ਟਰੰਪ ਨੇ ਰੂਸ ਲਾਗੇ ਪ੍ਰਮਾਣੂ ਪਣਡੁੱਬੀਆਂ ਭੇਜੀਆਂ

0
62

ਵਾਸ਼ਿੰਗਟਨ : ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਰੂਸ ਦੇ ਸਾਬਕਾ ਰਾਸ਼ਟਰਪਤੀ ਦਮਿਤਰੀ ਮੈਦਵੇਦੇਵ ਦੇ ‘ਬੇਹੱਦ ਭੜਕਾਊ ਬਿਆਨਾਂ’ ਦੇ ਆਧਾਰ ’ਤੇ ਦੋ ਅਮਰੀਕੀ ਪ੍ਰਮਾਣੂ ਪਣਡੁੱਬੀਆਂ ਨੂੰ ਰੂਸ ਕੋਲ ਤਾਇਨਾਤ ਕਰਨ ਦਾ ਹੁੁਕਮ ਦਿੱਤਾ ਹੈ। ਟਰੰਪ ਨੇ ਕਿਹਾ, ‘ਬਿਆਨ ਅਹਿਮ ਹੁੰਦੇ ਹਨ ਅਤੇ ਕਦੇ-ਕਦੇ ਇਹ ਅਣਚਾਹੇ ਮਾੜੇ ਨਤੀਜਿਆਂ ਵੱਲ ਲੈ ਜਾਂਦੇ ਹਨ। ਮੈਂ ਉਮੀਦ ਕਰਦਾ ਹਾਂ ਕਿ ਮੈਦਵੇਦੇਵ ਦੇ ਬਿਆਨਾਂ ਨਾਲ ਅਜਿਹਾ ਨਾ ਹੋਵੇ।’
ਦਰਅਸਲ ਟਰੰਪ ਨੇ ਵੀਰਵਾਰ ਤੜਕੇ ਇੱਕ ਪੋਸਟ ’ਚ ਮੈਦਵੇਦੇਵ ਨੂੰ ‘ਰੂਸ ਦਾ ਨਾਕਾਮ ਰਾਸ਼ਟਰਪਤੀ’ ਦੱਸਿਆ ਸੀ। ਇਸ ਦੇ ਕੁਝ ਘੰਟਿਆਂ ਮਗਰੋਂ ਮੈਦਵੇਦੇਵ ਨੇ ਜਵਾਬ ਦਿੰਦਿਆਂ ਕਿਹਾ ਸੀ, ‘ਰੂਸ ਹਰ ਮਾਮਲੇ ’ਚ ਸਹੀ ਹੈ ਅਤੇ ਆਪਣੇ ਰਸਤੇ ’ਤੇ ਚਲਦਾ ਰਹੇਗਾ।’
ਦੋਵਾਂ ਮੁਲਕਾਂ ਵਿਚਾਲੇ ਜ਼ੁਬਾਨੀ ਜੰਗ ਦੀ ਸ਼ੁਰੂਆਤ ਇਸੇ ਹਫਤੇ ਹੋਈ ਸੀ, ਜਦੋਂ ਮੈਦਵੇਦੇਵ ਨੇ ਲਿਖਿਆ, ‘ਟਰੰਪ ਰੂਸ ਨਾਲ ਅਲਟੀਮੇਟਮ ਗੇਮ ਖੇਡ ਰਹੇ ਹਨ। ਉਨ੍ਹਾ ਨੂੰ ਦੋ ਗੱਲਾਂ ਯਾਦ ਰੱਖਣੀਆਂ ਚਾਹੀਦੀਆਂ ਹਨ। ਪਹਿਲੀ ਇਹ ਕਿ ਰੂਸ, ਇਜ਼ਰਾਈਲ ਜਾਂ ਈਰਾਨ ਨਹੀਂ। ਦੂਜੀ ਇਹ ਕਿ ਹਰ ਨਵਾਂ ਅਲਟੀਮੇਟਮ ਇਕ ਖਤਰਾ ਹੈ ਅਤੇ ਜੰਗ ਵੱਲ ਲਿਜਾਣ ਵਾਲਾ ਕਦਮ ਹੈ। ਰੂਸ ਤੇ ਯੂਕਰੇਨ ਦਰਮਿਆਨ ਨਹੀਂ, ਬਲਕਿ ਉਨ੍ਹਾ ਦੇ ਆਪਣੇ ਮੁਲਕ (ਅਮਰੀਕਾ) ਨਾਲ।’
