ਸੱਤਿਆ ਪਾਲ ਮਲਿਕ ਨਹੀਂ ਰਹੇ

0
110

ਨਵੀਂ ਦਿੱਲੀ : ਜੰਮੂ-ਕਸ਼ਮੀਰ ਦੇ ਸਾਬਕਾ ਤੇ ਆਖਰੀ ਰਾਜਪਾਲ ਸੱਤਿਆ ਪਾਲ ਮਲਿਕ (79) ਦਾ ਮੰਗਲਵਾਰ ਦੇਹਾਂਤ ਹੋ ਗਿਆ। ਉਨ੍ਹਾ ਦਿੱਲੀ ਦੇ ਰਾਮ ਮਨੋਹਰ ਲੋਹੀਆ ਹਸਪਤਾਲ ਵਿੱਚ ਦੁਪਹਿਰੇ ਇਕ ਵਜੇ ਆਖਰੀ ਸਾਹ ਲਏ।
ਲਾਪਰਵਾਹੀ ਮਹਿੰਗੀ ਪਈ
ਨਵੀਂ ਦਿੱਲੀ : ਲਾਲ ਕਿਲੇ੍ਹ ਵਿੱਚ ਆਜ਼ਾਦੀ ਦਿਹਾੜੇ ਦੇ ਜਸ਼ਨਾਂ ਤੋਂ ਪਹਿਲਾਂ ਸਖਤ ਸੁਰੱਖਿਆ ਪ੍ਰਬੰਧਾਂ ਦਰਮਿਆਨ ਮੌਕ ਸੁਰੱਖਿਆ ਮਸ਼ਕ ਦੌਰਾਨ ‘ਡੰਮੀ ਬੰਬ’ ਦਾ ਪਤਾ ਲਗਾਉਣ ਵਿੱਚ ਅਸਫਲ ਰਹਿਣ ਤੋਂ ਬਾਅਦ ਸੱਤ ਪੁਲਸ ਮੁਲਾਜ਼ਮਾਂ ਨੂੰ ਮੁਅੱਤਲ ਕਰ ਦਿੱਤਾ ਗਿਆ। ਪੁਲਸ ਸੂਤਰਾਂ ਮੁਤਾਬਕ ਸਪੈਸ਼ਲ ਸੈੱਲ ਦੇ ਕਰਮਚਾਰੀ ਆਮ ਨਾਗਰਿਕਾਂ ਦੇ ਭੇਸ ਵਿੱਚ ਨਕਲੀ ਵਿਸਫੋਟਕ ਯੰਤਰ ਲੈ ਕੇ ਲਾਲ ਕਿਲੇੇ੍ਹ ਦੇ ਅਹਾਤੇ ਵਿੱਚ ਦਾਖਲ ਹੋਏ, ਜਿਸ ਨੂੰ ਡਿਊਟੀ ’ਤੇ ਮੌਜੂਦ ਸੁਰੱਖਿਆ ਕਰਮਚਾਰੀਆਂ ਨੇ ਨਜ਼ਰਅੰਦਾਜ਼ ਕਰ ਦਿੱਤਾ। ਇਸ ਗਲਤੀ ਤੋਂ ਬਾਅਦ ਸਾਰੇ ਸੱਤ ਕਰਮਚਾਰੀਆਂ ਨੂੰ ਲਾਪਰਵਾਹੀ ਲਈ ਮੁਅੱਤਲ ਕਰ ਦਿੱਤਾ ਗਿਆ। ਆਜ਼ਾਦੀ ਦਿਹਾੜੇ ਮੌਕੇ ਹਰ ਸਾਲ ਪ੍ਰਧਾਨ ਮੰਤਰੀ ਲਾਲ ਕਿਲ੍ਹੇ ਦੀ ਫਸੀਲ ਤੋਂ ਕੌਮੀ ਝੰਡਾ ਲਹਿਰਾਉਂਦੇ ਹਨ।
ਸੀ ਪੀ ਆਈ ਵੱਲੋਂ 11 ਨੂੰ ਵਿਰੋਧ ਦਿਵਸ ਦਾ ਸੱਦਾ
