ਪਿਛਲੇ ਵੀਰਵਾਰ ਨੂੰ ਟਰੰਪ ਨੇ ਲੱਗਭੱਗ 76 ਦੇਸ਼ਾਂ ’ਤੇ ਟੈਰਿਫ ਦੀਆਂ ਦਰਾਂ ਦਾ ਐਲਾਨ ਕੀਤਾ ਸੀ। ਇਸ ਵਿੱਚ ਮੁੱਖ ਗੱਲ ਇਹ ਹੈ ਕਿ ਇਨ੍ਹਾਂ ਵਿੱਚ ਚੀਨ ਦਾ ਨਾਂਅ ਨਹੀਂ ਸੀ। ਜਦੋਂ ਟਰੰਪ ਨੇ ਵਪਾਰ ਯੁੱਧ ਛੇੜਿਆ ਸੀ ਤਾਂ ਚੀਨ ਨੇ ਜਵਾਬੀ ਯੁੱਧ ਵਿੱਚ ਜਵਾਬ ਦਿੱਤਾ ਸੀ, ਕਿਉਂਕਿ ਉਸ ਨੇ ਪਹਿਲਾਂ ਹੀ ਤਿਆਰੀ ਕਰ ਰੱਖੀ ਸੀ।
ਪਿਛਲੇ ਦੋ ਦਹਾਕਿਆਂ ਦੌਰਾਨ ਉਤਪਾਦਨ ਦੇ ਖੇਤਰ ਵਿੱਚ ਚੀਨ ਨੇ ਬੇਮਿਸਾਲ ਤਰੱਕੀ ਕੀਤੀ। ਬੀਤੇ ਦਹਾਕੇ ਦੇ ਸ਼ੁਰੂ ਤੋਂ ਹੀ ਉਸ ਨੇ ਲਗਭਗ ਹਰ ਖੇਤਰ ਵਿੱਚ ਸਭ ਨੂੰ ਪਛਾੜ ਦਿੱਤਾ ਸੀ। ਇਸ ਨਾਲ ਅਮਰੀਕਾ ਦੇ ਕੰਨ ਖੜ੍ਹੇ ਹੋ ਗਏ ਤੇ ਉਸ ਨੇ ਚੀਨ ਦੇ ਪ੍ਰਭਾਵ ਨੂੰ ਰੋਕਣ ਲਈ ਯੋਜਨਾਵਾਂ ਬਣਾਉਣੀਆਂ ਸ਼ੁਰੂ ਕਰ ਦਿੱਤੀਆਂ ਸਨ। ਬਰਾਕ ਓਬਾਮਾ ਦੇ ਰਾਸ਼ਟਰਪਤੀ ਬਣਨ ਸਮੇਂ ‘ਏਸ਼ੀਆ ਵੱਲ ਝੁਕਾਓ’ ਦੀ ਨੀਤੀ ਤਹਿਤ ਇਸ ਖੇਤਰ ਵਿੱਚ ਚੀਨ ਦੇ ਵਧਦੇ ਕਦਮਾਂ ਨੂੰ ਰੋਕਣ ਲਈ ਕਦਮ ਚੁੱਕੇ ਗਏ। ਟਰੰਪ ਦੇ ਪਹਿਲੇ ਕਾਰਜਕਾਲ ਸਮੇਂ ਇਸ ਨੂੰ ਹੋਰ ਤੇਜ਼ ਕੀਤਾ ਗਿਆ। ਬਾਈਡਨ ਰਾਜ ਦੌਰਾਨ ‘ਛੋਟਾ ਵਿਹੜਾ ਉੱਚੀ ਵਾੜ’ ਦੀ ਨੀਤੀ ਤਹਿਤ ਚੀਨ ਨੂੰ ਸੈਮੀਕੰਡਕਟਰ ਤੇ ਉੱਚ ਤਕਨੀਕੀ ਚਿੱਪਾਂ ਆਦਿ ਭੇਜੇ ਜਾਣ ਉੱਤੇ ਪਾਬੰਦੀ ਲਾ ਦਿੱਤੀ ਗਈ।
