ਵਿੱਤੀ ਸਰਮਾਏ ਕਾਰਨ ਵਧ ਰਹੀ ਬੇਰੁਜ਼ਗਾਰੀ ਕਰਕੇ ਦੁਨੀਆ ਮਾਰਕਸਵਾਦ ਵੱਲ ਤੇਜ਼ੀ ਨਾਲ ਵਧ ਰਹੀ : ਜਗਰੂਪ
ਮੋਗਾ (ਇਕਬਾਲ ਸਿੰਘ ਖਹਿਰਾ)
ਭਾਰਤੀ ਕਮਿਊਨਿਸਟ ਪਾਰਟੀ ਦੇ 25ਵੇਂ ਮਹਾਂ-ਸੰਮੇਲਨ ਦੀ ਕਾਮਯਾਬੀ ਲਈ ਸ਼ਹੀਦ ਨਛੱਤਰ ਸਿੰਘ ਧਾਲੀਵਾਲ ਭਵਨ ਮੋਗਾ ਵਿਖੇ ਬੇਰੁਜ਼ਗਾਰੀ ; ਸਮੱਸਿਆ ਅਤੇ ਹੱਲ ਵਿਸ਼ੇ ’ਤੇ ਸਨਿੱਚਰਵਾਰ ਸੈਮੀਨਾਰ ਕਰਵਾਇਆ ਗਿਆ। ਸੈਮੀਨਾਰ ਵਿੱਚ ਹਾਜ਼ਰ ਸਾਥੀਆਂ ਦਾ ਸਵਾਗਤ ਸੀ ਪੀ ਆਈ ਜ਼ਿਲ੍ਹਾ ਮੋਗਾ ਦੇ ਸਕੱਤਰ ਕੁਲਦੀਪ ਭੋਲਾ ਵੱਲੋਂ ਕੀਤਾ ਗਿਆ। ਸੈਮੀਨਾਰ ਨੂੰ ਸੰਬੋਧਨ ਕਰਦਿਆਂ ਜੇ ਐੱਨ ਯੂ ਦੇ ਸਾਬਕਾ ਪ੍ਰੋਫੈਸਰ ਅਤੇ ਪ੍ਰਸਿੱਧ ਅਰਥ ਸ਼ਾਸਤਰੀ ਅਰੁਣ ਕੁਮਾਰ ਨੇ ਕਿਹਾ ਕਿ ਉੱਚ ਤਕਨੀਕ ਨਾਲ ਉੜਕਾਂ ਦਾ ਬੇਰੁਜ਼ਗਾਰੀ ਵਿੱਚ ਵਾਧਾ ਹੋਇਆ ਹੈ ਅਤੇ ਇਸ ਵਾਧੇ ਨੂੰ ਰੋਕਣ ਲਈ ਕਿਸੇ ਵੀ ਸਰਕਾਰ ਨੇ ਹੁਣ ਤੱਕ ਕੋਈ ਠੋਸ ਕਦਮ ਨਹੀਂ ਚੁੱਕਿਆ।ਉਹਨਾ ਮੌਜੂਦਾ ਦੌਰ ਵਿੱਚ ਛੜੱਪੇ ਮਾਰ ਕੇ ਅੱਗੇ ਵਧ ਰਹੀ ਬਣਾਉਟੀ ਬੁੱਧੀ ਭਾਵ ਆਰਟੀਫੀਸ਼ਿਅਲ ਇੰਟੈਲੀਜੈਂਸੀ ਦਾ ਜ਼ਿਕਰ ਕਰਦਿਆਂ ਕਿਹਾ ਕਿ ਇਸ ਨਾਲ ਸੰਸਾਰ ਪੱਧਰ ’ਤੇ ਹੋਰ ਵੱਡੇ ਪੱਧਰ ’ਤੇ ਬੇਰੁਜ਼ਗਾਰੀ ਵਧੇਗੀ। ਉਹਨਾ ਕਿਹਾ ਸਾਡੇ ਦੇਸ਼ ਵਿੱਚ 18 ਤੋਂ 25 ਸਾਲ ਦੇ ਨੌਜਵਾਨ ਵੱਧ ਬੇਰੁਜ਼ਗਾਰ ਹਨ। ਇਸ ਤੋਂ ਇਲਾਵਾ ਬਾਕੀ ਬੇਰੁਜ਼ਗਾਰਾ ਨੂੰ ਵੀ ਨਾਮਾਤਰ ਹੀ ਕੰਮ ਮਿਲਦਾ ਹੈ, ਜਿਸ ਨਾਲ ਉਨ੍ਹਾਂ ਦਾ ਜੀਵਨ ਨਿਰਬਾਹ ਨਹੀਂ ਹੋ ਸਕਦਾ। ਬੇਰੁਜ਼ਗਾਰੀ ਦੇ ਪ੍ਰਭਾਵ ਰਾਜਨੀਤਕ ਅਤੇ ਆਰਥਕ ਪੱਧਰ ’ਤੇ ਡੂੰਘੇ ਪੈਂਦੇ ਹਨ। ਉਹਨਾ ਕੇਂਦਰ ਸਰਕਾਰ ਵੱਲੋਂ ਵਿਕਾਸ ਦਰ ਲਗਾਤਰ ਵਧਣ ਦੇ ਦਾਅਵੇ ਨੂੰ ਝੂਠ ਦਾ ਪੁਲੰਦਾ ਕਰਾਰ ਦਿੰਦਿਆਂ ਕਿਹਾ ਕਿ ਦੇਸ਼ ਦੀ ਵਿਕਾਸ ਦਰ ਨਾਮਾਤਰ ਵਧ ਰਹੀ ਹੈ, ਜਦੋਂ ਕਿ ਇਸ ਦਾ ਪ੍ਰਚਾਰ ਵੱਡੇ ਪੱਧਰ ’ਤੇ ਕੀਤਾ ਜਾ ਰਿਹਾ ਹੈ। ਉਹਨਾ ਕਿਹਾ ਕਿ ਦੇਸ਼ ਦੀ ਵਿਕਾਸ ਦਰ ਸਿਰਫ ਦੋ ਫੀਸਦੀ ਹੀ ਵਧ ਰਹੀ ਹੈ। ਦੇਸ਼ ਅੰਦਰ ਭਾਜਪਾ ਦੀ ਸਰਕਾਰ ਵਿੱਚ ਪ੍ਰਧਾਨ ਮੰਤਰੀ ਮੋਦੀ ਵੱਲੋਂ ਕੀਤੀ ਨੋਟਬੰਦੀ, ਲਾਏ ਜੀ ਐੱਸ ਟੀ ਅਤੇ ਲਾਕਡਾਊਨ ਦੇ ਸਮੇਂ ਦੌਰਾਨ ਬੇਰੁਜ਼ਗਾਰੀ ਵਿੱਚ ਵੱਡੇ ਪੱਧਰ ’ਤੇ ਵਾਧਾ ਹੀ ਨਹੀਂ ਹੋਇਆ, ਸਗੋਂ ਦੇਸ਼ ਅੰਦਰ ਵੱਡੇ ਪੱਧਰ ’ਤੇ ਆਰਥਕ ਪਾੜਾ ਵਧ ਗਿਆ ਹੈ। ਲਗਾਤਾਰ ਪੈਦਾ ਹੋ ਰਹੀ ਬੇਰੁਜ਼ਗਾਰੀ ’ਤੇ ਚਿੰਤਾ ਜ਼ਾਹਰ ਕਰਦਿਆਂ ਪ੍ਰੋਫੈਸਰ ਅਰੁਣ ਕੁਮਾਰ ਨੇ ਕਿਹਾ ਕਿ ਬੇਰੁਜ਼ਗਾਰੀ ਮੌਜੂਦਾ ਅਤੇ ਇਸ ਤੋਂ ਪਹਿਲਾਂ ਲੰਮਾ ਸਮਾਂ ਰਾਜ ਕਰਨ ਵਾਲੇ ਰਾਜਸੀ ਸਿਸਟਮ ਦੀ ਦੇਣ ਹੈ ਅਤੇ ਉਹਨਾਂ ਸਰਕਾਰਾਂ ਦੀਆਂ ਗਲਤ ਨੀਤੀਆਂ ਕਾਰਨ ਹੀ ਲਗਾਤਾਰ ਬੇਰੁਜ਼ਗਾਰਾਂ ਨੂੰ ਰੁਜ਼ਗਾਰ ਨਹੀਂ ਦਿੱਤਾ ਜਾ ਰਿਹਾ।
ਉਨ੍ਹਾ ਕਿਹਾ ਕਿ ਉੱਚ ਤਕਨੀਕ ਤੋਂ ਵੀ ਅੱਗੇ ਵਧ ਕੇ ਆਰਟੀਫੀਸ਼ਿਅਲ ਇੰਟੈਲੀਜੈਂਸ ਦੇ ਦੌਰ ਵਿੱਚ ਜੇਕਰ ਕੰਮ ਕਰਨ ਦਾ ਸਮਾਂ ਅੱਧਾ ਕਰ ਦਿੱਤਾ ਜਾਵੇ, ਤਾਂ ਦੁਗਣਾ ਰੁਜ਼ਗਾਰ ਪੈਦਾ ਹੋਵੇਗਾ।