ਲੁਧਿਆਣਾ (ਐੱਮ ਐੱਸ ਭਾਟੀਆ)-ਭਾਰਤੀ ਕਮਿਊਨਿਸਟ ਪਾਰਟੀ ਦੀ ਰਾਸ਼ਟਰੀ ਕਾਰਜਕਾਰਨੀ ਨੇ ਸਾਰੀਆਂ ਇਕਾਈਆਂ ਨੂੰ 11 ਅਗਸਤ ਨੂੰ ਭਾਜਪਾ ਸ਼ਾਸਤ ਰਾਜਾਂ ਵਿੱਚ ਬੰਗਾਲੀ ਬੋਲਣ ਵਾਲੇ ਲੋਕਾਂ ਨਾਲ ਹੋ ਰਹੇ ਛੇੜਛਾੜ ਵਿਰੁੱਧ ਵਿਰੋਧ ਦਿਵਸ ਵਜੋਂ ਮਨਾਉਣ ਦਾ ਸੱਦਾ ਦਿੱਤਾ ਹੈ।ਭਾਰਤ ਵਿੱਚੋਂ ਬੰਗਲਾਦੇਸ਼ੀ ਵਿਦੇਸ਼ੀਆਂ ਨੂੰ ਕੱਢਣ ਦੇ ਬਹਾਨੇ ਜ਼ਿਆਦਾਤਰ ਭਾਜਪਾ ਸ਼ਾਸਤ ਰਾਜਾਂ ਦੀਆਂ ਸਰਕਾਰਾਂ ਅਤੇ ਕੇਂਦਰ ਸਰਕਾਰ ਜਾਣਬੁੱਝ ਕੇ ਬੰਗਾਲੀ ਬੋਲਣ ਵਾਲੇ ਲੋਕਾਂ ਨੂੰ ਪਰੇਸ਼ਾਨ ਕਰਨ ਅਤੇ ਸਤਾਉਣ ਦੀ ਨੀਤੀ ਅਪਣਾ ਰਹੀ ਹੈ।ਹਾਲ ਹੀ ਵਿੱਚ ਦਿੱਲੀ ਪੁਲਸ ਨੇ ਬੰਗਾਲੀ ਭਾਸ਼ਾ ਨੂੰ ਬੰਗਲਾਦੇਸ਼ੀ ਭਾਸ਼ਾ ਕਿਹਾ ਹੈ। ਇਸੇ ਤਰ੍ਹਾਂ ਅਸਾਮ ਅਤੇ ਪੱਛਮੀ ਬੰਗਾਲ ਦੇ ਬਹੁਤ ਸਾਰੇ ਬੰਗਾਲੀ ਬੋਲਣ ਵਾਲੇ ਕਾਮਿਆਂ ਨੂੰ ਹਰਿਆਣਾ, ਓਡੀਸ਼ਾ, ਦਿੱਲੀ, ਮਹਾਰਾਸ਼ਟਰ ਅਤੇ ਹੋਰ ਭਾਜਪਾ ਸ਼ਾਸਤ ਰਾਜਾਂ ਵਿੱਚ ਤੰਗ ਕੀਤਾ ਜਾਂਦਾ ਹੈ, ਹਿਰਾਸਤ ਵਿੱਚ ਲਿਆ ਜਾਂਦਾ ਹੈ ਅਤੇ ਗਿ੍ਰਫਤਾਰ ਕੀਤਾ ਜਾਂਦਾ ਹੈ। ਇਹ ਭਾਜਪਾ ਦੁਆਰਾ ਬੰਗਾਲੀ ਬੋਲਣ ਵਾਲੇ ਲੋਕਾਂ ਨੂੰ ਨਿਸ਼ਾਨਾ ਬਣਾਉਣ ਦੀ ਜਾਣਬੁੱਝ ਕੇ ਕੀਤੀ ਗਈ ਕੋਸ਼ਿਸ਼ ਹੈ। ਬੰਗਾਲੀ ਇੱਕ ਭਾਰਤੀ ਭਾਸ਼ਾ ਹੈ, ਜਿਸ ਦੀ ਇੱਕ ਅਮੀਰ ਸੱਭਿਆਚਾਰਕ ਪਰੰਪਰਾ ਹੈ, ਜਿਸ ’ਤੇ ਸਾਰੇ ਭਾਰਤੀ ਮਾਣ ਕਰਦੇ ਹਨ।ਪਾਰਟੀ ਨੇ ਮੰਗ ਕੀਤੀ ਕਿ ਇਸ ਛੇੜਛਾੜ ਨੂੰ ਤੁਰੰਤ ਬੰਦ ਕੀਤਾ ਜਾਵੇ ਅਤੇ ਬੰਗਾਲੀ ਬੋਲਣ ਵਾਲੇ ਭਾਰਤੀਆਂ ਦੇ ਸੰਵਿਧਾਨਕ ਅਧਿਕਾਰਾਂ ਦੀ ਰੱਖਿਆ ਕੀਤੀ ਜਾਵੇ।