ਇੱਕ ਡਾਕਟਰ ਬਰਖਾਸਤ, ਤਿੰਨ ਮੁਅੱਤਲ

0
140

ਚੰਡੀਗੜ੍ਹ : ਜਲੰਧਰ ਦੇ ਸਿਵਲ ਹਸਪਤਾਲ ਵਿੱਚ ਪਿਛਲੇ ਦਿਨੀਂ ਆਕਸੀਜਨ ਸਪਲਾਈ ਵਿਚ ਪਏ ਨੁਕਸ ਕਰਕੇ ਤਿੰਨ ਮਰੀਜ਼ਾਂ ਦੀ ਮੌਤ ਦੇ ਮਾਮਲੇ ’ਚ ਤਿੰਨ ਡਾਕਟਰਾਂ ਨੂੰ ਮੁਅੱਤਲ ਤੇ ਇਕ ਨੂੰ ਬਰਖਾਸਤ ਕਰ ਦਿੱਤਾ ਗਿਆ ਹੈ। ਸੂਬੇ ਦੇ ਸਿਹਤ ਮੰਤਰੀ ਡਾ. ਬਲਬੀਰ ਸਿੰਘ ਨੇ ਕਿਹਾ ਕਿ ਜਲੰਧਰ ਦੇ ਸਿਵਲ ਹਸਪਤਾਲ ਵਿੱਚ ਹੋਈਆਂ ਹਾਲੀਆ ਮੌਤਾਂ ਹਸਪਤਾਲ ਦੇ ਸੁਪਰਡੈਂਟ, ਸੀਨੀਅਰ ਮੈਡੀਕਲ ਅਧਿਕਾਰੀ ਤੇ ਡਿਊਟੀ ’ਤੇ ਮੌਜੂਦ ਡਾਕਟਰ ਦੀ ਅਣਗਹਿਲੀ ਦਾ ਨਤੀਜਾ ਹਨ।
ਸਿਹਤ ਮੰਤਰੀ ਨੇ ਕਿਹਾ, ‘ਮੈਨੂੰ ਇਸ ਗੱਲੋਂ ਅਫਸੋਸ ਹੈ ਕਿ ਕਿ ਅਸੀਂ ਗੰਭੀਰ ਬਿਮਾਰ ਮਰੀਜ਼ਾਂ ਦੀ ਜਾਨ ਨਹੀਂ ਬਚਾ ਸਕੇ।’ ਉਨ੍ਹਾ ਕਿਹਾ ਕਿ ਹਸਪਤਾਲ ਵਿੱਚ ਆਕਸੀਜਨ ਦੇ ਚਾਰ ਸਰੋਤ ਸਨ, ਪਰ ਮਾੜੇ ਪ੍ਰਬੰਧਾਂ ਕਰਕੇ ਮਰੀਜ਼ਾਂ ਦੀ ਮੌਤ ਹੋਈ। ਡਾ. ਬਲਬੀਰ ਸਿੰਘ ਨੇ ਕਿਹਾ ਕਿ ਮਾਮਲੇ ਦੀ ਜਾਂਚ ਲਈ ਕਾਇਮ ਤਕਨੀਕੀ ਕਮੇਟੀ ਨੇ ਆਪ ਦੀ ਰਿਪੋਰਟ ਦਾਖਲ ਕਰ ਦਿੱਤੀ ਹੈ। ਉਨ੍ਹਾ ਕਿਹਾ ਕਿ ਹਸਪਤਾਲ ਦੇ ਮੈਡੀਕਲ ਸੁਪਰਡੈਂਟ ਡਾ. ਰਾਜ ਕੁਮਾਰ, ਐੱਸ ਐੱਮ ਓ ਡਾ. ਸੁਰਜੀਤ ਸਿੰਘ ਤੇ ਐਨਸਥੀਸੀਆ ਮਾਹਰ ਡਾ. ਸੁਨਾਕਸ਼ੀ ਨੂੰ ਮੁਅੱਤਲ ਤੇ ਹਾਊਸ ਸਰਜਨ ਡਾ. ਸ਼ਵਿੰਦਰ ਸਿੰਘ ਨੂੰ ਬਰਖਾਸਤ ਕੀਤਾ ਗਿਆ ਹੈ। ਜੇ ਮੁਅੱਤਲ ਡਾਕਟਰ ਵੀ ਕਸੂਰਵਾਰ ਨਿਕਲੇ ਤਾਂ ਉਨ੍ਹਾਂ ਨੂੰ ਵੀ ਬਰਖਾਸਤ ਕਰ ਦਿੱਤਾ ਜਾਵੇਗਾ। ਉਨ੍ਹਾ ਕਿਹਾ ਕਿ ਅਣਗਹਿਲੀ ਕਿਸੇ ਵੀ ਕੀਮਤ ’ਤੇ ਬਰਦਾਸ਼ਤ ਨਹੀਂ ਕੀਤੀ ਜਾਵੇਗੀ, ਇਸ ਲਈ ਮਿਸਾਲੀ ਸਜ਼ਾ ਦੇਣੀ ਜ਼ਰੂਰੀ ਸੀ।