ਭੁਬਨੇਸ਼ਵਰ : ਓਡੀਸ਼ਾ ਪੁਲਸ ਨੇ ਦਾਅਵਾ ਕੀਤਾ ਹੈ ਕਿ 15 ਸਾਲਾ ਕੁੜੀ ਦੇ ਅੱਗ ਨਾਲ ਝੁਲਸਣ, ਜਿਸ ਨੇ ਮਗਰੋਂ ਜ਼ਖਮਾਂ ਦੀ ਤਾਬ ਨਾ ਝਲਦਿਆਂ ਦਮ ਤੋੜ ਦਿੱਤਾ ਸੀ, ਦੇ ਮਾਮਲੇ ਵਿੱਚ ਕੋਈ ਵੀ ਵਿਅਕਤੀ ਸ਼ਾਮਲ ਨਹੀਂ ਸੀ। ਹਾਲਾਂਕਿ ਪੀੜਤਾ ਦੀ ਮਾਂ ਦਾ ਦਾਅਵਾ ਹੈ ਕਿ ਤਿੰਨ ਅਣਪਛਾਤੇ ਸ਼ਰਾਰਤੀ ਅਨਸਰਾਂ ਨੇ ਉਸ ਦੀ ਧੀ ਨੂੰ ਅੱਗ ਲਾਈ ਸੀ। ਪੀੜਤ ਕੁੜੀ ਪੁਰੀ ਜ਼ਿਲ੍ਹੇ ਦੇ ਬਲੰਗਾ ਇਲਾਕੇ ਵਿੱਚ 19 ਜੁਲਾਈ ਨੂੰ ਆਪਣੇ ਘਰ ਨੇੜੇ ਵਾਪਰੀ ਇਸ ਘਟਨਾ ਵਿੱਚ ਝੁਲਸਣ ਤੋਂ ਬਾਅਦ ਏਮਜ਼-ਦਿੱਲੀ ਵਿੱਚ ਇਲਾਜ ਅਧੀਨ ਸੀ ਤੇ ਸਨਿੱਚਰਵਾਰ ਨੂੰ ਉਸ ਦੀ ਮੌਤ ਹੋ ਗਈ। ਹਾਲਾਂਕਿ ਪੁਲਸ ਨੇ ਇਹ ਸਪੱਸ਼ਟ ਨਹੀਂ ਕੀਤਾ ਕਿ ਕੁੜੀ ਨੂੰ ਅੱਗ ਕਿਵੇਂ ਲੱਗੀ। ਉਧਰ ਨਾਬਾਲਗਾ ਦੇ ਪਿਤਾ ਨੇ ਦਾਅਵਾ ਕੀਤਾ ਕਿ ਉਸ ਦੀ ਧੀ ਮਾਨਸਕ ਤੌਰ ’ਤੇ ਪ੍ਰੇਸ਼ਾਨ ਸੀ, ਜਿਸ ਕਰਕੇ ਉਸ ਨੇ ਇਹ ਸਿਰੇ ਦਾ ਕਦਮ ਚੁੱਕਿਆ। ਪਿਤਾ ਨੇ ਇੱਕ ਵੀਡੀਓ ਵਿੱਚ ਕਿਹਾ, ‘ਮੈਂ ਕਹਿਣਾ ਚਾਹੁੰਦਾ ਹਾਂ ਕਿ ਸਰਕਾਰ ਨੇ ਮੇਰੀ ਧੀ ਲਈ ਜੋ ਵੀ ਸੰਭਵ ਹੋ ਸਕਿਆ ਕੀਤਾ ਹੈ। ਮੇਰੀ ਧੀ ਹੁਣ ਨਹੀਂ ਰਹੀ। ਮੇਰੀ ਧੀ ਨੇ ਮਾਨਸਕ ਦਬਾਅ ਹੇਠ ਆ ਕੇ ਆਪਣੀ ਜਾਨ ਲੈ ਲਈ। ਇਸ ਲਈ ਮੈਂ ਸਾਰਿਆਂ ਨੂੰ ਬੇਨਤੀ ਕਰਦਾ ਹਾਂ ਕਿ ਇਸ ਮਾਮਲੇ ਦਾ ਸਿਆਸੀਕਰਨ ਨਾ ਕੀਤਾ ਜਾਵੇ ਅਤੇ ਉਸ ਦੀ ਆਤਮਾ ਦੀ ਸ਼ਾਂਤੀ ਲਈ ਪ੍ਰਾਰਥਨਾ ਕੀਤੀ ਜਾਵੇ।’
ਕੁੜੀ ਦੀ ਮਾਂ ਨੇ ਬਲੰਗਾ ਪੁਲਸ ਸਟੇਸ਼ਨ ਵਿੱਚ ਦਰਜ ਆਪਣੀ ਐੱਫ ਆਈ ਆਰ ਵਿੱਚ ਦੋਸ਼ ਲਗਾਇਆ ਸੀ ਕਿ ਉਸ ਦੀ ਧੀ ਨੂੰ ਤਿੰਨ ਲੋਕਾਂ ਨੇ ਅਗਵਾ ਕੀਤਾ ਸੀ, ਜਿਨ੍ਹਾਂ ਨੇ ਉਸ ’ਤੇ ਜਲਣਸ਼ੀਲ ਪਦਾਰਥ ਪਾ ਕੇ ਉਸ ਨੂੰ ਅੱਗ ਲਗਾ ਦਿੱਤੀ ਸੀ।




