ਮੋਗਾ : ਭਾਰਤੀ ਕਮਿਊਨਿਸਟ ਪਾਰਟੀ ਵੱਲੋਂ ਪਾਰਟੀ ਦੇ 25ਵੇਂ ਮਹਾਂ-ਸੰਮੇਲਨ ਅਤੇ ਪਾਰਟੀ ਦੀ 100ਵੀਂ ਵਰੇ੍ਹਗੰਢ ਨੂੰ ਸਮਰਪਿਤ ਸੈਮੀਨਾਰਾਂ ਦੀ ਲੜੀ ਵਜੋਂ ਦੂਜਾ ਸੈਮੀਨਾਰ 2 ਅਗਸਤ ਨੂੰ ਸ਼ਹੀਦ ਨਛੱਤਰ ਸਿੰਘ ਧਾਲੀਵਾਲ ਹਾਲ ਮੋਗਾ ਵਿਖੇ ਕਰਵਾਇਆ ਜਾ ਰਿਹਾ ਹੈ। ਸੁਰਿੰਦਰ ਸਿੰਘ ਢੰਡੀਆਂ ਦੀ ਪ੍ਰਧਾਨਗੀ ਹੇਠ ਹੋਈ ਮੀਟਿੰਗ ਵਿੱਚ ਪਾਰਟੀ ਦੇ ਨੈਸ਼ਨਲ ਕੌਂਸਲ ਦੇ ਮੈਂਬਰ ਕਾਮਰੇਡ ਜਗਰੂਪ, ਨਰਿੰਦਰ ਕੌਰ ਸੋਹਲ ਤੇ ਸੁਖਜਿੰਦਰ ਸਿੰਘ ਮਹੇਸ਼ਰੀ ਸਮੇਤ ਚਾਰ ਜ਼ਿਲ੍ਹਿਆਂ ਦੇ ਪਾਰਟੀ ਸਕੱਤਰ ਕੁਲਦੀਪ ਸਿੰਘ ਭੋਲਾ ਜ਼ਿਲ੍ਹਾ ਮੋਗਾ, ਸੁਰਿੰਦਰ ਸਿੰਘ ਢੰਡੀਆਂ ਜ਼ਿਲ੍ਹਾ ਮੀਤ ਸਕੱਤਰ ਫਾਜ਼ਿਲਕਾ, ਕਸ਼ਮੀਰ ਸਿੰਘ ਜ਼ਿਲ੍ਹਾ ਫਿਰੋਜ਼ਪੁਰ ਅਤੇ ਬੋਹੜ ਸਿੰਘ ਸੁਖ਼ਨਾ ਮੀਤ ਸਕੱਤਰ ਜ਼ਿਲ੍ਹਾ ਮੁਕਤਸਰ ਦੀ ਹਾਜ਼ਰੀ ’ਚ ਫੈਸਲਾ ਕੀਤਾ ਗਿਆ ਕਿ ਸੈਮੀਨਾਰ ਨੂੰ ਸਫਲ ਬਣਾਉਣ ਲਈ ਚਾਰੇ ਜ਼ਿਲ੍ਹਿਆਂ ’ਚੋਂ ਵੱਧ ਤੋਂ ਵੱਧ ਪੜ੍ਹੇ-ਲਿਖੇ ਬੁੱਧੀਜੀਵੀਆਂ, ਲੇਖਕਾਂ, ਡਾਕਟਰਾਂ, ਵਕੀਲਾਂ, ਅਧਿਆਪਕਾਂ, ਜਨਤਕ-ਜਮਾਤੀ ਜਥੇਬੰਦੀਆਂ ਦੇ ਆਗੂਆਂ ਤੇ ਵਰਕਰਾਂ ਨੂੰ ਸ਼ਮੂਲੀਅਤ ਲਈ ਸੱਦਾ ਦਿੱਤਾ ਜਾਵੇਗਾ। ਕਾਮਰੇਡ ਜਗਰੂਪ ਨੇ ਦੱਸਿਆ ਕਿ ਪਾਰਟੀ ਦੇ ਮਹਾਂਸੰਮੇਲਨ ਦੀ ਤਿਆਰੀ ਅਤੇ ਪ੍ਰਚਾਰ ਵਜੋਂ 21 ਅਗਸਤ ਨੂੰ ਸ਼ਹੀਦ ਭਗਤ ਸਿੰਘ, ਰਾਜਗੁਰੂ ਤੇ ਸੁਖਦੇਵ ਦੀ ਸਮਾਧ ਹੁਸੈਨੀਵਾਲਾ ਤੋਂ ‘ਜੱਥਾ ਮਾਰਚ’ ਵੀ ਸ਼ੁਰੂ ਕੀਤਾ ਜਾ ਰਿਹਾ ਹੈ, ਜੋ ਜ਼ਿਲ੍ਹਾ ਫਿਰੋਜ਼ਪੁਰ, ਫਾਜਿਲਕਾ, ਮੁਕਤਸਰ ਫਰੀਦਕੋਟ ਅਤੇ ਮੋਗਾ ਹੁੰਦਾ ਹੋਇਆ ਲੁਧਿਆਣਾ ਲਈ ਰਵਾਨਾ ਹੋਵੇਗਾ। ਉਹਨਾ ਦੱਸਿਆ ਕਿ ਸੈਮੀਨਾਰ ਦੇ ਵਿਸ਼ੇ ‘ਬੇਰੁਜ਼ਗਾਰੀ-ਸਮੱਸਿਆ ਤੇ ਹੱਲ’ ਲਈ ਕੁੰਜੀਵਤ ਭਾਸ਼ਣ ਦੇਣ ਲਈ ਉੱਘੇ ਅਰਥ ਸ਼ਾਸਤਰੀ ਅਤੇ ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਦੇ ਸਾਬਕਾ ਪ੍ਰੋਫੈਸਰ ਅਰੁਣ ਕੁਮਾਰ ਪਹੁੰਚ ਰਹੇ ਹਨ।ਪ੍ਰੋਫੈਸਰ ਅਰੁਣ ਕੁਮਾਰ ਨੇ ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਤੋਂ ਅਰਥ ਸ਼ਾਸਤਰ ਵਿੱਚ ਪੀ ਐੱਚ ਡੀ ਅਤੇ ਪਿ੍ਰੰਸਟਨ ਯੂਨੀਵਰਸਿਟੀ ਅਮਰੀਕਾ ਤੇ ਦਿੱਲੀ ਯੂਨੀਵਰਸਿਟੀ ਦੋਵਾਂ ਤੋਂ ਭੌਤਿਕ ਵਿਗਿਆਨ ਵਿੱਚ ਮਾਸਟਰਜ਼ ਕੀਤੀ ਹੈ। ਉਹ ਦਿੱਲੀ ਹਾਇਰ ਸੈਕੰਡਰੀ ਬੋਰਡ ਅਤੇ ਦਿੱਲੀ ਯੂਨੀਵਰਸਿਟੀ ਦੇ ਗੋਲਡ ਮੈਡਲਿਸਟ ਹਨ। ਉਹ ਇਟਲੀ, ਜਰਮਨ, ਅਮਰੀਕਾ ਅਤੇ ਮੈਕਸੀਕੋ ਦੀਆਂ ਵੱਖ-ਵੱਖ ਯੂਨੀਵਰਸਿਟੀਆਂ ਦੇ ਸੱਦਾ ਪੱਤਰਾਂ ’ਤੇ ਆਪਣੇ ਭਾਸ਼ਣ ਦੇ ਚੁੱਕੇ ਹਨ।ਉਹਨਾ ਵਿਸ਼ਵੀਕਰਨ, ਵਿਕਾਸ ਅਤੇ ਜਨਤਕ ਨੀਤੀ ਦੇ ਮੁੱਦਿਆਂ ’ਤੇ ਅਕਾਦਮਿਕ ਰਸਾਲਿਆਂ ਅਤੇ ਪ੍ਰੈੱਸ ਦੋਵਾਂ ਵਿੱਚ ਵਿਆਪਕ ਤੌਰ ’ਤੇ ਲਿਖਿਆ ਹੈ।ਉਹ 2014 ਲਈ ਜੇ ਐੱਨ ਯੂ ਅਧਿਆਪਕ ਐਸੋਸੀਏਸ਼ਨ ਦੇ ਪ੍ਰਧਾਨ ਸਨ। ਉਹ ਇੰਡੀਅਨ ਅਕੈਡਮੀ ਆਫ਼ ਸੋਸ਼ਲ ਸਾਇੰਸਿਜ਼ ਦੇ ਉਪ-ਪ੍ਰਧਾਨ ਅਤੇ ਕਾਰਜਕਾਰੀ ਪ੍ਰਧਾਨ ਰਹੇ ਹਨ।
ਕੁਲਦੀਪ ਭੋਲਾ ਸਕੱਤਰ ਜ਼ਿਲ੍ਹਾ ਕਮਿਊਨਿਸਟ ਪਾਰਟੀ ਮੋਗਾ ਨੇ ਦੱਸਿਆ ਕਿ ਸੈਮੀਨਾਰ ਠੀਕ 11 ਵਜੇ ਸ਼ੁਰੂ ਹੋ ਜਾਵੇਗਾ। ਇਸ ਸਮੇਂ ਪਾਰਟੀ ਦੇ ਕੰਟਰੋਲ ਕਮਿਸ਼ਨ ਮੈਂਬਰ ਜਗਜੀਤ ਸਿੰਘ ਨਿਹਾਲ ਸਿੰਘ ਵਾਲਾ, ਰਿਟਾਇਰਡ ਐੱਸ ਐੱਮ ਓ ਡਾਕਟਰ ਇੰਦਰਵੀਰ ਗਿੱਲ ਤੇ ਸਿਕੰਦਰ ਸਿੰਘ ਮਧੇਕੇ ਵੀ ਮੌਜੂਦ ਸਨ।





