜ਼ਾ ਵਿੱਚ ਭੁੱਖਮਰੀ ਦੀਆਂ ਤਸਵੀਰਾਂ ਹੌਲਨਾਕ ਹਨ। ਬੱਚਿਆਂ ਤੱਕ ਮਾਨਵੀ ਮਦਦ ਰੋਕਣਾ ਇੱਕਦਮ ਗੈਰਵਾਜਬ ਹੈ। ਇਹ ਮਾਨਵੀ ਤਬਾਹੀ ਹੈ। ਇਹ ਹੁਣੇ ਖਤਮ ਹੋਣੀ ਚਾਹੀਦੀ ਹੈ। ਬਰਤਾਨੀਆ ਵੱਲੋਂ ਭੇਜੀ ਗਈ ਮਾਨਵੀ ਮਦਦ ਲੋੜਵੰਦਾਂ ਤੱਕ ਨਹੀਂ ਪੁੱਜ ਰਹੀ। ਉਨ੍ਹਾ ਦੀ ਸਰਕਾਰ ਗਾਜ਼ਾ ਵਿੱਚ ਜਿਨ੍ਹਾਂ ਬੱਚਿਆਂ ਦੀ ਹਾਲਤ ਨਾਜ਼ੁਕ ਹੈ, ਉਨ੍ਹਾਂ ਨੂੰ ਇਲਾਜ ਲਈ ਬਰਤਾਨੀਆ ਲਿਆਉਣ ਦੀਆਂ ਕੋਸ਼ਿਸ਼ਾਂ ਤੇਜ਼ ਕਰ ਰਹੀ ਹੈ। ਇੱਕ ਹੋਰ ਘਟਨਾਕ੍ਰਮ ਵਿੱਚ ਬਰਤਾਨੀਆ ਦੀਆਂ ਵੱਖ-ਵੱਖ ਪਾਰਟੀਆਂ ਦੇ 221 ਸੰਸਦ ਮੈਂਬਰਾਂ ਨੇ ਪ੍ਰਧਾਨ ਮੰਤਰੀ ਸਟਾਰਮਰ ’ਤੇ ਜ਼ੋਰ ਪਾਇਆ ਹੈ ਕਿ ਉਹ ਅਗਲੇ ਹਫਤੇ ਫਲਸਤੀਨ ’ਤੇ ਸੰਯੁਕਤ ਰਾਸ਼ਟਰ ਦੀ ਬੈਠਕ ਤੋਂ ਪਹਿਲਾਂ ਫਲਸਤੀਨ ਰਾਜ ਨੂੰ ਮਾਨਤਾ ਦੇਣ। ਫਰਾਂਸ ਦੇ ਰਾਸ਼ਟਰਪਤੀ ਮੈਕ੍ਰੋਂ ਸੰਯੁਕਤ ਰਾਸ਼ਟਰ ਵਿੱਚ ਫਲਸਤੀਨ ਨੂੰ ਰਾਜ ਵਜੋਂ ਮਾਨਤਾ ਦੇਣ ਦਾ ਸੰਯੁਕਤ ਰਾਸ਼ਟਰ ਵਿੱਚ ਸਤੰਬਰ ’ਚ ਐਲਾਨ ਕਰਨ ਦੀ ਗੱਲ ਕਹਿ ਚੁੱਕੇ ਹਨ।
ਮਾਨਵੀ ਸਹਾਇਤਾ ਰੋਕਣ ਲਈ ਇਜ਼ਰਾਈਲੀ ਨਾਕੇ ਖਤਮ ਕਰਾਉਣ ਲਈ ਅਮਰੀਕੀ ਸ਼ਹਿਰਾਂ ਵਾਸ਼ਿੰਗਟਨ, ਸ਼ਿਕਾਗੋ ਤੇ ਸਾਂ ਫਰਾਂਸਿਸਕੋ ਅਤੇ ਚਿੱਲੀ ’ਚ ਲੋਕਾਂ ਨੇ ਸ਼ੁੱਕਰਵਾਰ ਮੁਜ਼ਾਹਰੇ ਕੀਤੇ।
ਉਧਰ, ਇਜ਼ਰਾਈਲ ਨੇ ਹਮਾਸ ਉੱਤੇ ਬੰਬਾਰੀ ਦੇ ਨਾਂਅ ’ਤੇ ਗਾਜ਼ਾ ਵਿੱਚ 24 ਘੰਟਿਆਂ ਵਿੱਚ 100 ਵਾਰ ਬੰਬਾਰੀ ਕੀਤੀ ਹੈ। ਇਸ ਨਾਲ ਭੋਜਨ ਲਈ ਵਿਲ੍ਹਕਦੇ 14 ਲੋਕਾਂ ਸਣੇ 30 ਲੋਕ ਮਾਰੇ ਗਏ ਹਨ।