ਇਸ ਦੌਰਾਨ ਚੀਨ ਨੇ ਵੀ ਉਸ ਨੂੰ ਘੇਰੇ ਜਾਣ ਦੇ ਖਤਰੇ ਨੂੰ ਰੋਕਣ ਲਈ ਕਦਮ ਚੁੱਕਣੇ ਸ਼ੁਰੂ ਕਰ ਦਿੱਤੇ। ਸਭ ਤੋਂ ਪਹਿਲਾਂ ਉਸ ਨੇ ਆਪਣੇ ਘਰੇਲੂ ਬਾਜ਼ਾਰ ਨੂੰ ਤਕੜਾ ਕੀਤਾ, ਫਿਰ ਬੈੱਲਟ ਐਂਡ ਰੋਡ ਇਨੀਸ਼ੀਏਟਿਵ (ਬੀ ਆਰ ਆਈ) ਦੇ ਵਿਸਥਾਰ ਨਾਲ 140 ਦੇਸ਼ਾਂ ਨਾਲ ਆਪਣੇ ਵਪਾਰਕ ਸੰਬੰਧ ਪੱਕੇ ਕੀਤੇ।
ਚੀਨ ਸਮਝ ਗਿਆ ਸੀ ਕਿ ਅਮਰੀਕਾ ਦੀ ਜਾਨ ਡਾਲਰ ਨਾਂਅ ਦੇ ਤੋਤੇ ਵਿੱਚ ਹੈ। ਇਸ ਲਈ ਅਮਰੀਕਾ ਨੂੰ ਮਾਤ ਦੇਣ ਲਈ ਇਸ ਤੋਤੇ ਦੀ ਸੰਘੀ ਘੁੱਟਣੀ ਪਵੇਗੀ। ਸ਼ੁਰੂਆਤ ਚੀਨ ਨੇ ਰੂਸ ਤੋਂ ਕੀਤੀ। ਉਸ ਨੇ ਰੂਸ ਨਾਲ ਵਪਾਰ ਆਪਣੀ ਕਰੰਸੀ ਯੂਆਨ ਵਿੱਚ ਕਰਨ ਲਈ ਸਮਝੌਤਾ ਕਰ ਲਿਆ। ਚੀਨ ਆਪਣੀ ਲੋੜ ਦਾ ਬਹੁਤਾ ਤੇਲ ਰੂਸ ਤੋਂ ਮੰਗਵਾਉਂਦਾ ਹੈ। ਇਸ ਤੋਂ ਬਾਅਦ ਚੀਨ ਨੇ ‘ਬਿ੍ਰਕਸ’ ਨੂੰ ਸਰਗਰਮ ਕਰਕੇ ‘ਬਿ੍ਰਕਸ’ ਦੀ ਆਪਣੀ ਸਾਂਝੀ ਕਰੰਸੀ ਤੇ ਆਪਣਾ ਕੌਮਾਂਤਰੀ ਬੈਂਕ ਚਾਲੂ ਕਰਨ ਦਾ ਸੁਝਾਅ ਰੱਖਿਆ। ਸਾਂਝੀ ਕਰੰਸੀ ਬਣਾਉਣ ਵਿੱਚ ਭਾਰਤ ਅੜਿੱਕਾ ਬਣ ਗਿਆ, ਪਰ ਨਿਊ ਡਿਵੈੱਲਪਮੈਂਟ ਬੈਂਕ ਬਣਾਉਣ ਲਈ ਸਹਿਮਤੀ ਦੇ ਦਿੱਤੀ। 2024 ਵਿੱਚ ‘ਬਿ੍ਰਕਸ’ ਦਾ ਵਿਸਥਾਰ ਕਰਕੇ ਇਸ ਵਿੱਚ ਮਿਸਰ, ਇਥੋਪੀਆ, ਇੰਡੋਨੇਸ਼ੀਆ, ਈਰਾਨ ਤੇ ਸੰਯੁਕਤ ਅਰਬ ਅਮੀਰਾਤ ਨੂੰ ਸ਼ਾਮਲ ਕਰ ਲਿਆ ਗਿਆ। ਅੱਜ ‘ਬਿ੍ਰਕਸ’ ਦੁਨੀਆ ਦੀ 45 ਫੀਸਦੀ ਅਬਾਦੀ ਦੀ ਪ੍ਰਤੀਨਿਧਤਾ ਕਰਦਾ ਹੈ। ਇਸ ਦੇ ਨਾਲ ਹੀ 10 ਹੋਰ ਦੇਸ਼ਾਂ ਬੇਲਾਰੂਸ, ਬੋਲੀਵੀਆ, ਕਜ਼ਾਕਿਸਤਾਨ, ਕਿਊਬਾ, ਨਾਇਜੀਰੀਆ, ਮਲੇਸ਼ੀਆ, ਥਾਈਲੈਂਡ, ਵੀਅਤਨਾਮ ਤੇ ਯੂਗਾਂਡਾ ਨੂੰ ਭਾਈਵਾਲਾਂ ਦੀ ਸ਼੍ਰੇਣੀ ਵਿੱਚ ਸ਼ਾਮਲ ਕੀਤਾ ਗਿਆ ਹੈ।
ਇਸ ਸਾਲ ਬ੍ਰਾਜ਼ੀਲ ਵਿੱਚ ਹੋਏ ਸੰਮੇਲਨ ਵਿੱਚ ਫੈਸਲਾ ਕੀਤਾ ਗਿਆ ਕਿ ‘ਬਿ੍ਰਕਸ’ ਵਿੱਚ ਸ਼ਾਮਲ ਦੇਸ਼ ਇੱਕ-ਦੂਜੇ ਨਾਲ ਆਪਣੀਆਂ ਕਰੰਸੀਆਂ ਵਿੱਚ ਵਪਾਰ ਨੂੰ ਪਹਿਲ ਦੇਣਗੇ। ਇਹ ਡਾਲਰ ’ਤੇ ਵੱਡੀ ਸੱਟ ਸੀ। ਇਸ ਤੋਂ ਟਰੰਪ ਬੁਖਲਾਇਆ ਹੋਇਆ ਹੈ। ਚੀਨ ਨੇ ਹੁਣ ਯੂਆਨ ਡਿਜੀਟਲ ਕਰੰਸੀ ਵੀ ਜਾਰੀ ਕਰ ਦਿੱਤੀ ਹੈ।
ਚੀਨ ਨੂੰ ਸਭ ਤੋਂ ਵੱਡੀ ਸਫਲਤਾ ਉਦੋਂ ਮਿਲੀ, ਜਦੋਂ ਉਸ ਨੇ ਪਿਛਲੇ ਸਾਲ ਦੋ ਪੁਰਾਣੇ ਦੁਸ਼ਮਣਾਂ ਈਰਾਨ ਤੇ ਸਾਊਦੀ ਅਰਬ ਵਿਚਾਲੇ ਜੱਫੀਆਂ ਪਵਾ ਦਿੱਤੀਆਂ ਤੇ ਨਾਲ ਹੀ ਸਾਊਦੀ ਅਰਬ ਤੋਂ ਯੂਆਨ ਵਿੱਚ ਤੇਲ ਖਰੀਦਣ ਦਾ ਸਮਝੌਤਾ ਕਰ ਲਿਆ। ਅਮਰੀਕਾ ਨਾਲ ਸਾਊਦੀ ਅਰਬ ਦੇ ਡਾਲਰ ਵਿੱਚ ਤੇਲ ਵੇਚਣ ਦੇ ਸਮਝੌਤੇ ਦੇ ਪਿਛਲੇ ਸਾਲ ਜੂਨ ਵਿੱਚ 50 ਸਾਲ ਪੂਰੇ ਗਏ ਸਨ। ਅਮਰੀਕਾ ਇਸ ਸਮਝੌਤੇੇ ਦਾ ਨਵੀਨੀਕਰਨ ਚਾਹੁੰਦਾ ਸੀ, ਪਰ ਇਸ ਤੋਂ ਪਹਿਲਾਂ ਹੀ ਚੀਨ ਨੇ ਰਾਹ ਰੋਕ ਦਿੱਤਾ। ਇਸ ਨਾਲ ਡਾਲਰ ਨੂੰ ਸਭ ਤੋਂ ਵੱਡਾ ਝਟਕਾ ਲੱਗਾ।
