ਪਿਛਲੇ ਦਿਨੀਂ ਰਾਜਸਥਾਨ ਦੇ ਜ਼ਿਲ੍ਹਾ ਝਾਲਾਵਾੜ ਦੇ ਪਿੰਡ ਪਿਪਲੋਦੀ ਦੇ ਮਿਡਲ ਸਕੂਲ ਦੇ ਕਮਰੇ ਦੀ ਛੱਤ ਡਿੱਗਣ ਨਾਲ 7 ਬੱਚਿਆਂ ਦਾ ਮਰਨਾ ਤੇ 29 ਬੱਚਿਆਂ ਦਾ ਜ਼ਖਮੀ ਹੋਣਾ ਮਹਿਜ਼ ਇੱਕ ਦੁਰਘਟਨਾ ਨਹੀਂ, ਸਗੋਂ ਜਾਣਬੁੱਝ ਕੇ ਸੂਬਾ ਸਰਕਾਰ ਵੱਲੋਂ ਹੋਣ ਦਿੱਤੀ ਗਈ ਮੁਜਰਮਾਨਾ ਘਟਨਾ ਹੈ। ਰਾਜਸਥਾਨ ਸਰਕਾਰ ਹੀ ਨਹੀਂ, ਹੋਰਨਾਂ ਸੂਬਿਆਂ ਦੀਆਂ ਸਰਕਾਰਾਂ ਨੇ ਵੀ ਸਰਕਾਰੀ ਸਕੂਲਾਂ ਨੂੰ ਦੁਰਘਟਨਾਵਾਂ ਲਈ ਛੱਡਿਆ ਹੋਇਆ ਹੈ। ਇਹ ਸਿਰਫ ਛੱਤ ਹੀ ਨਹੀਂ ਡਿੱਗੀ ਅਤੇ ਬੱਚੇ ਮਰੇ ਤੇ ਜ਼ਖਮੀ ਹੀ ਨਹੀਂ ਹੋਏ, ਸਗੋਂ ਇਹ ਦੇਸ਼ ਦੇ ਭਵਿੱਖ ਨਿਰਮਾਣ ਦੀ ਪੂਰੀ ਇਮਾਰਤ ਹੀ ਤਬਾਹ ਹੋਈ ਹੈ। ਸਾਖਰ ਜਨਮਾਨਸ ਤਿਆਰ ਕਰਨ ਦੀ ਸੋਚ ਦੀ ਮੌਤ ਹੋਈ ਹੈ।
ਬਹੁਤ ਮੁਸ਼ਕਲ ਨਾਲ ਆਜ਼ਾਦੀ ਦੇ ਬਾਅਦ ਜਿਹੜੀ ਇੱਕ ਚੀਜ਼ ਵੱਡੀ ਆਬਾਦੀ ਨੂੰ ਆਸਾਨੀ ਨਾਲ ਮਿਲੀ ਸੀ, ਉਹ ਸਰਕਾਰ ਵੱਲੋਂ ਚਲਾਏ ਜਾਂਦੇ ਸਕੂਲਾਂ ਵਿੱਚ ਘੱਟ ਕੀਮਤ ’ਤੇ ਜਾਂ ਮੁਫਤ ਸਿੱਖਿਆ ਹਾਸਲ ਕਰਨ ਦਾ ਅਧਿਕਾਰ ਸੀ, ਪਰ ਹੁਣ ਇਸ ਸਿਸਟਮ ਨੂੰ ਕਮਜ਼ੋਰ ਕਰਨ ਦੀਆਂ ਕੋਸ਼ਿਸ਼ਾਂ ਹੋ ਰਹੀਆਂ ਹਨ। ਪੂਰੀ ਦੁਨੀਆ ਦੇ ਸਮਾਜੀ ਬਦਲਾਅ ਦੇ ਰੁਝਾਨ ਨੂੰ ਪਰਖਿਆ ਜਾਵੇ ਤਾਂ ਇਹ ਗੱਲ ਸਾਹਮਣੇ ਆਉਦੀ ਹੈ ਕਿ ਸਾਰੇ ਵਿਕਸਤ ਸਮਾਜਾਂ ਵਿੱਚ ਸਿੱਖਿਆ ਸਰਕਾਰ ਵੱਲੋਂ ਦਿੱਤੀ ਜਾਂਦੀ ਰਹੀ ਹੈ। ਜਦੋਂ-ਜਦੋਂ ਸਰਕਾਰ ਇਸ ਅਹਿਮ ਜ਼ਿੰਮੇਵਾਰੀ ਤੋਂ ਪਿੱਛੇ ਹਟੀ ਹੈ, ਵੱਡੀ ਗਿਣਤੀ ’ਚ ਬੱਚੇ ਸਿੱਖਿਆ ਹਾਸਲ ਕਰਨ ਤੋਂ ਵਿਰਵੇ ਰਹਿ ਗਏ ਹਨ। ਯੂ ਪੀ ਵਿੱਚ ਹੀ 40 ਲੱਖ ਤੋਂ ਵੱਧ ਬੱਚਿਆਂ ਨੇ ਦੋ-ਤਿੰਨ ਸਾਲਾਂ ਵਿੱਚ ਪੜ੍ਹਾਈ ਛੱਡ ਦਿੱਤੀ ਹੈ।
ਜਿਉ-ਜਿਉ ਕਾਰਪੋਰੇਟੀਆਂ ਤੇ ਹੁਕਮਰਾਨਾਂ ਦਾ ਗੱਠਜੋੜ ਮਜ਼ਬੂਤ ਹੁੰਦਾ ਜਾ ਰਿਹਾ ਹੈ, ਸਕੂਲੀ ਸਿੱਖਿਆ ਦਾ ਬੇੜਾ ਗਰਕ ਹੁੰਦਾ ਜਾ ਰਿਹਾ ਹੈ। ਹੁਕਮਰਾਨ ਕਾਰਪੋਰੇਟੀਆਂ ਨੂੰ ਸਸਤੀ ਕਾਮਾ-ਸ਼ਕਤੀ ਮੁਹੱਈਆ ਕਰਾਉਣ ਲਈ ਸਰਕਾਰੀ ਸਕੂਲਾਂ ਦੇ ਢਾਂਚੇ ਵੱਲ ਧਿਆਨ ਨਹੀਂ ਦੇ ਰਹੇ। ਇਮਾਰਤਾਂ ਜਰਜਰ ਹੋ ਰਹੀਆਂ ਹਨ ਤੇ ਪੜ੍ਹਾਉਣ ਲਈ ਵੀ ਲੋੜੀਂਦੇ ਅਧਿਆਪਕ ਨਹੀਂ ਰੱਖੇ ਜਾ ਰਹੇ। ਬੱਚੇ ਪੜ੍ਹਾਈ ਛੱਡ ਕੇ ਮਜ਼ਦੂਰ ਬਣਨ ਲਈ ਮਜਬੂਰ ਹਨ, ਜਿਹੜੇ ਕਿ ਕਾਰਪੋਰੇਟੀਆਂ ਨੂੰ ਸਸਤੇ ਭਾਅ ਲੋੜੀਂਦੇ ਹਨ। ਬੱਚੇ ਪੜ੍ਹ-ਲਿਖ ਜਾਣਗੇ ਤਾਂ ਇੱਕਜੁੱਟ ਹੋ ਕੇ ਢੁਕਵੀਂ ਨੌਕਰੀ ਨਾ ਮਿਲਣ ਲਈ ਆਵਾਜ਼ ਉਠਾਉਣਗੇ ਤਾਂ ਕਾਰਪੋਰੇਟੀਆਂ ਦਾ ਮੁਨਾਫਾ ਘਟੇਗਾ। ਕਾਰਪੋਰੇਟੀਆਂ ਦੇ ਪੈਸੇ ਨਾਲ ਚੋਣਾਂ ਲੜਨ ਵਾਲੇ ਹੁਕਮਰਾਨ ਆਪਣੀ ਸੱਤਾ ਬਰਕਰਾਰ ਰੱਖਣ ਲਈ ਕਾਰਪੋਰੇਟੀਆਂ ਦੀ ਸੇਵਾ ਕਰਦਿਆਂ ਬੱਚਿਆਂ ਦੀ ਜ਼ਿੰਦਗੀ ਨਾਲ ਖੇਡ ਰਹੇ ਹਨ। ਸਕੂਲ ਦੀ ਛੱਤ ਚਾਹੇ ਰਾਜਸਥਾਨ ਵਿੱਚ ਡਿੱਗੀ ਹੋਵੇ ਜਾਂ ਯੂ ਪੀ ’ਚ, ਵਿਦਿਆਰਥੀਆਂ ਦੀ ਘਾਟ ਦੇ ਨਾਂਅ ’ਤੇ ਕਈ ਸਕੂਲਾਂ ਦਾ ਇੱਕ ਵਿੱਚ ਰਲੇਵਾਂ ਕਰਨਾ, ਇਸ ਦਾ ਸਿਰਫ ਇੱਕ ਹੀ ਹੱਲ ਸਰਕਾਰੀ ਸਿੱਖਿਆ ਵਿਵਸਥਾ ਨੂੰ ਮਜ਼ਬੂਤ ਕਰਨਾ ਹੈ। ਇਸ ਲਈ ਸਰਕਾਰ ਵੱਲੋਂ ਅਪਣਾਈ ਜਾ ਰਹੀ ਨਵ-ਉਦਾਰਵਾਦੀ ਨੀਤੀ ਨੂੰ ਉਖਾੜਣਾ ਪੈਣਾ ਹੈ, ਜਿਸ ਲਈ ਜ਼ਬਰਦਸਤ ਸਮਾਜੀ ਅੰਦੋਲਨ ਤੇ ਇੱਕਜੁਟਤਾ ਦੀ ਲੋੜ ਹੋਵੇਗੀ। ਇਸ ਗੱਲ ਨੂੰ ਸਮਝਣਾ ਤੇ ਸਮਝਾਉਣਾ ਪਵੇਗਾ, ਨਹੀਂ ਤਾਂ ਅਜਿਹੀਆਂ ਮੌਤਾਂ ਤੇ ਬਦਹਾਲ ਹੁੰਦੀ ਸਿੱਖਿਆ ਵਿਵਸਥਾ ਇੱਕ ਤਰ੍ਹਾਂ ਨਾਲ ਆਮ ਗੱਲ ਬਣ ਕੇ ਰਹਿ ਜਾਵੇਗੀ ਅਤੇ ਦੇਸ਼ ਇੱਕ ਵਾਰ ਫਿਰ ਨਵੀਂ ਤਰ੍ਹਾਂ ਦੀ ਗੁਲਾਮੀ ਦੇ ਦੌਰ ਵਿੱਚ ਚਲੇ ਜਾਵੇਗਾ।