ਸੈਮੀਨਾਰ ਨੂੰ ਸੰਬੋਧਨ ਕਰਦਿਆਂ ਭਾਰਤੀ ਕਮਿਊਨਿਸਟ ਪਾਰਟੀ ਦੇ ਕੌਮੀ ਕੌਂਸਲ ਮੈਂਬਰ ਜਗਰੂਪ ਸਿੰਘ ਨੇ ਕਿਹਾ ਕਿ ਮੌਜੂਦਾ ਸਰਮਾਏਦਾਰੀ ਰਾਜਨੀਤਕ ਪ੍ਰਬੰਧ ਵਿੱਚ ਕਿਸੇ ਵੀ ਹਾਲਤ ਵਿੱਚ ਬੇਰੁਜ਼ਗਾਰਾਂ ਨੂੰ ਰੁਜ਼ਗਾਰ ਨਹੀਂ ਦਿੱਤਾ ਜਾ ਸਕਦਾ। ਸਭ ਲਈ ਰੁਜ਼ਗਾਰ ਦੀ ਗਾਰੰਟੀ ਸਮਾਜਵਾਦੀ ਪ੍ਰਬੰਧ ਭਾਵ ਕਮਿਊਨਿਸਟ ਪਾਰਟੀਆਂ ਦੇ ਰਾਜ ਵਿੱਚ ਹੀ ਦਿੱਤਾ ਜਾ ਸਕਦਾ ਹੈ। ਉਹਨਾ ਸੈਮੀਨਾਰ ਵਿੱਚ ਪਹੁੰਚੇ ਪਾਰਟੀ ਵਰਕਰਾਂ, ਹਮਦਰਦਾਂ ’ਚ ਉਤਸ਼ਾਹ ਭਰਦਿਆਂ ਕਿਹਾ ਜਿਸ ਤਰ੍ਹਾਂ ਇੱਕ ਪਾਸੇ ਦੁਨੀਆ ਭਰ ਵਿੱਚ ਵਿੱਤੀ ਸਰਮਾਏ ਕਾਰਨ ਬੇਰੁਜ਼ਗਾਰੀ ਲਗਾਤਾਰ ਵਧ ਰਹੀ ਹੈ, ਉਸੇ ਤਰ੍ਹਾਂ ਦੂਜੇ ਪਾਸੇ ਦੁਨੀਆ ਮਾਰਕਸਵਾਦ ਵੱਲ ਤੇਜ਼ੀ ਨਾਲ ਵਧ ਰਹੀ ਹੈ। ਉਹਨਾ ਕਿਹਾ ਕਿ ਦੁਨੀਆ ’ਚ ਸਰਮਾਇਆ ਆਪਣੀ ਸਿਖਰ ’ਤੇ ਪਹੁੰਚ ਗਿਆ ਹੈ ਅਤੇ ਹੁਣ ਅੱਗੇ ਨਹੀਂ ਵਧ ਸਕਦਾ, ਕਿਉਕਿ ਮਨੁੱਖੀ ਕਿਰਤ ਤੋਂ ਕੰਮ ਲੈਣਾ ਉਸ ਨੇ ਛੱਡ ਦੇਣਾ ਹੈ। ਆਰਟੀਫੀਸ਼ਿਅਲ ਇੰਟੈਲੀਜੈਂਸੀ ਬਾਰੇ ਅਗਾਊਂ ਚੇਤੰਨ ਕਰਦਿਆਂ ਜਗਰੂਪ ਨੇ ਕਿਆ ਕਿ ਇਸ ਨਾਲ ਵੱਡੇ ਪੱਧਰ ’ਤੇ ਸੰਸਾਰ ਭਰ ਵਿੱਚ ਬੇਰੁਜ਼ਗਾਰੀ ਵਧੇਗੀ। ਉਹਨਾ ਵਿਸ਼ਵ ਬੈਂਕ, ਅੰਤਰਰਾਸ਼ਟਰੀ ਮੁਦਰਾ ਕੋਸ਼ ਅਤੇ ਡਬਲਯੂ ਟੀ ਓ ਦਾ ਹਵਾਲਾ ਦਿੰਦਿਆਂ ਕਿਹਾ ਕਿ ਬਣਾਉਟੀ ਬੁੱਧੀ ਦੇ ਆਉਣ ਨਾਲ ਦੁਨੀਆ ਭਰ ਵਿੱਚ ਵਿਕਸਤ ਦੇਸ਼ਾਂ ਵਿੱਚ 60 ਫੀਸਦੀ ਅਤੇ ਵਿਕਾਸਸ਼ੀਲ ਦੇਸ਼ਾਂ ਵਿੱਚ 40 