ਇਨ੍ਹਾਂ ਸਭ ਕਾਰਵਾਈਆਂ ਦਾ ਸਿੱਟਾ ਹੈ ਕਿ ਦੁਨੀਆ ਵਿੱਚ ਡਾਲਰ ਰਾਹੀਂ ਹੁੰਦਾ ਵਪਾਰ 80 ਫੀਸਦੀ ਤੋਂ ਘਟ ਕੇ 58 ਫੀਸਦੀ ’ਤੇ ਆ ਗਿਆ ਹੈ ਤੇ ਚੀਨ ਦਾ ਭਾਈਵਾਲ ਦੇਸ਼ਾਂ ਨਾਲ ਯੂਆਨ ਵਿੱਚ ਵਪਾਰ 38 ਫੀਸਦੀ ਤੱਕ ਪੁੱਜ ਗਿਆ ਹੈ।
ਇਹੋ ਨਹੀਂ, ਡਾਲਰ ਨੂੰ ਹੋਰ ਝਟਕਾ ਦੇਣ ਲਈ ਚੀਨ ਨੇ ਆਪਣੇ ਕੋਲ ਪਏ ਅਮਰੀਕੀ ਟਰੈਜ਼ਰੀ ਬਾਂਡ ਵੇਚਣੇ ਸ਼ੁਰੂ ਕਰ ਦਿੱਤੇ ਹਨ। 2024 ਵਿੱਚ ਉਸ ਨੇ 57 ਅਰਬ ਡਾਲਰ ਤੇ ਇਸ ਸਾਲ 82 ਅਰਬ ਡਾਲਰ ਦੇ ਬਾਂਡ ਵੇਚ ਦਿੱਤੇ ਹਨ। ਇਸ ਅਪ੍ਰੈਲ ਵਿੱਚ ਕੈਨੇਡਾ ਨੇ ਵੀ 57 ਅਰਬ ਡਾਲਰ ਦੇ ਬਾਂਡ ਵੇਚ ਦਿੱਤੇ ਹਨ। ਰੂਸ-ਯੂਕਰੇਨ ਜੰਗ ਦਾ ਬਹਾਨਾ ਲਾ ਕੇ ਸਾਮਰਾਜੀ ਮੁਲਕਾਂ ਨੇ ਰੂਸ ਦੇ ਬਦੇਸ਼ਾਂ ਵਿਚਲੇ ਸਾਰੇ ਫੰਡਾਂ ਨੂੰ ਜ਼ਬਤ ਕਰ ਲਿਆ ਸੀ। ਇਸ ਨੇ ਬਾਕੀ ਦੇਸ਼ਾਂ ਵਿੱਚ ਵੀ ਡਰ ਪੈਦਾ ਕਰ ਦਿੱਤਾ ਕਿ ਕੱਲ੍ਹ ਨੂੰ ਸਾਡੇ ਨਾਲ ਵੀ ਇਹ ਵਾਪਰ ਸਕਦਾ ਹੈ, ਇਸ ਲਈ ਉਹ ਅਮਰੀਕੀ ਬਾਂਡ ਵੇਚ ਕੇ ਸੋਨਾ ਖਰੀਦ ਰਹੇ ਹਨ। ਇਨ੍ਹਾਂ ਦਿਨਾਂ ਵਿੱਚ ਹੀ ਲਕਜ਼ਮਬਰਗ, ਨਾਰਵੇ, ਫਰਾਂਸ, ਜਰਮਨੀ, ਦੱਖਣੀ ਕੋਰੀਆ ਤੇ ਸਵਿਟਜ਼ਰਲੈਂਡ ਨੇ ਵੀ 15 ਅਰਬ ਡਾਲਰ ਦੇ ਅਮਰੀਕੀ ਬਾਂਡ ਵੇਚ ਦਿੱਤੇ ਹਨ। ਜਾਪਾਨ ਨੇ ਟੈਰਿਫ ਐਲਾਨ ਦੇ ਦੋ ਹਫਤਿਆਂ ਵਿੱਚ ਹੀ 20 ਅਰਬ ਡਾਲਰ ਦੇ ਬਾਂਡ ਵੇਚ ਦਿੱਤੇ ਹਨ। ਪਿਛਲੇ ਕੁਝ ਅਰਸੇ ਦੌਰਾਨ ਚੀਨ ਨੇ 22920 ਕੁਇੰਟਲ, ਭਾਰਤ ਨੇ 2460 ਕੁਇੰਟਲ, ਰੂਸ ਨੇ 1290, ਤੁਰਕੀ ਨੇ 4240 ਤੇ ਪੋਲੈਂਡ ਨੇ 2560 ਕੁਇੰਟਲ ਸੋਨਾ ਖਰੀਦਿਆ ਹੈ। ਇਹੋ ਨਹੀਂ ਦੁਨੀਆ ਭਰ ਦੇ ਆਮ ਨਿਵੇਸ਼ਕ ਪਹਿਲਾਂ ਅਮਰੀਕੀ ਬਾਂਡਾਂ ਵਿੱਚ ਨਿਵੇਸ਼ ਕਰਦੇ ਸਨ, ਕਿਉਂਕਿ ਡਾਲਰ ਨੂੰ ਸਭ ਤੋਂ ਭਰੋਸੇਯੋਗ ਮੰਨਿਆ ਜਾਂਦਾ ਸੀ, ਪਰ ਹੁਣ ਹਾਲਾਤ ਬਦਲ ਚੁੱਕੇ ਹਨ, ਅੱਜ ਲੋਕ ਧੜਾਧੜ ਬਾਂਡ ਵੇਚ ਰਹੇ ਹਨ, ਨਵਾਂ ਖਰੀਦਦਾਰ ਕੋਈ ਨਹੀਂ।
ਹਾਲਤ ਇਹ ਬਣ ਗਏ ਹਨ ਕਿ ਕੁਝ ਦਿਨ ਪਹਿਲਾਂ ਅਮਰੀਕਾ ਦੇ ਟਰੈਜ਼ਰੀ ਸੈਕਟਰੀ ਨੇ ਕਿਹਾ ਸੀ ਕਿ ਇਸ ਮੰਦੀ ਹਾਲਤ ਵਿੱਚੋਂ ਨਿਕਲਣ ਦਾ ਇੱਕੋ-ਇੱਕ ਰਾਹ ਹੈ ਕਿ ਅਮਰੀਕਾ ਆਪਣੇ ਬੈਂਕਾਂ ਨੂੰ ਕਹੇ ਕਿ ਉਹ ਟਰੈਜ਼ਰੀ ਬਾਂਡ ਖਰੀਦਣ। ਅਰਥ ਸ਼ਾਸਤਰੀਆਂ ਦਾ ਕਹਿਣਾ ਹੈ ਕਿ ਇਸ ਤਰ੍ਹਾਂ ਕਰਨ ਨਾਲ ਬੈਂਕਾਂ ਦੇ ਡੁੱਬਣ ਦਾ ਖਤਰਾ ਹੋਵੇਗਾ।
