ਟਰੰਪ ਦੇ ਦਬਕਿਆਂ ਦਰਮਿਆਨ ਮੋਦੀ ਦਾ ਸਵਦੇਸ਼ੀ ਪੈਂਤੜਾ

0
77

ਵਾਰਾਨਸੀ : ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਦਬਕਿਆਂ ਦਰਮਿਆਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸਨਿੱਚਰਵਾਰ ਇੱਥੇ ਸਵਦੇਸ਼ੀ ਅਪਨਾਉਣ ’ਤੇ ਜ਼ੋਰ ਦਿੱਤਾ। ਟਰੰਪ ਵੱਲੋਂ ਭਾਰਤੀ ਅਰਥਚਾਰੇ ਨੂੰ ਮਰਨਾਊ ਦੱਸਣ ਦਾ ਅਸਿੱਧਾ ਜਵਾਬ ਦਿੰਦਿਆਂ ਮੋਦੀ ਨੇ ਕਿਹਾ, ‘ਭਾਰਤ ਦੁਨੀਆ ਦਾ ਤੀਜਾ ਸਭ ਤੋਂ ਵੱਡਾ ਅਰਥਚਾਰਾ ਬਣਨ ਜਾ ਰਿਹਾ ਹੈ, ਇਸ ਕਰਕੇ ਸਾਨੂੰ ਆਪਣੇ ਆਰਥਕ ਹਿੱਤਾਂ ਦੀ ਰਾਖੀ ਲਈ ਚੌਕਸ ਰਹਿਣਾ ਪੈਣਾ ਹੈ। ਨਾਗਰਿਕਾਂ ਤੇ ਬਿਜ਼ਨੈੱਸ ਭਾਈਚਾਰੇ ਨੂੰ ਸਵਦੇਸ਼ੀ ’ਤੇ ਜ਼ੋਰ ਦੇਣਾ ਚਾਹੀਦਾ ਹੈ।’
ਮੋਦੀ ਨੇ ਕਿਹਾ ਕਿ ਪਹਿਲਗਾਮ ਦਹਿਸ਼ਤੀ ਹਮਲੇ ਦਾ ਬਦਲਾ ਲੈਣ ਦਾ ਉਨ੍ਹਾ ਦਾ ਵਾਅਦਾ ਭਗਵਾਨ ਸ਼ਿਵ ਦੇ ਆਸ਼ੀਰਵਾਦ ਨਾਲ ‘ਅਪ੍ਰੇਸ਼ਨ ਸਿੰਧੂਰ’ ਰਾਹੀਂ ਪੂਰਾ ਹੋ ਗਿਆ ਹੈ। ਉਨ੍ਹਾ ਕਿਹਾ, ‘‘ਪਹਿਲਗਾਮ ’ਚ ਦਹਿਸ਼ਤੀ ਹਮਲੇ ’ਚ 26 ਲੋਕਾਂ ਦੀ ਮੌਤ ਮਗਰੋਂ ਮੈਂ ਬਹੁਤ ਦੁਖੀ ਸੀ। ਸਾਡੀਆਂ ਬੇਟੀਆਂ ਦੇ ਸਿੰਧੂਰ ਦਾ ਬਦਲਾ ਲੈਣ ਦਾ ਮੇਰਾ ਵਾਅਦਾ ਮਹਾਂਦੇਵ ਦੀ ਕਿਰਪਾ ਨਾਲ ਪੂਰਾ ਹੋ ਗਿਆ ਹੈ। ਮੈਂ ‘ਅਪ੍ਰੇਸ਼ਨ ਸਿੰਧੂਰ’ ਦੀ ਸਫਲਤਾ ਮਹਾਂਦੇਵ ਦੇ ਚਰਨਾਂ ’ਚ ਸਮਰਪਤ ਕਰਦਾ ਹਾਂ।’’ ਵਿਰੋਧੀ ਧਿਰ ’ਤੇ ਵਰ੍ਹਦਿਆਂ ਮੋਦੀ ਨੇ ਦੋਸ਼ ਲਾਇਆ ਕਿ ਜਦੋਂ ਪੂਰਾ ਦੇਸ਼ ਅਪ੍ਰੇਸ਼ਨ ਸਿੰਧੂਰ ਦੀ ਸਫਲਤਾ ’ਤੇ ਖੁਸ਼ੀ ਮਨਾ ਰਿਹਾ ਸੀ ਤਾਂ ‘ਸਾਡੇ ਆਪਣੇ ਹੀ ਮੁਲਕ ’ਚ ਕੁਝ ਲੋਕਾਂ ਨੂੰ ਇਸ ਤੋਂ ਪ੍ਰੇਸ਼ਾਨੀ ਹੋ ਰਹੀ ਸੀ।’ ਉਨ੍ਹਾ ਕਿਹਾ, ‘ਕਾਂਗਰਸ ਤੇ ਉਸ ਦੇ ਸਹਿਯੋਗੀਆਂ ਨੂੰ ਇਹ ਗੱਲ ਹਜ਼ਮ ਨਹੀਂ ਹੋ ਰਹੀ ਕਿ ਭਾਰਤ ਨੇ ਪਾਕਿਸਤਾਨ ’ਚ ਵੜ ਕੇ ਦਹਿਸ਼ਤਗਰਦਾਂ ਦੇ ਟਿਕਾਣਿਆਂ ਨੂੰ ਤਬਾਹ ਕੀਤਾ ਹੈ।’ ਉਨ੍ਹਾ ਕਿਹਾ ਕਿ ਪਾਕਿਸਤਾਨ ’ਚ ਕਈ ਏਅਰਬੇਸ ਹਾਲੇ ਵੀ ਆਈ ਸੀ ਯੂ ’ਚ ਹਨ। ਇਸ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵਾਰਾਨਸੀ ਹਲਕੇ ’ਚ 2200 ਕਰੋੜ ਰੁਪਏ ਤੋਂ ਵੱਧ ਦੀ ਲਾਗਤ ਵਾਲੇ ਕਈ ਪ੍ਰੋਜੈਕਟਾਂ ਦੇ ਨੀਂਹ ਪੱਥਰ ਰੱਖੇ ਅਤੇ ਉਦਘਾਟਨ ਕੀਤੇ। ਉਨ੍ਹਾ ਦੇਸ਼ ਭਰ ਦੇ 9.70 ਯੋਗ ਕਿਸਾਨਾਂ ਨੂੰ 20,500 ਕਰੋੜ ਦੀ 20ਵੀਂ ਕਿਸ਼ਤ ਦੀ ਵੰਡ ਵੀ ਕੀਤੀ।