‘ਸ਼ਹੀਦ-ਏ-ਆਜ਼ਮ ਸਰਦਾਰ ਭਗਤ ਸਿੰਘ ਵਿਰਾਸਤੀ ਕੰਪਲੈਕਸ’ ਦਾ ਨੀਂਹ ਪੱਥਰ ਰੱਖਿਆ

0
83

ਬੰਗਾ/ਸ਼ਹੀਦ ਭਗਤ ਸਿੰਘ ਨਗਰ (ਅਵਤਾਰ ਕਲੇਰ, ਕੁਲਵਿੰਦਰ ਸਿੰਘ ਦੁਰਗਾਪੁਰੀਆ)-ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਸੋਮਵਾਰ ਖਟਕੜ ਕਲਾ ’ਚ ਸਰਦਾਰ ਭਗਤ ਸਿੰਘ ਦੇ ਦੇਸ਼ ਸੇਵਾ ਲਈ ਪਾਏ ਲਾਮਿਸਾਲ ਯੋਗਦਾਨ ਪ੍ਰਤੀ ਸਤਿਕਾਰ ਭੇਟ ਕਰਦਿਆਂ ‘ਸ਼ਹੀਦ-ਏ-ਆਜ਼ਮ ਸਰਦਾਰ ਭਗਤ ਸਿੰਘ ਵਿਰਾਸਤੀ ਕੰਪਲੈਕਸ’ ਦਾ ਨੀਂਹ ਪੱਥਰ ਰੱਖਿਆ। ਇਸ ਮਾਣਮੱਤੇ ਪ੍ਰਾਜੈਕਟ ’ਤੇ 51 ਕਰੋੜ 70 ਲੱਖ ਰੁਪਏ ਦੀ ਲਾਗਤ ਆਵੇਗੀ, ਜੋ ਮਹਾਨ ਸ਼ਹੀਦ ਭਗਤ ਸਿੰਘ ਨੂੰ ਸ਼ਰਧਾਂਜਲੀ ਲਈ ਨਿਮਾਣੀ ਜਿਹੀ ਕੋਸ਼ਿਸ਼ ਹੋਵੇਗੀ।ਮਾਨ ਨੇ ਦੱਸਿਆ ਕਿ ਇਹ ਪ੍ਰਾਜੈਕਟ 9 ਮਹੀਨਿਆਂ ਵਿੱਚ ਮੁਕੰਮਲ ਹੋਵੇਗਾ, ਜੋ ਆਉਣ ਵਾਲੀਆਂ ਪੀੜ੍ਹੀਆਂ ਨੂੰ ਦੇਸ਼ ਦੀ ਨਿਰਸਵਾਰਥ ਸੇਵਾ ਕਰਨ ਲਈ ਪ੍ਰੇਰਨਾਸਰੋਤ ਬਣੇਗਾ। ਇਸ ਮਹੱਤਵਪੂਰਨ ਉਪਰਾਲੇ ਦਾ ਉਦੇਸ਼ ਆਪਣੇ ਮਹਾਨ ਸਪੂਤ ਦੀ ਲਾਸਾਨੀ ਵਿਰਾਸਤ ਦੀ ਸੰਭਾਲ ਅਤੇ ਪਾਸਾਰ ਕਰਨਾ ਹੈ।
ਮੁੱਖ ਮੰਤਰੀ ਨੇ ਕਿਹਾ ਕਿ ਇਹ ਪ੍ਰਾਜੈਕਟ ਸਿਰਫ ਇਕ ਇਮਾਰਤੀ ਢਾਂਚਾ ਨਹੀਂ ਹੋਵੇਗਾ, ਸਗੋਂ ਨਾ-ਭੁੱਲਣਯੋਗ ਅਹਿਸਾਸ ਹੋਵੇਗਾ, ਜਿੱਥੇ ਸ਼ਹੀਦ ਭਗਤ ਸਿੰਘ ਦੀ ਮਾਤ ਭੂਮੀ ਖਾਤਰ ਮਰ ਮਿਟ ਜਾਣ ਵਾਲੀ ਭਾਵਨਾ, ਬੌਧਿਕ ਸੋਚ ਅਤੇ ਸਾਹਸੀ ਜਜ਼ਬੇ ਦੀ ਝਲਕ ਦੇਖਣ ਨੂੰ ਮਿਲੇਗੀ। ਉਨ੍ਹਾ ਦੱਸਿਆ ਕਿ ਨਵੇਂ ਬਣਨ ਵਾਲੇ ਵਿਰਸਾਤੀ ਕੰਪਲੈਕਸ ਵਿੱਚ ਵਿਸ਼ਾਲ ਥੀਮੈਟਿਕ ਗੇਟ ਹੋਵੇਗਾ, ਜੋ ਮਹਾਨ ਵਿਰਾਸਤ ਦੀ ਝਲਕ ਪੇਸ਼ ਕਰੇਗਾ। ਉਨ੍ਹਾ ਦੱਸਿਆ ਕਿ 350 ਮੀਟਰ ਲੰਮਾ ਵਿਰਾਸਤੀ ਲਾਂਘਾ ਵੀ ਇਸ ਪ੍ਰਾਜੈਕਟ ਦਾ ਅਹਿਮ ਹਿੱਸਾ ਹੋਵੇਗਾ।ਇਹ ਵਿਰਾਸਤੀ ਲਾਂਘਾ ਸ਼ਹੀਦ ਭਗਤ ਸਿੰਘ ਅਜਾਇਬਘਰ ਨੂੰ ਸ਼ਹੀਦ ਭਗਤ ਸਿੰਘ ਦੇ ਪੁਰਖਿਆਂ ਦੇ ਘਰ ਨਾਲ ਜੋੜੇਗਾ। ਇਹ ਲਾਂਘਾ ਸ਼ਹੀਦ ਭਗਤ ਸਿੰਘ ਦਾ ਜੀਵਨ ਸਫਰ ਅਤੇ ਭਾਰਤ ਦੇ ਆਜ਼ਾਦੀ ਸੰਘਰਸ਼ ਦੀ ਕਹਾਣੀ ਬੁੱਤਾਂ, 2-ਡੀ/3-ਡੀ ਕੰਧ ਚਿੱਤਰਾਂ, ਪੁਤਲਿਆਂ ਰਾਹੀਂ ਬਸਤੀਵਾਦੀ ਭਾਰਤ ਦੇ ਦੌਰ ਨੂੰ ਦਰਸਾਏਗਾ। ਮਾਨ ਨੇ ਕਿਹਾ ਕਿ 30 ਮੀਟਰ ਉਚਾ ਭਾਰਤੀ ਝੰਡਾ ਸਾਨੂੰ ਮੁਲਕ ਦੀ ਆਜ਼ਾਦੀ ਲਈ ਦੇਸ਼ ਭਗਤਾਂ ਦੀਆਂ ਮਹਾਨ ਕੁਰਬਾਨੀਆਂ ਦੀ ਯਾਦ ਦਿਵਾਉਦਾ ਰਹੇਗਾ।