ਸਵਾਲ ਟਾਈਮਿੰਗ ਦਾ

0
148

ਥਲ ਸੈਨਾ ਮੁਖੀ ਜਨਰਲ ਉਪਿੰਦਰ ਦਿਵੇਦੀ ਤੇ ਹਵਾਈ ਸੈਨਾ ਮੁਖੀ ਏਅਰ ਮਾਰਸ਼ਲ ਅਮਰ ਪ੍ਰੀਤ ਸਿੰਘ ਵੱਲੋਂ ਅਪ੍ਰੇਸ਼ਨ ਸਿੰਧੂਰ ਬਾਰੇ ਦਿੱਤੇ ਗਏ ਬਿਆਨਾਂ ਦੀ ਟਾਈਮਿੰਗ ਨੇ ਹੈਰਾਨ ਕੀਤਾ ਹੈ ਕਿ ਅਪ੍ਰੇਸ਼ਨ ਦੇ ਤਿੰਨ ਮਹੀਨਿਆਂ ਬਾਅਦ ਇਨ੍ਹਾਂ ਨੂੰ ਪਾਕਿਸਤਾਨ ਨੂੰ ਸਬਕ ਸਿਖਾਉਣ ਵਾਲੇ ਬਿਆਨ ਦੇਣ ਦੀ ਕੀ ਲੋੜ ਪੈ ਗਈ। 22 ਅਪ੍ਰੈਲ ਨੂੰ ਕਸ਼ਮੀਰ ਦੇ ਪਹਿਲਗਾਮ ਵਿੱਚ ਦਹਿਸ਼ਤਗਰਦਾਂ ਨੇ 25 ਸੈਲਾਨੀ ਤੇ ਇੱਕ ਸਥਾਨਕ ਘੋੜਾ ਗਾਈਡ ਨੂੰ ਮਾਰ ਦਿੱਤਾ ਸੀ। ਜਨਰਲ ਦਿਵੇਦੀ ਨੇ ਦੱਸਿਆ ਕਿ ਇਸ ਵਾਰਦਾਤ ਦੇ ਅਗਲੇ ਦਿਨ ਤਿੰਨਾਂ ਸੈਨਾਵਾਂ ਦੇ ਮੁਖੀਆਂ ਨੇ ਸਪੱਸ਼ਟ ਕੀਤਾ ਕਿ ਇਸ ਦਾ ਜਵਾਬ ਦੇਣਾ ਜ਼ਰੂਰੀ ਹੈ। ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਸੈਨਾਵਾਂ ਨੂੰ ਫਰੀ ਹੈਂਡ ਦਿੰਦਿਆਂ ਕਿਹਾ ਕਿ ਤੁਸੀਂ ਤੈਅ ਕਰੋ ਕਿ ਕੀ ਕਰਨਾ ਹੈ? ਇਸ ਸਿਆਸੀ ਸਪੱਸ਼ਟਤਾ ਤੇ ਵਿਸ਼ਵਾਸ ਨੇ ਸੈਨਾ ਦਾ ਮਨੋਬਲ ਵਧਾਇਆ। 29 ਅਪ੍ਰੈਲ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਪਹਿਲੀ ਮੀਟਿੰਗ ਹੋਈ। ਸਰਕਾਰ ਦੀ ਸਪੱਸ਼ਟ ਨੀਤੀ ’ਤੇ ਸੈਨਾਵਾਂ ਨੂੰ ਦਿੱਤੀ ਗਈ ਆਜ਼ਾਦੀ ਨੇ ਸੈਨਾ ਦੇ ਕਮਾਂਡਰਾਂ ਨੂੰ ਜ਼ਮੀਨ ’ਤੇ ਆਪਣੀ ਬੁੱਧੀਮਤਾ ਮੁਤਾਬਕ ਕਾਰਵਾਈ ਕਰਨ ਵਿੱਚ ਮਦਦ ਕੀਤੀ। ਅਪ੍ਰੇਸ਼ਨ ਸਿੰਧੂਰ ਦਾ ਨਾਂਅ ਛੋਟਾ ਹੋ ਸਕਦਾ ਹੈ, ਪਰ ਇਸ ਨੇ ਨਾ ਸਿਰਫ ਦਹਿਸ਼ਤਗਰਦਾਂ ਦੇ ਟਿਕਾਣੇ ਨਸ਼ਟ ਕੀਤੇ, ਬਲਕਿ ਪੂਰੇ ਦੇਸ਼ ਵਿੱਚ ਏਕਤਾ ਤੇ ਦਿ੍ਰੜ੍ਹ ਸੰਕਲਪ ਦਾ ਸੰਦੇਸ਼ ਵੀ ਦਿੱਤਾ। ਏਅਰ ਮਾਰਸ਼ਲ ਅਮਰ ਪ੍ਰੀਤ ਸਿੰਘ ਨੇ ਬੇਂਗਲੁਰੂ ਵਿੱਚ ਇੱਕ ਪ੍ਰੋਗਰਾਮ ’ਚ ਕਿਹਾ ਸੀ ਕਿ ਪਾਕਿਸਤਾਨ ਦੇ ਪੰਜ ਲੜਾਕੂ ਜਹਾਜ਼ ਤੇ ਇੱਕ ਨਿਗਰਾਨੀ ਜਹਾਜ਼ ਫੁੰਡਿਆ ਗਿਆ ਸੀ। ਉਨ੍ਹਾ ਪਾਕਿਸਤਾਨ ਵਿੱਚ ਹੋਈ ਤਬਾਹੀ ਦੀਆਂ ਤਸਵੀਰਾਂ ਵੀ ਦਿਖਾਈਆਂ ਸਨ।
ਜਦੋਂ 10 ਮਈ ਨੂੰ ਅਪ੍ਰੇਸ਼ਨ ਚਾਣਚੱਕ ਰੋਕ ਦਿੱਤਾ ਗਿਆ ਤਾਂ ਆਪੋਜ਼ੀਸ਼ਨ ਪਾਰਟੀਆਂ ਨੇ ਸਵਾਲ ਉਠਾਇਆ ਸੀ ਕਿ ਜਦ ਦੇਸ਼ ਦਾ ਹੱਥ ਭਾਰੂ ਸੀ ਤਾਂ ਕਾਰਵਾਈ ਕਿਉ ਰੋਕੀ ਗਈ। ਜੰਗਬੰਦੀ ਦਾ ਐਲਾਨ ਵੀ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਪਹਿਲਾਂ ਕੀਤਾ ਸੀ ਤੇ ਉਹ ਹੁਣ ਤੱਕ ਦਾਅਵਾ ਕਰਦਾ ਆ ਰਿਹਾ ਹੈ ਕਿ ਜੰਗ ਉਸ ਨੇ ਰੁਕਵਾਈ। ਭਾਰਤ ਨੇ ਅਜੇ ਤੱਕ ਟਰੰਪ ਦੇ ਦਾਅਵੇ ਨੂੰ ਖੁੱਲ੍ਹ ਕੇ ਨਹੀਂ ਝੁਠਲਾਇਆ।
ਪਾਕਿਸਤਾਨ ਖਿਲਾਫ ਇਸ ਤੋਂ ਪਹਿਲੀਆਂ ਕਾਰਵਾਈਆਂ ਦਾ ਮੋਦੀ ਸਰਕਾਰ ਨੇ ਜਿੰਨਾ ਸਿਆਸੀ ਫਾਇਦਾ ਉਠਾਇਆ ਸੀ, ਅਪ੍ਰੇਸ਼ਨ ਸਿੰਧੂਰ ਤੋਂ ਬਾਅਦ ਉਹ ਦੇਸ਼ ਤੇ ਵਿਦੇਸ਼ਾਂ ਵਿੱਚ ਆਪਣੇ ਹੱਕ ਵਿੱਚ ਹਵਾ ਬਣਾਉਣ ’ਚ ਸਫਲ ਨਹੀਂ ਹੋ ਸਕੀ। ਹੁਣ ਥਲ ਸੈਨਾ ਤੇ ਹਵਾਈ ਸੈਨਾ ਦੇ ਮੁਖੀ ਅਪ੍ਰੇਸ਼ਨ ਦੀ ਸਫਲਤਾ ਤੇ ਸਰਕਾਰ ਦੇ ਦਿ੍ਰੜ੍ਹ ਸੰਕਲਪ ਨੂੰ ਦੱਸਣ ਲਈ ਅੱਗੇ ਆਏ ਹਨ। ਇੱਕ ਤਰ੍ਹਾਂ ਨਾਲ ਇਹ ਆਪੋਜ਼ੀਸ਼ਨ ਦੇ ਸਵਾਲਾਂ ਦਾ ਜਵਾਬ ਦੇਣ ਤੇ ਪਾਕਿਸਤਾਨ ਦੇ ਪ੍ਰਚਾਰ ਨੂੰ ਖਾਰਜ ਕਰਨ ਦਾ ਯਤਨ ਲਗਦਾ ਹੈ। ਹਾਲਾਂਕਿ ਸੈਨਾਵਾਂ ਦਾ ਸਿਆਸਤ ਨਾਲ ਕੋਈ ਲੈਣਾ-ਦੇਣਾ ਨਹੀਂ ਹੈ ਪਰ ਸੈਨਾ ਮੁਖੀਆਂ ਦੇ ਇਨ੍ਹਾਂ ਬਿਆਨਾਂ ਦੇ ਸਿਆਸੀ ਮਹੱਤਵ ਨੂੰ ਖਾਰਜ ਨਹੀਂ ਕੀਤਾ ਜਾ ਸਕਦਾ। ਇਹ ਬਿਆਨ ਮੋਦੀ ਸਰਕਾਰ ਨੂੰ ਲੋਕਾਂ ਵਿੱਚ ਆਪਣਾ ਅਕਸ ਨਿਖਾਰਨ ’ਚ ਮਦਦ ਕਰਨ ਵਾਲੇ ਲਗਦੇ ਹਨ।