ਵਾਸ਼ਿੰਗਟਨ : ਪਾਕਿਸਤਾਨ ਦੇ ਫੌਜ ਮੁਖੀ ਫੀਲਡ ਮਾਰਸ਼ਲ ਆਸਿਮ ਮੁਨੀਰ ਨੇ ਕਿਹਾ ਹੈ ਕਿ ਉਨ੍ਹਾ ਦਾ ਮੁਲਕ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦਾ ਬਹੁਤ ਧੰਨਵਾਦੀ ਹੈ, ਜਿਨ੍ਹਾ ਦੀ ਰਣਨੀਤਕ ਅਗਵਾਈ ਨੇ ਭਾਰਤ ਅਤੇ ਪਾਕਿਸਤਾਨ ਦੇ ਨਾਲ-ਨਾਲ ਦੁਨੀਆ ਦੀਆਂ ਕਈ ਹੋਰ ਜੰਗਾਂ ਨੂੰ ਟਾਲਿਆ। ਮੁਨੀਰ ਨੇ ਫਲੋਰਿਡਾ ਦੇ ਟੈਂਪਾ ਵਿੱਚ ਪਾਕਿਸਤਾਨੀ ਪ੍ਰਵਾਸੀ ਭਾਈਚਾਰੇ ਨੂੰ ਸੰਬੋਧਨ ਕਰਦਿਆਂ ਇਹ ਟਿੱਪਣੀ ਕੀਤੀ। ਮੁਨੀਰ ਨੇ ਇਸ ਮੌਕੇ ਇੱਕ ਵਾਰ ਫਿਰ ਭਾਰਤ ਵਿਰੋਧੀ ਰਾਗ ਅਲਾਪਦਿਆਂ ਕਸ਼ਮੀਰ ਨੂੰ ਪਾਕਿਸਤਾਨ ਦੇ ‘ਗਲੇ ਦੀ ਨਸ’ ਦੱਸਿਆ। ਮੁਨੀਰ ਨੇ ਕਿਹਾ ਕਿ ਕਸ਼ਮੀਰ ਭਾਰਤ ਦਾ ਅੰਦਰੂਨੀ ਮਾਮਲਾ ਨਹੀਂ, ਬਲਕਿ ਇਕ ਅਧੂਰਾ ਕੌਮਾਂਤਰੀ ਏਜੰਡਾ ਹੈ। ਜਿਵੇਂ ਕਿ ਕਾਇਦੇ ਆਜ਼ਮ ਨੇ ਕਿਹਾ ਸੀ ਕਿ ਕਸ਼ਮੀਰ ਪਾਕਿਸਤਾਨ ਦੇ ਗਲੇ ਦੀ ਨਸ ਹੈ।



