ਚੰਡੀਗੜ੍ਹ : ਲੁਧਿਆਣਾ ਅਦਾਲਤ ਬੰਬ ਧਮਾਕੇ ਮਾਮਲੇ ਦੀ ਜਾਂਚ ਕਰ ਰਹੀ ਐੱਨ ਆਈ ਏ ਮੁਤਾਬਕ ਇਹ ਕੌਮਾਂਤਰੀ ਸਾਜ਼ਿਸ਼ ਸੀ। ਏਜੰਸੀ ਨੇ ਪਿੰਡ ਮੰਡੀ ਕਲਾਂ ਦੇ ਹਰਪ੍ਰੀਤ ਸਿੰਘ ਉਰਫ ਹੈਪੀ ਮਲੇਸ਼ੀਆ ਨੂੰ ਮੁਲਜ਼ਮ ਵਜੋਂ ਨਾਮਜ਼ਦ ਕਰਦਿਆਂ ਉਸ ਦੇ ਸਿਰ ’ਤੇ 10 ਲੱਖ ਰੁਪਏ ਦੇ ਨਕਦ ਇਨਾਮ ਦਾ ਐਲਾਨ ਕੀਤਾ ਹੈ। ਇਸ ਮਾਮਲੇ ਵਿਚ ਮਈ ’ਚ ਐੱਨ ਆਈ ਏ ਅਤੇ ਲੁਧਿਆਣਾ ਪੁਲਸ ਨੇ ਵੱਖ-ਵੱਖ ਅਪਰੇਸ਼ਨਾਂ ’ਚ 9 ਵਿਅਕਤੀਆਂ ਨੂੰ ਗਿ੍ਰਫਤਾਰ ਕੀਤਾ ਸੀ। ਇਨ੍ਹਾਂ ’ਚ ਇਕ ਨਾਬਾਲਗ ਵੀ ਸ਼ਾਮਲ ਹੈ, ਜੋ ਇੰਟਰਨੈੱਟ ਕਾਲਾਂ ’ਚ ਮਾਹਰ ਸੀ। ਮੁੱਖ ਮੁਲਜ਼ਮ ਪਹਿਲਾਂ ਜਰਮਨੀ ਸਥਿਤ ਖਾਲਿਸਤਾਨੀ ਦਹਿਸ਼ਤਗਰਦ ਜਸਵਿੰਦਰ ਸਿੰਘ ਮੁਲਤਾਨੀ ਸੀ। ਪੁਲਸ ਨੇ ਦਾਅਵਾ ਕੀਤਾ ਸੀ ਕਿ ਧਮਾਕਾਖੇਜ਼ ਸਮਗਰੀ ਪਾਕਿਸਤਾਨ ਤੋਂ ਡਰੋਨ ਰਾਹੀਂ ਪਹੁੰਚਾਈ ਗਈ ਸੀ। ਹੈਪੀ ਮਲੇਸ਼ੀਆ ਦਾ ਨਾਂਅ ਪਹਿਲੀ ਵਾਰ ਇਸ ਕੇਸ ’ਚ ਆਇਆ ਹੈ।