ਗਾਜ਼ਾ : ਇਜ਼ਰਾਈਲ ਦੇ ਗਾਜ਼ਾ ’ਤੇ 22 ਮਹੀਨਿਆਂ ਤੋਂ ਹਮਲੇ ਜਾਰੀ ਹਨ। ਹਾਲਾਤ ਇਹ ਹੋ ਗਏ ਹਨ ਕਿ ਭੁੱਖ ਨਾਲ ਹੀ 81 ਬੱਚਿਆਂ ਸਣੇ 124 ਫਲਸਤੀਨੀ ਮਾਰੇ ਗਏ ਹਨ। ਜੁਲਾਈ ਮਹੀਨੇ ਵਿੱਚ ਹੀ 16 ਬੱਚਿਆਂ ਸਣੇ 40 ਲੋਕਾਂ ਦੀ ਮੌਤ ਹੋ ਗਈ ਹੈ। ਗਾਜ਼ਾ ਵਿੱਚ ਰਿਪੋਰਟਿੰਗ ਕਰਨ ਵਾਲੇ ਪੱਤਰਕਾਰਾਂ ਮੁਤਾਬਕ ਉੱਥੇ 50 ਗਰਾਮ ਦਾ ਬਿਸਕੁਟ ਦਾ ਪੈਕੇਟ 750 ਰੁਪਏ ਵਿੱਚ ਮਿਲ ਰਿਹਾ ਹੈ। ਨਕਦ ਪੈਸੇ ਕਢਾਉਣ ਲਈ 45 ਫੀਸਦੀ ਤੱਕ ਕਮਿਸ਼ਨ ਦੇਣਾ ਪੈਂਦਾ ਹੈ। ਲੋਕ ਲੂਣ ਖਾ ਕੇ ਪਾਣੀ ਪੀ ਕੇ ਕੰਮ ਚਲਾ ਰਹੇ ਹਨ। ਇੱਕ ਪੱਤਰਕਾਰ ਨੇ ਦੱਸਿਆ ਕਿ 21 ਮਹੀਨਿਆਂ ਵਿੱਚ ਉਸ ਦਾ ਭਾਰ 30 ਕਿੱਲੋ ਘਟ ਗਿਆ ਹੈ। ਥਕਾਨ ਬਣੀ ਰਹਿੰਦੀ ਹੈ ਤੇ ਚੱਕਰ ਆਉਦੇ ਰਹਿੰਦੇ ਹਨ। ਸੰਯੁਕਤ ਰਾਸ਼ਟਰ ਦਾ ਕਹਿਣਾ ਹੈ ਕਿ ਗਾਜ਼ਾ ਦੀ ਇੱਕ-ਤਿਹਾਈ ਆਬਾਦੀ ਨੂੰ ਕਈ ਦਿਨਾਂ ਤੋਂ ਇੱਕ ਵਾਰ ਦਾ ਭੋਜਨ ਵੀ ਨਸੀਬ ਨਹੀਂ ਹੋ ਰਿਹਾ।
ਉਧਰ, ਬਰਤਾਨੀਆ, ਫਰਾਂਸ ਤੇ ਜਰਮਨੀ ਨੇ ਕਿਹਾ ਹੈ ਕਿ ਹਮਾਸ ਤੋਂ ਇਜ਼ਰਾਈਲੀ ਬੰਦੀਆਂ ਦੀ ਰਿਹਾਈ ਤੋਂ ਪਹਿਲਾਂ ਤੁਰੰਤ ਜੰਗਬੰਦੀ ਹੋਣੀ ਚਾਹੀਦੀ ਹੈ। ਇਜ਼ਰਾਈਲ ਨੂੰ ਕੌਮਾਂਤਰੀ ਮਾਨਵੀ ਸਹਾਇਤਾ ਕਾਨੂੰਨ ਤਹਿਤ ਆਪਣੀ ਜ਼ਿੰਮੇਵਾਰੀ ਨਿਭਾਉਣੀ ਚਾਹੀਦੀ ਹੈ।
ਇਸੇ ਦੌਰਾਨ ਇਜ਼ਰਾਇਲੀ ਫੌਜ ਨੇ ਕਿਹਾ ਹੈ ਕਿ ਉਹ ਖੇਤਰ ਵਿੱਚ ਵਿਗੜਦੀ ਮਨੁੱਖੀ ਸਥਿਤੀ ਨਾਲ ਨਜਿੱਠਣ ਲਈ ਗਾਜ਼ਾ ਦੇ ਤਿੰਨ ਇਲਾਕਿਆਂ ਵਿੱਚ ਲੜਾਈ ਅਸਥਾਈ ਤੌਰ ’ਤੇ ਰੋਕ ਦੇਵੇਗੀ। ਅਗਲੇ ਨੋਟਿਸ ਤੱਕ ਐਤਵਾਰ ਤੋਂ ਹਰ ਰੋਜ਼ ਸਥਾਨਕ ਸਮੇਂ ਅਨੁਸਾਰ ਸਵੇਰੇ 10 ਵਜੇ ਤੋਂ ਰਾਤ 8 ਵਜੇ ਤੱਕ ਮੁਵਾਸੀ, ਦੀਰ ਅਲ-ਬਲਾਹ ਅਤੇ ਗਾਜ਼ਾ ਸ਼ਹਿਰ ਵਿੱਚ ਆਪਣੀਆਂ ਗਤੀਵਿਧੀਆਂ ਨੁੂੰ ਰੋਕੇਗੀ।
ਫੌਜ ਨੇ ਕਿਹਾ ਕਿ ਉਹ ਗਾਜ਼ਾ ਵਿੱਚ ਲੋਕਾਂ ਨੂੰ ਭੋਜਨ ਅਤੇ ਹੋਰ ਸਪਲਾਈ ਪਹੁੰਚਾਉਣ ਵਿੱਚ ਸਹਾਇਤਾ ਏਜੰਸੀਆਂ ਦੀ ਮਦਦ ਲਈ ਸੁਰੱਖਿਅਤ ਰਸਤੇ ਵੀ ਸਥਾਪਤ ਕਰੇਗੀ।
ਹਾਲ ਵਿੱਚ ਭੋਜਨ ਵੰਡ ਸਥਾਨਾਂ ਤੱਕ ਪਹੁੰਚਣ ਦੀ ਕੋਸ਼ਿਸ਼ ਕਰਦੇ ਹੋਏ ਕਈ ਸੌ ਫਲਸਤੀਨੀ ਮਾਰੇ ਗਏ ਸਨ।





