ਅੰਮਿ੍ਰਤਸਰ : ਬਿਜਲੀ ਕਾਮਿਆਂ ਦੀਆਂ ਪ੍ਰਮੁੱਖ ਮੁਲਾਜ਼ਮ ਅਤੇ ਪੈਨਸ਼ਨਰ ਜਥੇਬੰਦੀਆਂ ਦੇ ਅਧਾਰਤ ਪੀ ਐਸ ਈ ਬੀ ਇੰਪਲਾਈਜ਼ ਜੁਆਇੰਟ ਫੋਰਮ, ਬਿਜਲੀ ਮੁਲਾਜ਼ਮ ਏਕਤਾ ਮੰਚ ਪੰਜਾਬ, ਐਸੋਸੀਏਸ਼ਨ ਆਫ ਜੂਨੀਅਰ ਇੰਜੀਨੀਅਰਜ਼, ਗਰਿੱਡ ਸਬ ਸਟੇਸ਼ਨ ਇੰਪਲਾਈਜ਼ ਯੂਨੀਅਨ (ਰਜਿ ਨੰ 24) ਪਾਵਰਕਾਮ ਟ੍ਰਾਂਸਕੋ ਪੈਨਸ਼ਨਰ ਯੂਨੀਅਨ ਏਟਕ ਪੰਜਾਬ, ਪੈਨਸ਼ਨਰ ਵੈਲਫੇਅਰ ਫੈਡਰੇਸ਼ਨ (ਪਹਿਲਵਾਨ) ਪਾਵਰਕਾਮ ਅਤੇ ਟ੍ਰਾਂਸਕੋ ਦੇ ਸੂਬਾ ਪੱਧਰੀ ਸੱਦੇ ’ਤੇ ਐਤਵਾਰ ਹਜ਼ਾਰਾਂ ਦੀ ਗਿਣਤੀ ਵਿੱਚ ਬਿਜਲੀ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਨੇ ਬਿਜਲੀ ਮੰਤਰੀ ਦੀ ਰਿਹਾਇਸ਼ ਨਿਊ ਅੰਮਿ੍ਰਤਸਰ ਵਿਖੇ ਮੁਲਾਜ਼ਮ ਆਗੂ ਰਤਨ ਸਿੰਘ ਮਜਾਰੀ ਅਤੇ ਗੁਰਪ੍ਰੀਤ ਸਿੰਘ ਗੰਡੀਵਿੰਡ ਦੀ ਸਾਂਝੀ ਅਗਵਾਈ ਹੇਠ ਵਿਸ਼ਾਲ ਰੋਸ ਧਰਨਾ ਲਗਾ ਕੇ ਮੰਨੀਆਂ ਮੰਗਾਂ ਲਾਗੂ ਨਾ ਕਰਨ ਦੇ ਵਿਰੁੱਧ ਰੰਗ ਬਰੰਗੇ ਝੰਡਿਆਂ ਦੀ ਅਗਵਾਈ ਹੇਠ ਰੋਸ ਮਾਰਚ ਕੀਤਾ।ਧਰਨਾਕਾਰੀਆਂ ਨੂੰ ਸੰਬੋਧਨ ਕਰਦਿਆਂ ਆਗੂਆਂ ਨੇ ਪਾਵਰ ਮੈਨੇਜਮੈਂਟ ਅਤੇ ਪੰਜਾਬ ਸਰਕਾਰ ’ਤੇ ਦੋਸ਼ ਲਗਾਉਦਿਆਂ ਕਿਹਾ ਕਿ 2 ਜੂਨ ਨੂੰ ਬਿਜਲੀ ਮੰਤਰੀ ਦੀ ਪ੍ਰਧਾਨਗੀ ਹੇਠ ਪੀ ਐਸ ਪੀ ਸੀ ਐਲ ਗੈਸਟ ਹਾਊਸ ਮੁਹਾਲੀ ਵਿਖੇ ਪਾਵਰ ਮੈਨੇਜਮੈਂਟ ਨਾਲ ਜਥੇਬੰਦੀਆਂ ਦੀ ਹੋਈ ਮੀਟਿੰਗ ਸਮੇਂ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਦੀਆਂ ਜੋ ਮੰਗਾਂ ਮੰਨੀਆਂ ਗਈਆਂ ਸਨ, ਦੋ ਮਹੀਨੇ ਬੀਤ ਜਾਣ ਦੇ ਬਾਵਜੂਦ ਉਨ੍ਹਾਂ ਨੂੰ ਲਾਗੂ ਨਹੀਂ ਕੀਤਾ ਜਾ ਰਿਹਾ।ਜਿਸ ਦੇ ਰੋਸ ਵਜੋਂ ਪੰਜਾਬ ਦੇ ਕੋਨੇ ਕੋਨੇ ਤੋਂ ਕੜਾਕੇ ਦੀ ਗਰਮੀ ਦੇ ਮੌਸਮ ਵਿੱਚ ਪਹੁੰਚੇ ਮੁਲਾਜ਼ਮ ਅਤੇ ਪੈਨਸ਼ਨਰ ਪਾਵਰ ਮੈਨੇਜਮੈਂਟ ਅਤੇ ਬਿਜਲੀ ਮੰਤਰੀ ਵੱਲੋਂ ਕੀਤੀ ਗਈ ਵਾਅਦਾ ਖਿਲਾਫ਼ੀ ਵਿਰੁੱਧ ਆਪਣੀ ਅਵਾਜ਼ ਬੁਲੰਦ ਕਰਨ ਲਈ ਮੰਤਰੀ ਦੀ ਰਿਹਾਇਸ਼ ’ਤੇ ਰੋਹ ਦਾ ਪ੍ਰਗਟਾਵਾ ਕਰਨ ਵਹੀਰਾਂ ਘੱਤ ਕੇ ਪਹੁੰਚੇ ਹਨ।ਬੁਲਾਰਿਆਂ ਨੇ ਕਿਹਾ ਕਿ ਮੀਟਿੰਗ ਵਿੱਚ ਕਾਫੀ ਮੰਗਾਂ ’ਤੇ ਸਹਿਮਤੀਆਂ ਬਣੀਆਂ ਸਨ, ਜਿਨ੍ਹਾਂ ਨੂੰ ਲਾਗੂ ਕਰਨ ਲਈ ਪਾਵਰ ਮੈਨੇਜਮੈਂਟ ਨੇ 10 ਦਿਨ ਦਾ ਸਮਾਂ ਤੈਅ ਕੀਤਾ ਸੀ ਪਰ ਲਗਭਗ 2 ਮਹੀਨੇ ਬੀਤ ਜਾਣ ਦੇ ਬਾਵਜੂਦ ਪਾਵਰ ਮੈਨੇਜਮੈਂਟ ਜਾਣਬੁੱਝ ਕੇ ਮੰਨੀਆਂ ਮੰਗਾਂ ਨੂੰ ਲਾਗੂ ਨਹੀਂ ਕਰ ਰਹੀ।ਆਗੂਆਂ ਨੇ ਅਫਸੋਸ ਜ਼ਾਹਰ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਅਤੇ ਪਾਵਰ ਮੈਨੇਜਮੈਂਟ ਦੀ ਮੁਲਾਜ਼ਮ ਅਤੇ ਪੈਨਸ਼ਨਰ ਵਿਰੋਧੀ ਨੀਤੀ ਖਿਲਾਫ਼ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਵਿੱਚ ਭਾਰੀ ਰੋਸ ਪਾਇਆ ਜਾ ਰਿਹਾ ਹੈ ਕਿਉਕਿ ਮੁਲਾਜ਼ਮਾਂ ਅਤੇ ਪੈਨਸ਼ਨਰ ਦੀਆਂ ਮੁੱਖ ਮੰਗਾਂ ਜਿਵੇਂ ਮਹਿੰਗਾਈ ਭੱਤਾ ਜੋ 13 ਪ੍ਰਤੀਸ਼ਤ ਬਕਾਇਆ ਹੈ, ਜਾਰੀ ਨਹੀਂ ਕੀਤਾ ਜਾ ਰਿਹਾ, ਪੁਰਾਣੀ ਪੈਨਸ਼ਨ ਸਕੀਮ ਦੀ ਬਹਾਲੀ, ਤਨਖਾਹ/ਪੈਨਸ਼ਨ ਸੋਧ ਦੀਆਂ ਤਰੁਟੀਆਂ ਦੂਰ ਕਰਨ ਅਤੇ ਬਕਾਏ ਦੇਣ ਆਦਿ ਮੰਗਾਂ ਵੱਟੇ ਖਾਤੇ ਪਾਉਣ ਤੋਂ ਇਲਾਵਾ ਪੰਜਾਬ ਸਰਕਾਰ ਅਦਾਰੇ ਅੰਦਰ ਨਿੱਜੀਕਰਨ ਦੀ ਲੋਕ ਵਿਰੋਧੀ ਨੀਤੀ ਨੂੰ ਲੁਕਵੇਂ ਤਰੀਕੇ ਨਾਲ ਲਾਗੂ ਕਰ ਰਹੀ ਹੈ ਅਤੇ ਪੰਜਾਹ ਹਜ਼ਾਰ ਦੇ ਕਰੀਬ ਖਾਲੀ ਪਈਆਂ ਅਸਾਮੀਆਂ ਨੂੰ ਰੈਗੂਲਰ ਭਰਤੀ ਰਾਹੀਂ ਭਰਨ ਦੀ ਬਜਾਏ ਖਤਮ ਕੀਤਾ ਜਾ ਰਿਹਾ ਹੈ। ਪਿਛਲੇ ਪੈਡੀ ਸੀਜ਼ਨ ਦੌਰਾਨ ਡਿਊਟੀ ਕਰਦਿਆਂ ਘਾਤਕ ਹਾਦਸਿਆਂ ਦਾ ਸ਼ਿਕਾਰ ਹੋਏ ਬਿਜਲੀ ਕਾਮਿਆਂ ਦੇ ਪਰਵਾਰਾਂ ਨੂੰ ਵਧੇ ਮੁਆਵਜ਼ੇ ਦੀ ਅਦਾਇਗੀ ਕਰਨ ਤੋਂ ਲਗਾਤਾਰ ਟਾਲ ਮਟੋਲ ਕੀਤਾ ਜਾ ਰਿਹਾ ਹੈ ਅਤੇ ਜ਼ਖਮੀ ਕਾਮਿਆਂ ਨੂੰ ਕੈਸ਼ਲੈਸ ਇਲਾਜ ਦੀ ਸਹੂਲਤ ਨਹੀਂ ਦਿੱਤੀ ਜਾ ਰਹੀ ।ਇਸੇ ਤਰ੍ਹਾਂ 17 ਜੁਲਾਈ 2020 ਤੋਂ ਬਾਅਦ ਭਰਤੀ ਕਰਮਚਾਰੀਆਂ ਉੱਪਰ ਬਿਜਲੀ ਨਿਗਮ ਦੇ ਤਨਖਾਹ ਸਕੇਲ ਲਾਗੂ ਕਰਨ ਦੀ ਜਗ੍ਹਾ ਧੱਕੇ ਨਾਲ ਕੇਂਦਰੀ ਸਕੇਲ ਲਾਗੂ ਕੀਤੇ ਜਾ ਰਹੇ ਹਨ ।