ਹੁਣ ਸੀਤਾ ਮੰਦਰ

0
78

ਕੁਝ ਦਿਨ ਪਹਿਲਾਂ ਬਿਹਾਰ ਦੇ ਸੀਤਾਮੜ੍ਹੀ ਵਿੱਚ ਬਿਹਾਰ ਸਰਕਾਰ ਨੇ ਵਿਸ਼ਾਲ ਸੀਤਾ ਮੰਦਰ ਦੇ ਨਿਰਮਾਣ ਦੀ ਸ਼ੁਰੂਆਤ ਕੀਤੀ। ਮੁੱਖ ਮੰਤਰੀ ਨਿਤੀਸ਼ ਕੁਮਾਰ ਤੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਪੁਨੌਰਾ ਧਾਮ ਵਿੱਚ ਜਾਨਕੀ ਜਨਮ ਸਥੱਲੀ ਲਈ ਭੂਮੀ ਪੂਜਨ ਕੀਤਾ। ਦੋਨੋਂ ਇਸ ਧਾਰਮਕ ਮੌਕੇ ’ਤੇ ਮੁੱਖ ਜਜਮਾਨ ਸਨ। ਮੰਦਰ ਲਈ 165 ਕਰੋੜ 87 ਲੱਖ ਰੁਪਏ ਦੀ ਜ਼ਮੀਨ ਖਰੀਦੀ ਗਈ ਹੈ। ਨਿਰਮਾਣ ’ਤੇ ਕੁਲ ਮਿਲਾ ਕੇ 882 ਕਰੋੜ 87 ਲੱਖ ਰੁਪਏ ਖਰਚ ਆਉਣ ਦਾ ਅਨੁਮਾਨ ਹੈ। ਇਹ ਲਾਗਤ ਸਮੇਂ ਦੇ ਨਾਲ ਵਧਦੀ ਜਾਏਗੀ। ਭਾਰਤ ਦਾ ਸੰਵਿਧਾਨ ਧਰਮ ਨਿਰਲੇਪ ਹੈ ਤੇ ਸਰਕਾਰ ਨੂੰ ਧਾਰਮਕ ਮਾਮਲਿਆਂ ਵਿੱਚ ਪੈਣ ਦੀ ਆਗਿਆ ਨਹੀਂ ਦਿੰਦਾ, ਪਰ ਹੁਣ ਭਾਰਤ ਦੀ ਸਿਆਸਤ ਏਨੀ ਹਿੰਦੂਤਵਮੁਖੀ ਹੋ ਚੁੱਕੀ ਹੈ ਕਿ ਧਰਮ ਨਿਰਲੇਪ ਸਿਆਸੀ ਪਾਰਟੀਆਂ ਇਤਰਾਜ਼ ਜਤਾਉਣ ਦੀ ਹਿੰਮਤ ਨਹੀਂ ਕਰਦੀਆਂ, ਜਿਵੇਂ ਆਜ਼ਾਦੀ ਦੇ ਤੁਰੰਤ ਬਾਅਦ ਸੋਮਨਾਥ ਮੰਦਰ ਦੀ ਕਾਰ ਸੇਵਾ ਸਮੇਂ ਮਹਾਤਮਾ ਗਾਂਧੀ ਨੇ ਸਰਕਾਰੀ ਖਜ਼ਾਨੇ ਵਿੱਚੋਂ ਕਿਸੇ ਤਰ੍ਹਾਂ ਪੈਸੇ ਦੇਣ ਨੂੰ ਗਲਤ ਦੱਸਿਆ ਸੀ ਅਤੇ ਪ੍ਰਧਾਨ ਮੰਤਰੀ ਨਹਿਰੂ ਨੇ ਰਾਸ਼ਟਰਪਤੀ ਰਜਿੰਦਰ ਪ੍ਰਸਾਦ ਦੇ ਮੰਦਰ ਦੇ ਪ੍ਰੋਗਰਾਮ ’ਚ ਬਤੌਰ ਰਾਸ਼ਟਰਪਤੀ ਸ਼ਾਮਲ ਹੋਣ ’ਤੇ ਇਤਰਾਜ਼ ਜਤਾਇਆ ਸੀ।
ਅਯੁੱਧਿਆ ਵਿੱਚ ਰਾਮ ਮੰਦਰ ਬਣਾਉਣ ਦਾ ਐਲਾਨ ਹੁੰਦਿਆਂ ਬਿਹਾਰ ਵਿੱਚ ਆਪੋਜ਼ੀਸ਼ਨ ਪਾਰਟੀਆਂ ਨੇ ਰੌਲਾ ਪਾਇਆ ਕਿ ਸੀਤਾ ਨੂੰ ਅਣਗੌਲਿਆ ਕੀਤਾ ਜਾ ਰਿਹਾ ਹੈ। ਰਾਮ ਮੰਦਰ ਵਿੱਚ ਰਾਮ ਦੇ ਨਾਲ ਸੀਤਾ ਨੂੰ ਬਰਾਬਰ ਸਨਮਾਨ ਨਹੀਂ ਦਿੱਤਾ ਗਿਆ। ਉਸੇ ਸਮੇਂ ਸੀਤਾਮੜ੍ਹੀ ਵਿੱਚ ਸੀਤਾ ਮੰਦਰ ਬਣਾਉਣ ਦੀ ਭੂਮਿਕਾ ਬਣਨ ਲੱਗੀ ਸੀ। ਹੁਣ ਅਸੈਂਬਲੀ ਚੋਣਾਂ ਤੋਂ ਐਨ ਪਹਿਲਾਂ ਬਿਹਾਰ ਸਰਕਾਰ ਨੇ ਸੀਤਾ ਦਾ ਸਨਮਾਨ ਸ਼ੁਰੂ ਕਰ ਦਿੱਤਾ ਹੈ। ਅਮਿਤ ਸ਼ਾਹ ਨੇ ਇਸ ਮੌਕੇ ਕਿਹਾ ਕਿ ਇਹ ਮਾਤਰ ਮੰਦਰ ਦਾ ਸ਼ੁਭ ਆਰੰਭ ਨਹੀਂ, ਮਿਥਿਲਾ ਤੇ ਬਿਹਾਰ ਦੇ ਲੋਕਾਂ ਦੇ ਭਾਗ ਖੁੱਲ੍ਹਣ ਦਾ ਸ਼ੁਭ ਆਰੰਭ ਹੈ। ਜੇ ਬਿਹਾਰ ਦੀ ਵਿਚਾਰੀ ਜਨਤਾ ਦੇ ਭਾਗ ਸੀਤਾ ਮਾਤਾ ਦੇ ਮੰਦਰ ਨਾਲ ਜੁੜੇ ਸਨ ਤਾਂ ਪਿਛਲੇ 18 ਸਾਲ ਤੋਂ ਨਿਤੀਸ਼ ਸਰਕਾਰ ