ਨਵੀਂ ਦਿੱਲੀ : ਸੁਪਰੀਮ ਕੋਰਟ ਨੇ ਦਿੱਲੀ ਸ਼ਹਿਰ ਵਿੱਚ ਆਵਾਰਾ ਕੁੱਤਿਆਂ ਦੇ ਖਤਰੇ ਨੂੰ ਬਹੁਤ ਹੀ ਭਿਆਨਕ ਕਰਾਰ ਦਿੰਦੇ ਹੋਏ ਸੋਮਵਾਰ ਦਿੱਲੀ ਸਰਕਾਰ ਅਤੇ ਨਗਰ ਨਿਗਮਾਂ ਨੂੰ ਨਿਰਦੇਸ਼ ਦਿੱਤਾ ਕਿ ਉਹ ਜਲਦੀ ਤੋਂ ਜਲਦੀ ਸਾਰੇ ਇਲਾਕਿਆਂ ’ਚੋਂ ਆਵਾਰਾ ਕੁੱਤਿਆਂ ਨੂੰ ਚੁੱਕਣਾ ਸ਼ੁਰੂ ਕਰਨ ਅਤੇ ਉਨ੍ਹਾਂ ਨੂੰ ਕੁੱਤਿਆਂ ਲਈ ਬਣਾਏ ਆਸਰਾ ਸਥਾਨਾਂ ’ਤੇ ਰੱਖਣ। ਕੁੱਤਿਆਂ ਵੱਲੋਂ ਆਮ ਲੋਕਾਂ ਨੂੰ ਵੱਢਣ ਦੀਆਂ ਵਧਦੀਆਂ ਘਟਨਾਵਾਂ ਨਾਲ ਨਜਿੱਠਣ ਲਈ ਕਈ ਨਿਰਦੇਸ਼ ਦਿੰਦੇ ਹੋਏ ਅਦਾਲਤ ਨੇ ਚੇਤਾਵਨੀ ਦਿੱਤੀ ਕਿ ਜੇ ਕੋਈ ਵਿਅਕਤੀ ਜਾਂ ਸੰਗਠਨ ਅਧਿਕਾਰੀਆਂ ਵੱਲੋਂ ਆਵਾਰਾ ਕੁੱਤਿਆਂ ਨੂੰ ਚੁੱਕਣ ਦੇ ਰਾਹ ਵਿੱਚ ਅੜਿੱਕਾ ਬਣਦਾ ਹੈ ਤਾਂ ਉਸ ਵਿਰੁੱਧ ਸਖਤ ਕਾਰਵਾਈ ਕੀਤੀ ਜਾਵੇਗੀ। ਜਸਟਿਸ ਜੇ ਬੀ ਪਾਰਦੀਵਾਲਾ ਅਤੇ ਜਸਟਿਸ ਆਰ ਮਹਾਦੇਵਨ ਦੀ ਬੈਂਚ ਨੇ ਕਿਹਾ ਕਿ ਹਾਲ ਦੀ ਘੜੀ ਕਰੀਬ 5,000 ਆਵਾਰਾ ਕੁੱਤਿਆਂ ਦੇ ਰਹਿਣ ਲਈ ਆਸਰਾ ਸਥਾਨ ਬਣਾਏ ਜਾਣ ਅਤੇ ਕੁੱਤਿਆਂ ਦੀ ਨਸਬੰਦੀ ਤੇ ਟੀਕਾਕਰਨ ਲਈ ਉੱਥੇ ਲੋੜੀਂਦੇ ਕਰਮਚਾਰੀ ਤਾਇਨਾਤ ਕੀਤੇ ਜਾਣੇ ਚਾਹੀਦੇ ਹਨ।
ਡੇਅ ਕੇਅਰ ਸੈਂਟਰ ’ਚ ਬੱਚੀ ’ਤੇ ਤਸ਼ੱਦਦ