ਹਰ ਰੋਜ਼ ਵਾਪਰ ਰਹੇ ਹਾਦਸਿਆਂ ਨਾਲ ਕਾਮਿਆਂ ਦੀਆਂ ਹੋ ਰਹੀਆਂ ਮੌਤਾਂ ’ਤੇ ਗੰਭੀਰਤਾ ਨਾਲ ਵਿਚਾਰ ਨਹੀਂ ਕੀਤਾ ਜਾ ਰਿਹਾ, ਸੋਲੇਸ਼ੀਅਮ ਪਾਲਿਸੀ ਰਾਹੀਂ ਭਰਤੀ ਕਰਮਚਾਰੀਆਂ ਤੋਂ ਮੋੜਨਯੋਗ ਰਕਮ ਉਪਰ 12 ਪ੍ਰਤੀਸ਼ਤ ਵਿਆਜ ਦੀ ਜਬਰੀ ਵਸੂਲੀ ਕਰਨ ਦੇ ਪੱਤਰ ਜਾਰੀ ਕਰਕੇ ਕਾਮਿਆਂ ਨੂੰ ਪਰੇਸ਼ਾਨ ਕੀਤਾ ਜਾ ਰਿਹਾ ਹੈ, ਮੁਲਾਜ਼ਮ ਵਿਰੋਧੀ ਪਾਲਿਸੀ ਵਿੱਚ ਬਣਦੀ ਸੋਧ ਨਹੀਂ ਕੀਤੀ ਜਾ ਰਹੀ, ਇਨ ਹਾਊਸ ਕੰਟ੍ਰੈਕਟ ਕਰਮਚਾਰੀਆਂ ਨੂੰ ਰੈਗੂਲਰ ਕਰਨ ਦੇ ਮਸਲੇ ਨੂੰ ਲਮਕਾ ਅਵਸਥਾ ਵਿੱਚ ਰੱਖ ਕੇ ਉਨ੍ਹਾਂ ਦਾ ਆਰਥਿਕ ਸ਼ੋਸ਼ਣ ਕੀਤਾ ਜਾ ਰਿਹਾ ਹੈ, ਸੋਧੇ ਸਕੇਲ ਲਾਗੂ ਹੋਣ ਤੋਂ ਬਾਅਦ ਤਰੱਕੀ ਪਾ ਰਹੇ ਕਾਮਿਆਂ ਨੂੰ ਪੇ ਬੈਂਡ ਤੋਂ ਬਿਨਾਂ ਤਨਖਾਹ ਦਿੱਤੀ ਜਾ ਰਹੀ ਹੈ, ਗਰਿੱਡ ਸਟਾਫ, ਜੇ ਈ ਕੇਡਰ ਅਤੇ ਫੀਲਡ ਸਟਾਫ ਦੀਆਂ ਮੁਸ਼ਕਲਾਂ ਦਾ ਹੱਲ ਜਾਣਬੁੱਝ ਕੇ ਨਹੀਂ ਕੀਤਾ ਜਾ ਰਿਹਾ, ਆਨੇ ਬਹਾਨੇ ਕਰਮਚਾਰੀਆਂ ਦੀਆਂ ਸਿਆਸੀ ਅਧਾਰ ’ਤੇ ਕੀਤੀਆਂ ਨਜਾਇਜ਼ ਬਦਲੀਆਂ ਰੱਦ ਨਹੀਂ ਕੀਤੀਆ ਗਈਆਂ, ਵੱਖ ਵੱਖ ਸੀ ਆਰ ਏ ਰਾਹੀਂ ਭਰਤੀ ਲਾਈਨਮੈਨ/ਐਸ ਐਸ ਏ ਕਰਮਚਾਰੀਆਂ ਦੇ ਕੰਟਰੈਕਟ ਸਮੇਂ ਦਾ ਲਾਭ ਨਾ ਦੇ ਕੇ ਮੁਲਾਜ਼ਮ ਵਰਗ ਨਾਲ ਧੱਕੇਸ਼ਾਹੀ ਕੀਤੀ ਜਾ ਰਹੀ ਹੈ, ਪਾਰਟ ਟਾਈਮ ਸਵੀਪਰਾਂ ਨੂੰ ਪੱਕਾ ਨਹੀਂ ਕੀਤਾ ਜਾ ਰਿਹਾ, ਪੈਨਸ਼ਨਰਾਂ ਦੀ ਵਿਕਾਸ ਟੈਕਸ ਦੇ ਨਾਂਅ ’ਤੇ ਹਰੇਕ ਮਹੀਨੇ ਧੱਕੇ ਨਾਲ 200 ਰੁਪਏ ਦੀ ਕੀਤੀ ਜਾ ਰਹੀ ਕਟੌਤੀ ਬੰਦ ਨਹੀਂ ਕੀਤੀ ਜਾ ਰਹੀ। ਆਗੂਆਂ ਨੇ ਸੀ ਐਚ ਬੀ ਅਤੇ ਪੈਸਕੋ ਰਾਹੀਂ ਭਰਤੀ ਕਾਮਿਆਂ ਨੂੰ ਮਹਿਕਮੇ ਵਿੱਚ ਸਮਾਉਣ ’ਤੇ ਜ਼ੋਰ ਦੇਣ ਤੋਂ ਇਲਾਵਾ ਏ ਈ ਦੀ ਡਿਗਰੀ ਹੋਲਡਰ ਕੋਟੇ ਵਿੱਚ ਵਾਧੇ ਦੀ ਮੰਗ ਲਾਗੂ ਕਰਨ, ਭੱਤਿਆਂ ਵਿੱਚ ਵਾਧਾ ਕਰਨ, ਪਾਵਰਕਾਮ ਅਤੇ ਟ੍ਰਾਂਸਕੋ ਦੀਆਂ ਮਹਿਕਮਾਨਾਂ ਇਮਾਰਤਾਂ ਦੀ ਤਰਸਯੋਗ ਹਾਲਤ ਵਿੱਚ ਸੁਧਾਰ ਕਰਨ, ਦਫਤਰੀ ਕਰਮਚਾਰੀਆਂ ਲਈ ਵਾਤਾਵਰਣ ਦੇ ਅਨੁਕੂਲ ਦਫਤਰਾਂ ਵਿੱਚ ਬੈਠਣ ਦਾ, ਪੀਣ ਵਾਲੇ ਪਾਣੀ ਦਾ ਅਤੇ ਮਹਿਲਾ ਕਰਮਚਾਰੀਆਂ ਲਈ ਵੱਖਰੇ ਵਾਸ਼ਰੂਮਾਂ ਦਾ ਢੁਕਵਾਂ ਪ੍ਰਬੰਧ ਕਰਨ ਆਦਿ ਮੰਗਾਂ ਵੱਲ ਮੈਨੇਜਮੈਂਟ ਧਿਆਨ ਨਹੀਂ ਦੇ ਰਹੀ।ਜਿਸ ਦੇ ਰੋਸ ਵਜੋਂ ਬਿਜਲੀ ਕਰਮਚਾਰੀਆਂ ਵੱਲੋਂ 25 ਜੂਨ ਤੋਂ ਲਗਾਤਾਰ ਵਰਕ ਟੂ ਰੂਲ ਅਨੁਸਾਰ ਸਿਰਫ ਆਪਣੀ ਬਣਦੀ ਡਿਊਟੀ ਕਰਨ ਤੋਂ ਇਲਾਵਾ 11 ਜੁਲਾਈ ਤੋਂ 22 ਜੁਲਾਈ ਤੱਕ ਸਮੁੱਚੇ ਸਰਕਲਾਂ ਵਿੱਚ ਰੋਸ ਧਰਨੇ ਦੇਣ ਤੋਂ ਬਾਅਦ 24 ਜੁਲਾਈ ਨੂੰ ਡਵੀਜ਼ਨ ਪੱਧਰ ’ਤੇ ਰੋਸ ਰੈਲੀਆਂ ਕਰਨ ਦੇ ਬਾਅਦ ਅੱਜ ਬਿਜਲੀ ਕਾਮੇ ਅਤੇ ਪੈਨਸ਼ਨਰ ਪਾਵਰ ਮੈਨੇਜਮੈਂਟ ਅਤੇ ਪੰਜਾਬ ਸਰਕਾਰ ਦੀ ਵਾਅਦਾ ਖਿਲਾਫ਼ੀ ਵਿਰੁੱਧ ਬਿਜਲੀ ਮੰਤਰੀ ਦੀ ਰਿਹਾਇਸ਼ ਅੱਗੇ ਵਿਸ਼ਾਲ ਰੋਸ ਧਰਨਾ ਲਗਾ ਕੇ ਰੋਸ ਦਾ ਪ੍ਰਗਟਾਵਾ ਕਰ ਰਹੇ ਹਨ।