ਨਵੀਂ ਦਿੱਲੀ : ਰਾਹੁਲ ਗਾਂਧੀ ਨੇ ਚੋਣ ਕਮਿਸ਼ਨ ’ਤੇ ਇੱਕ ਹੋਰ ਵੱਡਾ ਹਮਲਾ ਕਰਦਿਆਂ ਕਿਹਾ ਕਿ ਦੇਸ਼ ਦੀ ਚੋਣ ਪ੍ਰਣਾਲੀ ਪਹਿਲਾਂ ਹੀ ਮਰ ਚੁੱਕੀ ਹੈ ਅਤੇ ਸਾਲ 2024 ਦੀਆਂ ਲੋਕ ਸਭ ਚੋਣਾਂ ’ਚ ਧਾਂਦਲੀ ਹੋਈ ਸੀ। ਉਨ੍ਹਾ ਇਹ ਟਿੱਪਣੀ ‘ਸੰਵਿਧਾਨਕ ਚੁਣੌਤੀਆਂ’ ਵਿਸ਼ੇ ’ਤੇ ਇੱਥੇ ਇੱਕ ਰੋਜ਼ਾ ਕਾਨੂੰਨੀ ਸੰਮੇਲਨ ਦੇ ਉਦਘਾਟਨੀ ਸਮਾਰੋਹ ਨੂੰ ਸੰਬੋਧਨ ਕਰਦਿਆਂ ਕੀਤੀ। ਉਨ੍ਹਾ ਕਿਹਾ ਕਿ ਪ੍ਰਧਾਨ ਮੰਤਰੀ ‘ਘੱੱਟ ਬਹੁਮਤ’ ਨਾਲ ਆਪਣੀ ਕੁਰਸੀ ’ਤੇ ਬੈਠੇ ਹਨ ਅਤੇ ਜੇ ਕੁਝ ਕੁ ਸੀਟਾਂ ਦਾ ਅੰਤਰ ਹੁੰਦਾ ਤਾਂ ਉਹ ਉੱਥੇ ਨਾ ਹੁੰਦੇ। ਉਨ੍ਹਾ ਕਰਨਾਟਕ ਦੇ ਇੱਕ ਵਿਧਾਨ ਸਭਾ ਹਲਕੇ ਤੋਂ ਕਾਂਗਰਸ ਵੱਲੋਂ ਇਕੱਠੇ ਕੀਤੇ ਅੰਕੜਿਆਂ ਦਾ ਹਵਾਲਾ ਦਿੱਤਾ, ਜਿੱਥੇ ਪਾਰਟੀ ਨੇ ਵੋਟਰਾਂ ਦੀਆਂ ਫੋਟੋਆਂ ਅਤੇ ਨਾਵਾਂ ਦੀ ਜਾਂਚ ਕੀਤੀ ਅਤੇ ਪਤਾ ਲੱਗਾ ਕਿ ਕੁੱਲ 6.5 ਲੱਖ ਵੋਟਰਾਂ ਵਿੱਚੋਂ 1.5 ਲੱਖ ਵੋਟਾਂ ਜਾਲ੍ਹੀ ਸਨ। ਉਨ੍ਹਾ ਕਿਹਾ, ‘‘ਜਦੋਂ ਅਸੀਂ ਇਹ ਅੰਕੜਾ ਜਾਰੀ ਕਰਾਂਗੇ ਤਾਂ ਤੁਸੀਂ ਚੋਣ ਪ੍ਰਣਾਲੀ ਵਿੱਚ ਇੱਕ ਹੋਰ ਝਟਕਾ ਦੇਖੋਗੇ। ਇਹ ਇੱਕ ‘ਐਟਮ ਬੰਬ’ ਵਾਂਗ ਹੈ। ਸੱਚਾਈ ਇਹ ਹੈ ਕਿ ਭਾਰਤ ਵਿੱਚ ਚੋਣ ਪ੍ਰਣਾਲੀ ਪਹਿਲਾਂ ਹੀ ਮਰ ਚੁੱਕੀ ਹੈ। ਕਿਰਪਾ ਕਰਕੇ ਇੱਕ ਗੱਲ ਯਾਦ ਰੱਖੋ ਕਿ ਭਾਰਤ ਦੇ ਪ੍ਰਧਾਨ ਮੰਤਰੀ ਕੋਲ ਬਹੁਤ ਘੱਟ ਬਹੁਮਤ ਹੈ। ਜੇ 10-15 ਸੀਟਾਂ ’ਤੇ ਧਾਂਦਲੀ ਨਾ ਹੁੰਦੀ ਤਾਂ ਉਹ ਦੇਸ਼ ਦੇ ਪ੍ਰਧਾਨ ਮੰਤਰੀ ਨਾ ਹੁੰਦੇ।’’ ਚੋਣ ਕਮਿਸ਼ਨ ਬਾਰੇ ਬੋਲਦਿਆਂ ਰਾਹੁਲ ਨੇ ਕਿਹਾ, ‘ਇਹ ਬਹੁਤ ਸਪੱਸ਼ਟ ਹੈ ਕਿ ਸੰਵਿਧਾਨ ਦੀ ਰੱਖਿਆ ਕਰਨ ਵਾਲੀ ਇਸ ਸੰਸਥਾ ਨੂੰ ਮਿਟਾ ਦਿੱਤਾ ਗਿਆ ਹੈ ਅਤੇ ਆਪਣੇ ਕਬਜ਼ੇ ਵਿੱਚ ਲੈ ਲਿਆ ਗਿਆ ਹੈ। ਮੇਰੇ ਕੋਲ ਪਹਿਲਾਂ ਸਬੂਤ ਨਹੀਂ ਸਨ ਅਤੇ ਇਸੇ ਲਈ ਮੈਂ ਪਹਿਲਾਂ ਅਜਿਹੇ ਬਿਆਨ ਨਹੀਂ ਦੇ ਸਕਦਾ ਸੀ, ਪਰ ਮੈਂ ਹੁਣ ਇਹ ਬਿਆਨ ਵਿਸ਼ਵਾਸ ਨਾਲ ਦੇ ਰਿਹਾ ਹਾਂ, ਕਿਉਂਕਿ ਮੇਰੇ ਕੋਲ 100 ਪ੍ਰਤੀਸ਼ਤ ਸਬੂਤ ਹਨ।’





