‘ਇੰਡੀਆ’ ਵੱਲੋਂ ਚੋਣ ਕਮਿਸ਼ਨ ’ਤੇ ਚੜ੍ਹਾਈ

0
92

ਨਵੀਂ ਦਿੱਲੀ : ਵਿਰੋਧੀ ਧਿਰਾਂ ਦੇ ਇੰਡੀਆ ਗੱਠਜੋੜ ਵਿੱਚ ਸ਼ਾਮਲ ਪਾਰਟੀਆਂ ਦੇ ਸੰਸਦ ਮੈਂਬਰਾਂ ਨੇ ਬਿਹਾਰ ਵਿੱਚ ਵੋਟਰ ਸੂਚੀਆਂ ਦੀ ਵਿਸ਼ੇਸ਼ ਵਿਆਪਕ ਸੋਧ (ਐੱਸ ਆਈ ਆਰ) ਤੇ ਵੋਟ ਚੋਰੀ ਖਿਲਾਫ ਸੋਮਵਾਰ ਸੰਸਦ ਭਵਨ ਤੋਂ ਚੋਣ ਕਮਿਸ਼ਨ ਦੇ ਹੈੱਡ ਕੁਆਰਟਰ ਤੱਕ ਆਪਣਾ ਮਾਰਚ ਕੀਤਾ। ਮਾਰਚ ਵਿੱਚ ਲੋਕ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ, ਕਾਂਗਰਸ ਦੀ ਜਨਰਲ ਸਕੱਤਰ ਪਿ੍ਰਅੰਕਾ ਗਾਂਧੀ ਵਾਡਰਾ, ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ, ਸਮਾਜਵਾਦੀ ਪਾਰਟੀ ਦੇ ਪ੍ਰਧਾਨ ਅਖਿਲੇਸ਼ ਯਾਦਵ, ਤਿ੍ਰਣਮੂਲ ਕਾਂਗਰਸ, ਡੀ ਐੱਮ ਕੇ ਅਤੇ ਖੱਬੀਆਂ ਪਾਰਟੀਆਂ ਸਣੇ ਕਈ ਹੋਰ ਪਾਰਟੀਆਂ ਦੇ ਆਗੂ ਸ਼ਾਮਲ ਸਨ। ਸੰਸਦ ਮੈਂਬਰਾਂ ਨੇ ਆਪਣੇ ਸਿਰਾਂ ’ਤੇ ਚਿੱਟੀਆਂ ਟੋਪੀਆਂ ਪਾਈਆਂ ਹੋਈਆਂ ਹਨ, ਜਿਨ੍ਹਾਂ ’ਤੇ ‘ਐੱਸ ਆਈ ਆਰ’ ਅਤੇ ’ਵੋਟ ਚੋਰੀ’ ਲਿਖਿਆ ਹੋਇਆ ਸੀ ਅਤੇ ਉਨ੍ਹਾਂ ’ਤੇ ਲਾਲ ਕਰਾਸ ਦਾ ਨਿਸ਼ਾਨ ਸੀ। ਪੁਲਸ ਨੇ ਉਨ੍ਹਾਂ ਨੂੰ ਰਾਹ ਵਿਚ ਟਰਾਂਸਪੋਰਟ ਭਵਨ ਕੋਲ ਰੋਕ ਲਿਆ ਅਤੇ ਖੜਗੇ ਤੇ ਰਾਹੁਲ ਗਾਂਧੀ ਸਣੇ ਸੈਂਕੜੇ ਵਿਰੋਧੀ ਧਿਰ ਦੇ ਸੰਸਦ ਮੈਂਬਰਾਂ ਨੂੰ ਸੰਸਦ ਭਵਨ ਦੇ ਬਾਹਰ ਗਿ੍ਰਫਤਾਰ ਕਰਕੇ ਪਾਰਲੀਮੈਂਟਰੀ ਸਟਰੀਟ ਪੁਲਸ ਸਟੇਸ਼ਨ ਲੈ ਗਈ, ਜਿੱਥੇ ਬਾਅਦ ’ਚ ਰਿਹਾਅ ਕਰ ਦਿੱਤਾ ਗਿਆ। ਇਸ ਤੋਂ ਪਹਿਲਾਂ ਜਿਵੇਂ ਹੀ ਪੁਲਸ ਨੇ ਸੰਸਦ ਮੈਂਬਰਾਂ ਨੂੰ ਅੱਗੇ ਵਧਣ ਤੋਂ ਰੋਕਿਆ, ਉਨ੍ਹਾਂ ਵਿੱਚੋਂ ਕਈ ਸੜਕ ’ਤੇ ਬੈਠ ਗਏ ਅਤੇ ਨਾਅਰੇਬਾਜ਼ੀ ਕੀਤੀ। ਰੋਸ ਮਾਰਚ ਸ਼ੁਰੂ ਕਰਨ ਤੋਂ ਪਹਿਲਾਂ ਸੰਸਦ ਮੈਂਬਰਾਂ ਨੇ ਮਕਰ ਦੁਆਰ ਵਿਖੇ ਰਾਸ਼ਟਰੀ ਗੀਤ ਵੀ ਗਾਇਆ। ਪੁਲਸ ਨੇ ਪ੍ਰਦਰਸ਼ਨਕਾਰੀ ਸੰਸਦ ਮੈਂਬਰਾਂ ਨੂੰ ਅੱਗੇ ਵਧਣ ਤੋਂ ਰੋਕਣ ਲਈ ਸੰਸਦ ਮਾਰਗ ’ਤੇ ਟਰਾਂਸਪੋਰਟ ਭਵਨ ਕੋਲ ਬੈਰੀਕੇਡ ਲਗਾਏ ਹੋਏ ਸਨ। ਪੁਲਸ ਨੇ ਸੰਸਦ ਮੈਂਬਰਾਂ ਨੂੰ ਅੱਗੇ ਨਾ ਵਧਣ ਤੋਂ ਰੋਕਣ ਲਈ ਲਾਊਡ ਸਪੀਕਰ ਰਾਹੀਂ ਐਲਾਨ ਕੀਤਾ। ਤਿ੍ਰਣਮੂਲ ਕਾਂਗਰਸ ਦੀ ਸੰਸਦ ਮੈਂਬਰ ਮਹੂਆ ਮੋਇਤਰਾ ਅਤੇ ਸੁਸ਼ਮਿਤਾ ਦੇਵ ਅਤੇ ਕਾਂਗਰਸ ਦੇ ਸੰਜਨਾ ਜਾਟਵ ਤੇ ਜੋਤੀਮਣੀ ਟਰਾਂਸਪੋਰਟ ਭਵਨ ਵਿਖੇ ਬੈਰੀਕੇਡਾਂ ’ਤੇ ਚੜ੍ਹ ਗਏ ਅਤੇ ਚੋਣ ਕਮਿਸ਼ਨ ਵਿਰੁੱਧ ਨਾਅਰੇਬਾਜ਼ੀ ਕੀਤੀ।