ਫੀਸਦੀ ਰੁਜ਼ਗਾਰ ’ਤੇ ਲੱਗੇ ਕਾਮੇ ਕੰਮ ਤੋਂ ਵਿਹਲੇ ਕਰ ਦਿੱਤੇ ਜਾਣਗੇ। ਏ ਆਈ ਦੇ ਦੌਰ ਵਿੱਚ ਕੰਮ ਦਿਹਾੜੀ ਦੀ ਕਾਨੂੰਨੀ ਸੀਮਾ ਘੱਟ ਕਰਨ ਨਾਲ ਹੀ ਬੇਰੁਜ਼ਗਾਰੀ ਦਾ ਅਸਲ ਹੱਲ ਕੀਤਾ ਜਾ ਸਕਦਾ ਹੈ।
ਨਰਿੰਦਰ ਕੌਰ ਸੋਹਲ ਕੌਮੀ ਕੌਂਸਲ ਮੈਂਬਰ ਸੀ ਪੀ ਆਈ ਨੇ ਕਿਹਾ ਕਿ ਸਰਕਾਰਾਂ ਹਰ ਮਹਿਕਮੇ ਵਿੱਚ ਅਸਾਮੀਆਂ ਖਤਮ ਕਰ ਰਹੀਆਂ ਹਨ। ਰੁਜ਼ਗਾਰ ਨਾ ਮਿਲਣ ਕਰਕੇ ਬੇਇਨਸਾਫੀ ਦਾ ਸ਼ਿਕਾਰ ਜਵਾਨੀ ਨਿਰਾਸ਼ਾ ਵਿੱਚ ਹੈ। ਸਭ ਲਈ ਰੁਜ਼ਗਾਰ ਦੀ ਗਾਰੰਟੀ ਕੀਤੇ ਬਿਨਾਂ ਜਵਾਨੀ ਨੂੰ ਨਿਰਾਸ਼ਾ ਤੋਂ ਨਹੀਂ ਕੱਢਿਆ ਜਾ ਸਕਦਾ।
ਇਸ ਮੌਕੇ ਹੰਸ ਰਾਜ ਗੋਲਡਨ, ਕੰਟਰੋਲ ਕਮਿਸ਼ਨ ਦੇ ਮੈਂਬਰ ਜਗਜੀਤ ਸਿੰਘ ਨਿਹਾਲ ਸਿੰਘ ਵਾਲਾ, ਸੁਖਜਿੰਦਰ ਮਹੇਸਰੀ, ਕਸ਼ਮੀਰ ਸਿੰਘ ਅਤੇ ਹਰਲਾਭ ਸਿੰਘ ਮੁਕਤਸਰ ਨੇ ਵੀ ਸੰਬੋਧਨ ਕੀਤਾ। ਸੈਮੀਨਾਰ ਵਿੱਚ ਹੋਰਨਾਂ ਤੋਂ ਇਲਾਵਾ ਨਰੇਗਾ ਰੁਜ਼ਗਾਰ ਪ੍ਰਾਪਤ ਮਜ਼ਦੂਰ ਯੂਨੀਅਨ ਦੇ ਸੂਬਾ ਸਕੱਤਰ ਜਗਸੀਰ ਖੋਸਾ, ਸਰਬ ਭਾਰਤ ਨੌਜਵਾਨ ਸਭਾ ਦੇ ਸੂਬਾ ਪ੍ਰਧਾਨ ਕਰਮਵੀਰ ਕੌਰ ਬੱਧਨੀ, ਸਾਬਕਾ ਸੂਬਾ ਪ੍ਰਧਾਨ ਐਡਵੋਕੇਟ ਪਰਮਜੀਤ ਢਾਬਾਂ, ਆਲ ਇੰਡੀਆ ਸਟੂਡੈਂਟਸ ਫੈਡਰੇਸ਼ਨ ਦੇ ਸੂਬਾ ਸਕੱਤਰ ਸੁਖਵਿੰਦਰ ਸਿੰਘ ਮਲੋਟ ਅਤੇ ਸੀ ਪੀ ਆਈ ਦੇ ਸਟੇਟ ਕੌਂਸਲ ਮੈਂਬਰ ਸੁਰਿੰਦਰ ਢੰਡੀਆਂ ਤੇ ਸ਼ੇਰ ਸਿੰਘ ਵੀ ਹਾਜ਼ਰ ਸਨ। ਸਟੇਜ ਸਕੱਤਰ ਦੀ ਭੂਮਿਕਾ ਡਾਕਟਰ ਇੰਦਰਵੀਰ ਮੋਗਾ ਵੱਲੋਂ ਨਿਭਾਈ ਗਈ।





