ਕਾਹਿਰਾ : ਇਜ਼ਰਾਈਲ ਵੱਲੋਂ ਗਾਜ਼ਾ ਵਿੱਚ ਕੀਤੇ ਹਵਾਈ ਹਮਲੇ ’ਚ ਅਲ ਜਜ਼ੀਰਾ ਦੇ ਦੋ ਨਾਮਾਨਿਗਾਰ, ਤਿੰਨ ਕੈਮਰਾਮੈਨ ਅਤੇ ਇੱਕ ਫਲਸਤੀਨ ਆਜ਼ਾਦ ਪੱਤਰਕਾਰ ਮਾਰੇ ਗਏ ਹਨ। ਇਨ੍ਹਾਂ ਵਿੱਚ ਅਨਾਸ ਅਲ ਸ਼ਰੀਫ ਦੀ ਸ਼ਾਮਲ ਹੈ, ਜਿਸ ਨੂੰ ਇਜ਼ਰਾਈਲ ਹਮਾਸ ਸੈੱਲ ਦਾ ਆਗੂ ਮੰਨਦਾ ਹੈ।
ਇਜ਼ਰਾਇਲੀ ਫੌਜ ਨੇ ਵੀ ਅਲ ਜਜ਼ੀਰਾ ਦੇ ਪੱਤਰਕਾਰ ਨੂੰ ਮਾਰ-ਮੁਕਾਉਣ ਦਾ ਦਾਅਵਾ ਕੀਤਾ ਹੈ। ਉਧਰ ਮਨੁੱਖੀ ਹੱਕਾਂ ਬਾਰੇ ਕਾਰਕੁਨਾਂ ਨੇ ਕਿਹਾ ਕਿ ਸ਼ਰੀਫ ਨੂੰ ਗਾਜ਼ਾ ਜੰਗ ਬਾਰੇ ਕੀਤੀ ਰਿਪੋਰਟਿੰਗ ਲਈ ਨਿਸ਼ਾਨਾ ਬਣਾਇਆ ਗਿਆ ਹੈ ਤੇ ਇਜ਼ਰਾਈਲ ਦੇ ਦਾਅਵੇ ਖੋਖਲੇ ਹਨ।
ਗਾਜ਼ਾ ਦੇ ਅਧਿਕਾਰੀਆਂ ਅਤੇ ਅਲ ਜਜ਼ੀਰਾ ਨੇ ਦੱਸਿਆ ਕਿ 28 ਸਾਲਾ ਅਨਸ ਅਲ ਸ਼ਰੀਫ ਤੇ ਹੋਰ ਪੂਰਬੀ ਗਾਜ਼ਾ ਸ਼ਹਿਰ ਵਿੱਚ ਸ਼ਿਫਾ ਹਸਪਤਾਲ ਨੇੜੇ ਇੱਕ ਤੰਬੂ ’ਤੇ ਹੋਏ ਹਮਲੇ ਵਿੱਚ ਮਾਰੇ ਗਏ। ਅਲ ਜਜ਼ੀਰਾ ਨੇ ਅਲ ਸ਼ਰੀਫ ਨੂੰ ਗਾਜ਼ਾ ਦੇ ਸਭ ਤੋਂ ਬਹਾਦਰ ਪੱਤਰਕਾਰਾਂ ਵਿੱਚੋਂ ਇੱਕ ਦੱਸਦੇ ਹੋਏ ਕਿਹਾ ਕਿ ਇਹ ਹਮਲਾ ਗਾਜ਼ਾ ’ਤੇ ਕਬਜ਼ੇ ਦੀ ਉਮੀਦ ਵਿੱਚ ਆਵਾਜ਼ਾਂ ਨੂੰ ਚੁੱਪ ਕਰਾਉਣ ਦੀ ਇੱਕ ਬੇਚੈਨ ਕੋਸ਼ਿਸ਼ ਸੀ।
ਉਧਰ ਇਜ਼ਰਾਇਲੀ ਫੌਜ ਨੇ ਇੱਕ ਬਿਆਨ ਵਿੱਚ ਗਾਜ਼ਾ ਵਿੱਚੋਂ ਮਿਲੀ ਖੁਫੀਆ ਜਾਣਕਾਰੀ ਅਤੇ ਦਸਤਾਵੇਜ਼ਾਂ ਦੇ ਹਵਾਲੇ ਨਾਲ ਕਿਹਾ ਕਿ ਅਲ ਸ਼ਰੀਫ ਹਮਾਸ ਸੈੱਲ ਦਾ ਮੁਖੀ ਸੀ ਅਤੇ ਇਜ਼ਰਾਈਲੀ ਨਾਗਰਿਕਾਂ ਅਤੇ ਇਜ਼ਰਾਈਲੀ ਫੌਜਾਂ ਵਿਰੁੱਧ ਰਾਕੇਟ ਹਮਲੇ ਅੱਗੇ ਵਧਾਉਣ ਲਈ ਜ਼ਿੰਮੇਵਾਰ ਸੀ। ਪੱਤਰਕਾਰ ਸਮੂਹਾਂ ਅਤੇ ਅਲ ਜਜ਼ੀਰਾ ਨੇ ਹੱਤਿਆਵਾਂ ਦੀ ਨਿੰਦਾ ਕੀਤੀ ਹੈ। ਸੰਯੁਕਤ ਰਾਸ਼ਟਰ ਦੇ ਇੱਕ ਮਾਹਰ ਨੇ ਪਹਿਲਾਂ ਚੇਤਾਵਨੀ ਦਿੱਤੀ ਸੀ ਕਿ ਗਾਜ਼ਾ ਤੋਂ ਰਿਪੋਰਟਿੰਗ ਕੀਤੇ ਜਾਣ ਕਰਕੇ ਅਲ ਸ਼ਰੀਫ ਦੀ ਜਾਨ ਖਤਰੇ ਵਿੱਚ ਹੈ। ਸੰਯੁਕਤ ਰਾਸ਼ਟਰ ਦੀ ਵਿਸ਼ੇਸ਼ ਰਿਪੋਰਟਰ ਆਇਰੀਨ ਖਾਨ ਨੇ ਪਿਛਲੇ ਮਹੀਨੇ ਕਿਹਾ ਸੀ ਕਿ ਇਜ਼ਰਾਈਲ ਵੱਲੋਂ ਉਸ ਖਿਲਾਫ ਦਾਅਵੇ ਬੇਬੁਨਿਆਦ ਹਨ।



