ਚੰਡੀਗੜ੍ਹ : 31 ਜੁਲਾਈ ਨੂੰ ਸ਼ਹੀਦ ਊਧਮ ਸਿੰਘ ਦੇ ਸ਼ਹੀਦੀ ਦਿਹਾੜੇ ਵਾਲੇ ਦਿਨ ਹੁਣ ਪੂਰੇ ਸੂਬੇ ’ਚ ਛੁੱਟੀ ਰਹੇਗੀ। ਸਾਰੇ ਸਕੂਲ-ਕਾਲਜ ਤੇ ਸਰਕਾਰੀ ਦਫਤਰ ਬੰਦ ਰਹਿਣਗੇ। 2025 ਦੇ ਸਰਕਾਰੀ ਛੁੱਟੀਆਂ ਦੇ ਕੈਲੰਡਰ ’ਚ 31 ਜੁਲਾਈ ਦੀ ਛੁੱਟੀ ਨੂੰ ਰਾਖਵੀਆਂ ਛੁੱਟੀਆਂ ’ਚ ਥਾਂ ਦਿੱਤੀ ਗਈ ਸੀ। ਆਮ ਆਦਮੀ ਪਾਰਟੀ ਦੇ ਸੂਬਾ ਪ੍ਰਧਾਨ ਅਮਨ ਅਰੋੜਾ ਨੇ ਦੱਸਿਆ ਕਿ ਕੰਬੋਜ ਸਮਾਜ ਦੀ ਲੰਮੇ ਸਮੇਂ ਤੋਂ ਮੰਗ ਸੀ ਕਿ ਸਿਰਫ ਸੁਨਾਮ ’ਚ ਨਹੀਂ, ਬਲਕਿ ਪੂਰੇ ਪੰਜਾਬ ’ਚ ਛੁੱਟੀ ਐਲਾਨੀ ਜਾਣੀ ਚਾਹੀਦੀ ਹੈ, ਜਿਸ ਨੂੰ ਪੰਜਾਬ ਸਰਕਾਰ ਨੇ ਮੰਨ ਲਿਆ।
ਕੈਬਨਿਟ ਮੀਟਿੰਗ ਅੱਜ
ਚੰਡੀਗੜ੍ਹ : ਪੰਜਾਬ ਮੰਤਰੀ ਮੰਡਲ ਦੀ ਅਹਿਮ ਮੀਟਿੰਗ ਬੁੱਧਵਾਰ ਨੂੰ ਹੋਵੇਗੀ। 10 ਵਜੇ ਸ਼ੁਰੂ ਹੋਣ ਵਾਲੀ ਇਸ ਮੀਟਿੰਗ ਵਿੱਚ ਅਹਿਮ ਏਜੰਡੇ ਵਿਚਾਰੇ ਜਾਣੇ ਹਨ। ਗੈਰਰਸਮੀ ਤੌਰ ’ਤੇ ਇਸ ਮੀਟਿੰਗ ’ਚ ਲੈਂਡ ਪੂੂਲਿੰਗ ਨੀਤੀ ’ਤੇ ਵੀ ਚਰਚਾ ਹੋ ਸਕਦੀ ਹੈ।
ਸਿੰਘ ਸਾਹਿਬਾਨ ਦੀ ਪਹਿਲੀ ਦੀ ਮੀਟਿੰਗ ਮੁਲਤਵੀ
ਅੰਮਿ੍ਰਤਸਰ : ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਦੇ ਜੀਜਾ ਗੁਰਵਿੰਦਰ ਸਿੰਘ (53) ਦੀ ਸੜਕ ਹਾਦਸੇ ਵਿੱਚ ਮੌਤ ਕਾਰਨ ਪਹਿਲੀ ਅਗਸਤ ਨੂੰ ਹੋਣ ਵਾਲੀ ਪੰਜ ਸਿੰਘ ਸਾਹਿਬਾਨ ਦੀ ਇਕੱਤਰਤਾ ਫਿਲਹਾਲ ਮੁਲਤਵੀ ਕਰ ਦਿੱਤੀ ਗਈ ਹੈ। ਸੋਮਵਾਰ ਰਾਤ ਅੰਮਿ੍ਰਤਸਰ-ਤਰਨ ਤਾਰਨ ਸੜਕ ਉੱਤੇ ਗੋਹਲਵੜ ਨੇੜੇ ਮੋਟਰਸਾਈਕਲ ਗਾਂ ਨਾਲ ਟਕਰਾਉਣ ਕਰਕੇ ਗੁਰਵਿੰਦਰ ਸਿੰਘ (53) ਦੇ ਸਿਰ ਵਿੱਚ ਗਹਿਰੀ ਸੱਟ ਲੱਗ ਗਈ ਸੀ ਅਤੇ ਉਹ ਮੰਗਲਵਾਰ ਅੰਮਿ੍ਰਤਸਰ ਦੇ ਹਸਪਤਾਲ ਵਿੱਚ ਚਲਾਣਾ ਕਰ ਗਏ। ਏ ਐੱਸ ਆਈ ਗੁਰਵਿੰਦਰ ਸਿੰਘ ਤਰਨ ਤਾਰਨ ਜ਼ਿਲ੍ਹੇ ਦੇ ਪਿੰਡ ਖਾਰਾ ਦੇ ਰਹਿਣ ਵਾਲੇ ਸਨ ਤੇ ਮੌਜੂਦਾ ਸਮੇਂ ਉਹ ਅੰਮਿ੍ਰਤਸਰ ਸ਼ਹਿਰ ਵਿੱਚ ਗ੍ਰੈਂਡ ਅਸਟੇਟ ਵਿਖੇ ਪਰਵਾਰ ਸਮੇਤ ਰਹਿ ਰਹੇ ਸਨ। ਉਹ ਇਸ ਵੇਲੇ ਜਥੇਦਾਰ ਗੜਗੱਜ ਨਾਲ ਹੀ ਸੁਰੱਖਿਆ ਵਿੱਚ ਤਾਇਨਾਤ ਸਨ।
‘ਪ੍ਰਲਏ’ ਮਿਜ਼ਾਈਲ ਦੀ ਸਫਲ ਪਰਖ
ਨਵੀਂ ਦਿੱਲੀ : ਰੱਖਿਆ ਖੋਜ ਤੇ ਵਿਕਾਸ ਸੰਸਥਾ (ਡੀ ਆਰ ਡੀ ਓ) ਨੇ ‘ਪ੍ਰਲਏ’ ਮਿਜ਼ਾਈਲ ਦੀਆਂ ਸੋਮਵਾਰ ਅਤੇ ਮੰਗਲਵਾਰ ਓਡੀਸ਼ਾ ਦੇ ਸਾਹਿਲ ’ਤੇ ਏ ਪੀ ਜੇ ਅਬਦੁਲ ਕਲਾਮ ਟਾਪੂ ’ਤੇ ਉਪਰੋਥੱਲੀ ਦੋ ਸਫਲ ਪਰਖਾਂ ਕੀਤੀਆਂ। ਪ੍ਰਲਏ ਜ਼ਮੀਨ ਤੋਂ ਜ਼ਮੀਨ ’ਤੇ 200 ਕਿੱਲੋਮੀਟਰ ਤੋਂ 500 ਕਿੱਲੋਮੀਟਰ ਤੱਕ ਮਾਰ ਕਰਦੀ ਹੈ। ਇਹ ਪਾਕਿਸਤਾਨ ਦੇ ਰਣਨੀਤਕ ਪ੍ਰਮਾਣੂ ਹਥਿਆਰਾਂ ਦਾ ਜਵਾਬ ਹੈ, ਕਿਉਂਕਿ ਇਹ ਮਿਜ਼ਾਈਲ ਪ੍ਰਮਾਣੂ ਹਥਿਆਰ ਲੈ ਜਾ ਸਕਦੀ ਹੈ।
ਜਗਨਨਾਥ ਮੰਦਰ ’ਚ ਕੈਮਰੇ ਵਾਲਾ ਫੜਿਆ
ਪੁਰੀ : ਇੱਥੋਂ ਦੇ ਜਗਨਨਾਥ ਮੰਦਰ ਵਿੱਚ ਮੰਗਲਵਾਰ ਇੱਕ ਵਿਅਕਤੀ ਨੂੰ ਗੁਪਤ ਕੈਮਰਿਆਂ ਨਾਲ ਹਿਰਾਸਤ ਵਿੱਚ ਲਿਆ ਗਿਆ। ਉਸ ਨੇ ਗੁਪਤ ਕੈਮਰਿਆਂ ਵਾਲੀ ਐਨਕ ਲਾਈ ਹੋਈ ਸੀ। 12ਵੀਂ ਸਦੀ ਦੇ ਇਸ ਮੰਦਰ ਵਿੱਚ ਫੋਟੋਗ੍ਰਾਫੀ ਜਾਂ ਵੀਡੀਓਗ੍ਰਾਫੀ ’ਤੇ ਪੂਰੀ ਤਰ੍ਹਾਂ ਪਾਬੰਦੀ ਹੈ।




