13.8 C
Jalandhar
Monday, December 23, 2024
spot_img

ਪੰਜਾਬ ਫਿਲਮ ਤੇ ਮਨੋਰੰਜਨ ਸਿਟੀ ਸਥਾਪਤ ਕਰੇਗਾ : ਅਮਨ ਅਰੋੜਾ

ਚੰਡੀਗੜ੍ਹ (ਗੁਰਜੀਤ ਬਿੱਲਾ)
ਪੰਜਾਬ ਸਰਕਾਰ ਕੌਮੀ ਤੇ ਕੌਮਾਂਤਰੀ ਫਿਲਮ ਅਤੇ ਸੰਗੀਤ ਜਗਤ ਦੀਆਂ ਜ਼ਰੂਰਤਾਂ ਨੂੰ ਪੂਰਾ ਕਰਨ ਲਈ ਉੱਤਰੀ ਭਾਰਤ ਦੀ ਪਹਿਲੀ ਅਤੇ ਵਿਲੱਖਣ ਫਿਲਮ ਤੇ ਮਨੋਰੰਜਨ ਸਿਟੀ ਸਥਾਪਤ ਕਰਨ ਵੱਲ ਤਵੱਜੋ ਦੇ ਰਹੀ ਹੈ, ਜਿਸ ਨਾਲ ਪੰਜਾਬੀ ਫਿਲਮ ਅਤੇ ਸੰਗੀਤ ਜਗਤ ਨੂੰ ਦੇਸ਼-ਵਿਦੇਸ਼ ਵਿੱਚ ਨਵੀਂਆਂ ਉਚਾਈਆਂ ਤੱਕ ਪਹੁੰਚਾਉਣ ਲਈ ਮੰਚ ਮਿਲੇਗਾ। ਸੂਬੇ ਵਿੱਚ ਫਿਲਮ ਸਿਟੀ ਦੀ ਸਥਾਪਨਾ ਲਈ ਬੁਨਿਆਦੀ ਢਾਂਚੇ, ਸੰਕਲਪ ਅਤੇ ਹੋਰ ਲੋੜਾਂ ਦਾ ਵਿਸਥਾਰ ਨਾਲ ਅਧਿਐਨ ਕਰਨ ਲਈ ਪੰਜਾਬ ਦੇ ਮਕਾਨ ਉਸਾਰੀ ਤੇ ਸਹਿਰੀ ਵਿਕਾਸ ਮੰਤਰੀ ਅਮਨ ਅਰੋੜਾ ਨੇ ਇੱਕ ਵਫਦ ਸਮੇਤ ਰਾਮੋਜੀ ਫਿਲਮ ਸਿਟੀ ਅਤੇ ਅੰਨਪੂਰਨਾ ਸਟੂਡੀਓਜ਼ ਹੈਦਰਾਬਾਦ ਦਾ ਦੌਰਾ ਕੀਤਾ। ਉਨ੍ਹਾ ਦੱਸਿਆ ਕਿ ਪੰਜਾਬ ਸਰਕਾਰ ਮਨੋਰੰਜਨ ਉਦਯੋਗ ਲਈ ਢੁਕਵੇਂ ਸਥਾਨ ’ਤੇ ਅਤਿ-ਆਧੁਨਿਕ ਫਿਲਮ ਅਤੇ ਮਨੋਰੰਜਨ ਸਿਟੀ ਦੀ ਸਥਾਪਨਾ ਕਰਨ ਵੱਲ ਸੇਧਤ ਹੈ।
ਕੈਬਨਿਟ ਮੰਤਰੀ ਨੇ ਕਿਹਾ ਕਿ ਆਪਣੇ ਨਿਆਰੇਪਣ ਕਾਰਨ ਪੰਜਾਬ ਹਮੇਸ਼ਾ ਹੀ ਫਿਲਮ ਸਨਅਤ ਲਈ ਖਿੱਚ ਦਾ ਕੇਂਦਰ ਰਿਹਾ ਹੈ, ਪਰ ਇੱਥੇ ਲੋੜੀਂਦੇ ਬੁਨਿਆਦੀ ਢਾਂਚੇ ਅਤੇ ਸਾਜ਼ੋ-ਸਾਮਾਨ ਦੀ ਘਾਟ ਹਮੇਸ਼ਾ ਰੜਕਦੀ ਰਹੀ ਹੈ। ਆਪਣੀ ਕੁਦਰਤੀ ਸੁੰਦਰਤਾ, ਚਾਰ ਰੁੱਤਾਂ ਅਤੇ ਆਪਣੇ ਅਮੀਰ ਸੱਭਿਆਚਾਰ ਅਤੇ ਵਿਰਸੇ ਲਈ ਜਾਣੇ ਜਾਂਦੇ ਪੰਜਾਬ ਵਿੱਚ ਕੈਮਰੇ ਦੀਆਂ ਲੋੜਾਂ ਪੂਰਾ ਕਰਨ ਦੀ ਅਥਾਹ ਸਮਰੱਥਾ ਹੈ। ਹੈਦਰਾਬਾਦ ਦੇ ਮਨੋਰੰਜਨ ਮਾਹਰਾਂ ਨਾਲ ਫੀਡਬੈਕ ਸਾਂਝੀ ਕਰਦਿਆਂ ਅਮਨ ਅਰੋੜਾ ਨੇ ਕਿਹਾ ਕਿ ਪੰਜਾਬ ਵਿਚਲੇ ਦੋ ਕੌਮਾਂਤਰੀ ਹਵਾਈ ਅੱਡਿਆਂ, ਸੂਬੇ ਦੇ ਹਰ ਪਿੰਡ ਤੱਕ ਪਹੁੰਚ ਰੱਖਣ ਵਾਲੇ ਭਾਰਤ ਦੇ ਸਭ ਤੋਂ ਵਧੀਆ ਸੜਕੀ ਸੰਪਰਕ, ਰੇਲ ਸੰਪਰਕ ਅਤੇ ਆਧੁਨਿਕ ਜੀਵਨ ਸ਼ੈਲੀ ਹਾਲੀਵੁੱਡ, ਬਾਲੀਵੁੱਡ, ਪਾਲੀਵੁੱਡ ਅਤੇ ਟਾਲੀਵੁੱਡ ਨੂੰ ਸੂਬੇ ਵੱਲ ਖਿੱਚਣ ਲਈ ਅਹਿਮ ਹਥਿਆਰ ਹਨ।
ਵਫਦ ਨੇ ਆਪਣੇ ਇੱਕ ਰੋਜ਼ਾ ਅਧਿਐਨ ਦੌਰੇ ਦੌਰਾਨ ਦੱਖਣ ਭਾਰਤ ਦੇ ਮਾਹਰਾਂ ਨਾਲ ਫਿਲਮ ਤੇ ਮਨੋਰੰਜਨ ਉਦਯੋਗ ਦੀਆਂ ਆਧੁਨਿਕ ਲੋੜਾਂ ਅਨੁਸਾਰ ਫਿਲਮ ਅਤੇ ਮਨੋਰੰਜਨ ਸਿਟੀ ਦੀ ਸਥਾਪਨਾ ਲਈ ਖਰੜਾ ਤਿਆਰ ਕਰਨ ਲਈ ਵਿਚਾਰ-ਵਟਾਂਦਰਾ ਕੀਤਾ। ਮੁੱਖ ਮੰਤਰੀ ਭਗਵੰਤ ਮਾਨ ਦੇ ਸੂਬੇ ਨੂੰ ਦੇਸ਼ ਦੇ ਉੱਤਰੀ ਖੇਤਰ ਵਿੱਚ ਮਨੋਰੰਜਨ ਜਗਤ ਦਾ ਧੁਰਾ ਬਣਾਉਣ ਦੇ ਸੁਪਨੇ ਦੀ ਪੈਰਵੀ ਕਰਦਿਆਂ ਵਫਦ ਨੇ ਇਸ ਉਦਯੋਗ ਦੀਆਂ ਭਵਿੱਖੀ ਲੋੜਾਂ ਬਾਰੇ ਸੰਭਾਵਨਾਵਾਂ ਦੀ ਪੜਚੋਲ ਵੀ ਕੀਤੀ।
ਇਸ ਉੱਚ ਪੱਧਰੀ ਵਫਦ ਵਿੱਚ ਪ੍ਰਮੁੱਖ ਸਕੱਤਰ ਮਕਾਨ ਉਸਾਰੀ ਤੇ ਸਹਿਰੀ ਵਿਕਾਸ ਅਤੇ ਵਿੱਤ ਅਜੋਏ ਕੁਮਾਰ ਸਿਨਹਾ, ਗਮਾਡਾ ਦੇ ਮੁੱਖ ਪ੍ਰਸ਼ਾਸਕ ਅਮਨਦੀਪ ਬਾਂਸਲ, ਚੀਫ ਟਾਊਨ ਪਲੈਨਰ ਪੰਜਾਬ ਪੰਕਜ ਬਾਵਾ ਅਤੇ ਇਨਵੈਸਟ ਪੰਜਾਬ ਦੇ ਸੀਨੀਅਰ ਸਲਾਹਕਾਰ ਉਤਸਵ ਕਾਂਤ ਸ਼ਾਮਲ ਸਨ।

Related Articles

LEAVE A REPLY

Please enter your comment!
Please enter your name here

Latest Articles