ਕੋਲਕਾਤਾ : ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਮੰਗਲਵਾਰ ਦਾਅਵਾ ਕੀਤਾ ਕਿ ਦਿੱਲੀ ਵਿੱਚ ਹਮਲੇ ਦਾ ਸ਼ਿਕਾਰ ਹੋਈ ਇੱਕ ਬੰਗਾਲੀ ਬੋਲਣ ਵਾਲੀ ਔਰਤ ਅਤੇ ਉਸ ਦੇ ਬੱਚੇ ਨੂੰ ਧਮਕਾਇਆ ਗਿਆ ਸੀ। ਬੈਨਰਜੀ ਨੇ ਸੋਸ਼ਲ ਮੀਡੀਆ ’ਤੇ ਇੱਕ ਵੀਡੀਓ ਸਾਂਝਾ ਕੀਤਾ, ਜਿਸ ਵਿੱਚ ਦੋਸ਼ ਲਾਇਆ ਗਿਆ ਕਿ ਕੌਮੀ ਰਾਜਧਾਨੀ ਵਿੱਚ ਇੱਕ ਬੰਗਾਲੀ ਬੋਲਣ ਵਾਲੀ ਔਰਤ ਅਤੇ ਉਸ ਦੇ ਬੱਚੇ ’ਤੇ ਉਨ੍ਹਾਂ ਦੀ ਭਾਸ਼ਾ ਬੋਲਣ ਕਾਰਨ ਹਮਲਾ ਕੀਤਾ ਗਿਆ। ਹਾਲਾਂਕਿ ਦਿੱਲੀ ਪੁਲਸ ਨੇ ਬੈਨਰਜੀ ਦੁਆਰਾ ਸੋਸ਼ਲ ਮੀਡੀਆ ’ਤੇ ਸਾਂਝੀ ਕੀਤੀ ਗਈ ਵੀਡੀਓ ਨੂੰ ਮਨਘੜਤ ਅਤੇ ਰਾਜਨੀਤਕ ਤੌਰ ’ਤੇ ਪ੍ਰੇਰਤ ਕਰਾਰ ਦਿੱਤਾ ਹੈ।
ਬੈਨਰਜੀ ਨੇ ਬੀਰਭੂਮ ਜ਼ਿਲ੍ਹੇ ਵਿੱਚ ਕਿਹਾ, ‘ਉਨ੍ਹਾਂ ਨੂੰ ਵੱਖ-ਵੱਖ ਪੁਲਸ ਥਾਣਿਆਂ ਵਿੱਚ ਲਿਜਾਇਆ ਗਿਆ। ਉਨ੍ਹਾਂ ਨੂੰ ਧਮਕਾਇਆ ਗਿਆ। ਅਸੀਂ ਚਾਹੁੰਦੇ ਹਾਂ ਕਿ ਉਹ ਵਾਪਸ ਆਉਣ, ਕੌਣ ਸੱਚ ਬੋਲ ਰਿਹਾ ਹੈ ਤੇ ਕੌਣ ਝੂਠ ਬੋਲ ਰਿਹਾ ਹੈ, ਇਹ ਆਖਰਕਾਰ ਸਾਬਤ ਹੋ ਜਾਵੇਗਾ।’ ਉਨ੍ਹਾ ਕਿਹਾ ਕਿ ਭਾਜਪਾ ਸ਼ਾਸਤ ਰਾਜਾਂ ਵਿੱਚ ਬੰਗਾਲੀ ਬੋਲਣ ਵਾਲੇ ਪਰਵਾਸੀ ਮਜ਼ਦੂਰਾਂ ਨੂੰ ਜੇ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ ਤਾਂ ਉਨ੍ਹਾਂ ਨੂੰ ਬੰਗਾਲ ਵਾਪਸ ਆ ਜਾਣਾ ਚਾਹੀਦਾ ਹੈ।
ਦਿੱਲੀ ਦੇ ਡਿਪਟੀ ਕਮਿਸ਼ਨਰ ਆਫ ਪੁਲਸ (ਈਸਟ) ਅਭਿਸ਼ੇਕ ਧਨਿਆ ਨੇ ਕਿਹਾ, ‘ਲਗਾਤਾਰ ਪੁੱਛਗਿੱਛ ਦੌਰਾਨ ਔਰਤ ਨੇ ਮੰਨਿਆ ਕਿ ਉਸ ਦੇ ਰਿਸ਼ਤੇਦਾਰ, ਜੋ ਪੱਛਮੀ ਬੰਗਾਲ ਦੇ ਮਾਲਦਾ ਜ਼ਿਲ੍ਹੇ ਤੋਂ ਇੱਕ ਰਾਜਨੀਤਕ ਕਾਰਕੁਨ ਹੈ, ਨੇ ਉਸ ਨੂੰ ਵੀਡੀਓ ਬਣਾਉਣ ਲਈ ਕਿਹਾ ਸੀ।
ਵੀਡੀਓ ਨੂੰ ਫਿਰ ਬੰਗਾਲ ਵਿੱਚ ਸਥਾਨਕ ਤੌਰ ’ਤੇ ਪ੍ਰਸਾਰਤ ਕੀਤਾ ਗਿਆ ਅਤੇ ਬਾਅਦ ਵਿੱਚ ਸੋਸ਼ਲ ਮੀਡੀਆ ’ਤੇ ਸਾਹਮਣੇ ਆਇਆ।’