ਸ਼ੁਰੂ ਵਿੱਚ ਟਰੰਪ ਨੇ ਧਮਕੀ-ਭਰੇ ਅੰਦਾਜ਼ ਵਿੱਚ ਚੀਨ ’ਤੇ ਕਈ ਤਰ੍ਹਾਂ ਦੀਆਂ ਪਾਬੰਦੀਆਂ ਲਾ ਦਿੱਤੀਆਂ ਸਨ। ਟਰੰਪ ਨੇ ਇਹ ਵੀ ਕਿਹਾ ਸੀ ਕਿ ਚੀਨ ਨਾਲ ਤਦ ਹੀ ਗੱਲਬਾਤ ਹੋਵੇਗੀ, ਜਦੋਂ ਸ਼ੀ ਜਿਨਪਿੰਗ ਇਸ ਬਾਰੇ ਪਹਿਲ ਕਰੇਗਾ, ਪਰ ਜਦੋਂ ਚੀਨ ਨੇ ਜਵਾਬੀ ਵਾਰ ਕਰਦਿਆਂ ਰੇਅਰ ਅਰਥ ਖਣਿਜ ਦੇਣੀ ਬੰਦ ਕਰ ਦਿੱਤੀ ਤਾਂ ਟਰੰਪ ਦੀਆਂ ਲੱਤਾਂ ਜਵਾਬ ਦੇ ਗਈਆਂ। ਉਸ ਨੇ ਆਪ ਸ਼ੀ ਜਿਨਪਿੰਗ ਨੂੰ ਫੋਨ ਕੀਤਾ ਤਾਂ ਦੋਹਾਂ ਦੇਸ਼ਾਂ ਵਿਚਾਲੇ ਗੱਲਬਾਤ ਸ਼ੁਰੂ ਹੋਈ। ਇਸ ਗੱਲਬਾਤ ਦੌਰਾਨ ਇਹ ਸਹਿਮਤੀ ਬਣੀ ਕਿ ਚੀਨ ਰੇਅਰ ਅਰਥ ਦੀ ਸਪਲਾਈ ਕਰੇਗਾ ਤੇ ਇਵਜ਼ ਵਿੱਚ ਅਮਰੀਕਾ ਵੱਲੋਂ ਚੀਨ ਨੂੰ ਸੈਮੀਕੰਡਕਟਰ ਤੇ ਉੱਚ ਤਕਨੀਕੀ ਚਿੱਪਾਂ ਦੇਣ ’ਤੇ ਲਾਈ ਰੋਕ ਖਤਮ ਕਰ ਦਿੱਤੀ ਜਾਵੇਗੀ। ਉਸ ਨੇ ਚੀਨ ਦੀ ਇਹ ਸ਼ਰਤ ਵੀ ਮੰਨ ਲਈ ਕਿ ਰੇਅਰ ਅਰਥ ਖਣਿਜਾਂ ਦੀ ਵਰਤੋਂ ਫੌਜੀ ਸਾਜ਼ੋ-ਸਮਾਨ ਵਿੱਚ ਨਹੀਂ ਕੀਤੀ ਜਾਵੇਗੀ। ਇਸ ਮੁਢਲੇ ਸਮਝੌਤੇ ਨੂੰ ਕਿਸੇ ਤਰ੍ਹਾਂ ਵੀ ਅਮਰੀਕਾ ਦੀ ਜਿੱਤ ਨਹੀਂ ਕਿਹਾ ਜਾ ਸਕਦਾ, ਸਗੋਂ ਉਸ ਨੂੰ ਉੱਚ ਤਕਨੀਕੀ ਚਿੱਪਾਂ ਦੇ ਮਾਮਲੇ ਵਿੱਚ ਪਿਛਲਖੁਰੀ ਮੁੜਨਾ ਪਿਆ ਹੈ। ਇਸੇ ਕਰਕੇ ਹਰ ਛੋਟੀ-ਛੋਟੀ ਗੱਲ ਉੱਤੇ ਟਵੀਟ ਕਰਨ ਵਾਲੇ ਟਰੰਪ ਨੇ ਚੀਨ ਨਾਲ ਬਣੀ ਇਸ ਸਹਿਮਤੀ ਬਾਰੇ ਕੋਈ ਗੱਲ ਨਹੀਂ ਕੀਤੀ।
-ਚੰਦ ਫਤਹਿਪੁਰੀ