ਸ਼ੁੱਕਰਵਾਰ ਜਦੋਂ ਟਰੰਪ ਵ੍ਹਾਈਟ ਹਾਊਸ ਤੋਂ ਰਵਾਨਾ ਹੋਣ ਲੱਗੇ ਤਾਂ ਉਨ੍ਹਾ ਨੂੰ ਪੁੱਛਿਆ ਗਿਆ ਕਿ ਪਣਡੁੱਬੀਆਂ ਦੀ ਜਗ੍ਹਾ ਕਿੱਥੇ ਬਦਲੀ ਗਈ ਹੈ ਤਾਂ ਉਨ੍ਹਾ ਕੋਈ ਜਾਣਕਾਰੀ ਨਹੀਂ ਦਿੱਤੀ। ਟਰੰਪ ਨੇ ਕਿਹਾ, ‘ਅਸੀਂ ਅਜਿਹਾ ਕਰਨਾ ਹੀ ਸੀ। ਸਾਨੂੰ ਬੱਸ ਚੌਕੰਨੇ ਰਹਿਣਾ ਪਵੇਗਾ। ਧਮਕੀ ਦਿੱਤੀ ਗਈ ਹੈ। ਸਾਨੂੰ ਲੱਗਦਾ ਹੈ ਕਿ ਇਹ ਵਾਜਬ ਨਹੀਂ, ਇਸ ਲਈ ਮੈਨੂੰ ਬਹੁਤ ਸਾਵਧਾਨ ਰਹਿਣਾ ਪਵੇਗਾ।’
ਰਾਸ਼ਟਰਪਤੀ ਟਰੰਪ ਨੇ ਇਹ ਵੀ ਕਿਹਾ, ‘ਮੈਂ ਆਪਣੇ ਲੋਕਾਂ ਦੀ ਸੁਰੱਖਿਆ ਲਈ ਅਜਿਹਾ ਕਰ ਰਿਹਾ ਹਾਂ। ਜਦੋਂ ਤੁਸੀਂ ਪ੍ਰਮਾਣੂ ਤਾਕਤ ਦੀ ਗੱਲ ਕਰਦੇ ਹੋ ਤਾਂ ਸਾਨੂੰ ਤਿਆਰ ਰਹਿਣਾ ਹੋਵੇਗਾ। ਅਸੀਂ ਪੂਰੀ ਤਰ੍ਹਾਂ ਤਿਆਰ ਹਾਂ।’ ਦੱਸਣਯੋਗ ਹੈ ਕਿ ਵਲਾਦੀਮੀਰ ਪੁਤਿਨ ’ਤੇ ਤੀਜੀ ਵਾਰ ਚੋਣ ਲੜਨ ’ਤੇ ਰੋਕ ਲੱਗਣ ਮਗਰੋਂ ਮੈਦਵੇਦੇਵ 2008 ਤੋਂ 2012 ਤੱਕ ਰੂਸ ਦੇ ਰਾਸ਼ਟਰਪਤੀ ਰਹੇ ਸਨ। ਬਾਅਦ ’ਚ ਪੁਤਿਨ ਨੂੰ ਮੁੜ ਚੋਣਾਂ ਲੜਨ ਦੀ ਆਗਿਆ ਮਿਲਣ ਮਗਰੋਂ ਮੈਦਵੇਦੇਵ ਨੇ ਅਹੁਦਾ ਛੱਡ ਦਿੱਤਾ ਸੀ।
ਇਸੇ ਦੌਰਾਨ ਰੂਸ ਨੇ ਕਿਹਾ ਹੈ ਕਿ ਉਹ ਪ੍ਰਮਾਣੂ ਪਣਡੁੱਬੀਆਂ ਤੋਂ ਡਰਨ ਵਾਲਾ ਨਹੀਂ। ਉਸ ਕੋਲ ਵੀ ਪ੍ਰਮਾਣੂ ਪਣਡੁੱਬੀਆਂ ਬਹੁਤ ਹਨ।