ਨੋਇਡਾ : ਇੱਥੇ ਸੈਕਟਰ-137 ਦੇ ਡੇਅ ਕੇਅਰ ਸੈਂਟਰ ਵਿੱਚ 15 ਮਹੀਨਿਆਂ ਦੀ ਬੱਚੀ ਨਾਲ ਅਣਮਨੁੱਖੀ ਵਤੀਰੇ ਦਾ ਮਾਮਲਾ ਸਾਹਮਣੇ ਆਉਣ ਪਿੱਛੋਂ ਮਹਿਲਾ ਅਟੈਂਡੈਂਟ ਨੂੰ ਮਾਸੂਮ ’ਤੇ ਤਸ਼ੱਦਦ ਢਾਹੁਣ ਦੇ ਦੋਸ਼ ਵਿਚ ਗਿ੍ਰਫਤਾਰ ਕਰ ਲਿਆ ਗਿਆ ਹੈ। ਘਟਨਾ ਪਾਰਸ ਟੀਏਰਾ ਰਿਹਾਇਸ਼ੀ ਕੰਪਲੈਕਸ ਸਥਿਤ ਡੇਅ ਕੇਅਰ ਦੀ ਦੱਸੀ ਜਾਂਦੀ ਹੈ। ਬੱਚੀ ਦੇ ਮਾਤਾ-ਪਿਤਾ ਨੇ ਉਸ ਦੇ ਪੱਟ ’ਤੇ ਦੰਦਾਂ ਦੇ ਨਿਸ਼ਾਨ ਦੇਖ ਦੇ ਜਾਂਚ ਕਰਵਾਈ। ਡਾਕਟਰ ਨੇ ਪੁਸ਼ਟੀ ਕੀਤੀ ਕਿ ਇਹ ਕਿਸੇ ਵਿਅਕਤੀ ਵੱਲੋਂ ਕੱਟਣ ਦੇ ਨਿਸ਼ਾਨ ਹਨ। ਇਸ ਮਗਰੋਂ ਪਰਵਾਰਕ ਮੈਂਬਰਾਂ ਨੇ ਸੁਸਾਇਟੀ ਪ੍ਰਬੰਧਨ ਤੋਂ ਡੇਅ ਕੇਅਰ ਦੀ ਸੀ ਸੀ ਟੀ ਵੀ ਫੁਟੇਜ਼ ਮੰਗੀ, ਜਿਸ ਵਿਚ ਲੂੰ ਕੰਡੇ ਖੜ੍ਹੇ ਕਰਨ ਵਾਲੇ ਦਿ੍ਰਸ਼ ਸਾਹਮਣੇ ਆਏ। ਅਟੈਂਡੈਂਟ ਨੂੰ ਮਾਸੂਮ ਬੱਚੀ ਦੇ ਚਿਹਰੇ ’ਤੇ ਮਾਰਦਿਆਂ ਤੇ ਜਾਣਬੁੱਝ ਕੇ ਜ਼ਮੀਨ ’ਤੇ ਸੁੱਟਦਿਆਂ ਦੇਖਿਆ ਗਿਆ। ਪੂਰੀ ਫੁਟੇਜ਼ ਵਿਚ ਬੱਚੀ ਨੂੰ ਦਰਦ ਨਾਲ ਰੋਂਦਿਆਂ ਸੁਣਿਆ ਜਾ ਸਕਦਾ ਹੈ। ਪੀੜਤ ਪਰਵਾਰ ਨੇ ਸੈਕਟਰ 149 ਥਾਣੇ ਵਿੱਚ ਸ਼ਿਕਾਇਤ ਦਰਜ ਕੀਤੀ, ਜਿਸ ਮਗਰੋਂ ਪੁਲਸ ਨੇ ਕੇਸ ਦਰਜ ਕਰਕੇ ਮਹਿਲਾ ਨੂੰ ਹਿਰਾਸਤ ਵਿਚ ਲੈ ਲਿਆ। ਇਸ ਘਟਨਾ ਕਰਕੇ ਸਥਾਨਕ ਲੋਕਾਂ ਵਿਚ ਗੁੱਸਾ ਹੈ।