ਆਗੂਆਂ ਨੇ ਦੱਸਿਆ ਕਿ ਜੇਕਰ ਪੰਜਾਬ ਸਰਕਾਰ ਅਤੇ ਮੈਨੇਜਮੈਂਟ ਨੇ ਮੰਨੀਆਂ ਮੰਗਾਂ ਲਾਗੂ ਨਾ ਕੀਤੀਆਂ ਤਾਂ ਬਿਜਲੀ ਕਾਮੇ ਮਜਬੂਰਨ ਸੰਘਰਸ਼ ਨੂੰ ਹੋਰ ਤਿੱਖਾ ਕਰਦੇ ਹੋਏ 11 ਅਗਸਤ ਤੋਂ 13 ਅਗਸਤ ਤੱਕ ਸਮੂਹਿਕ ਛੁੱਟੀ ਭਰ ਕੇ ਸਮੁੱਚੇ ਪੰਜਾਬ ਦੇ ਬਿਜਲੀ ਦਫਤਰਾਂ ਸਾਹਮਣੇ ਪ੍ਰਦਰਸ਼ਨ ਕਰਦੇ ਹੋਏ ਮਜਬੂਰਨ ਅਦਾਰੇ ਦਾ ਸਮੁੱਚਾ ਕੰਮਕਾਜ ਠੱਪ ਕਰਨਗੇ।ਜਿਸ ਦੀ ਜ਼ਿੰਮੇਵਾਰੀ ਪੰਜਾਬ ਸਰਕਾਰ ਅਤੇ ਬਿਜਲੀ ਨਿਗਮ ਦੀ ਮੈਨੇਜਮੈਂਟ ਦੀ ਹੋਵੇਗੀ। ਧਰਨਾਕਾਰੀਆਂ ਦੇ ਰੋਹ ਨੂੰ ਭਾਂਪਦਿਆਂ ਪੀ ਐਸ ਪੀ ਸੀ ਐਲ ਦੇ ਡਾਇਰੈਕਟਰ ਡਿਸਟ੍ਰੀਬਿਊਸ਼ਨ ਇੰਜੀ : ਇੰਦਰਪਾਲ ਸਿੰਘ ਨੇ ਮੰਚ ’ਤੇ ਪਹੁੰਚ ਕੇ ਮੰਗ ਪੱਤਰ ਪ੍ਰਾਪਤ ਕਰਕੇ ਮੰਗਾਂ ਹੱਲ ਕਰਨ ਦਾ ਭਰੋਸਾ ਦਿੱਤਾ।ਇਸ ਰੋਸ ਧਰਨੇ ਨੂੰ ਮੁਲਾਜ਼ਮ ਆਗੂ ਹਰਪਾਲ ਸਿੰਘ, ਗੁਰਵੇਲ ਸਿੰਘ ਬੱਲਪੁਰੀਆ, ਗੁਰਭੇਜ ਸਿੰਘ ਢਿੱਲੋਂ , ਸਰਿੰਦਰਪਾਲ ਲਹੌਰੀਆ, ਰਣਜੀਤ ਸਿੰਘ ਢਿੱਲੋਂ, ਰਵੇਲ ਸਿੰਘ ਸਹਾਏਪੁਰ, ਦੇਵਿੰਦਰ ਸਿੰਘ ਪਿਸੋਰ, ਬਲਜੀਤ ਸਿੰਘ ਮੋਦਲਾ, ਨਰਿੰਦਰ ਬੱਲ, ਗੁਰਵਿੰਦਰ ਸਿੰਘ, ਕੇਵਲ ਸਿੰਘ ਬਨਵੈਤ, ਮਨਜੀਤ ਸਿੰਘ ਚਾਹਲ, ਜਸਬੀਰ ਸਿੰਘ ਆਂਡਲੂ, ਸਰਬਜੀਤ ਸਿੰਘ ਭਾਣਾ, ਪਵਨਪ੍ਰੀਤ ਸਿੰਘ, ਕੁਲਵਿੰਦਰ ਸਿੰਘ ਢਿੱਲੋਂ, ਸੁਖਵਿੰਦਰ ਸਿੰਘ ਚਾਹਲ, ਹਰਮਨਦੀਪ, ਮਹਿੰਦਰ ਸਿੰਘ ਰੂੜੇਕੇ, ਬਾਬਾ ਅਮਰਜੀਤ ਸਿੰਘ, ਕੌਰ ਸਿੰਘ ਸੋਹੀ, ਗੁਰਪਿਆਰ ਸਿੰਘ ਆਦਿ ਨੇ ਸੰਬੋਧਨ ਕੀਤਾ ।





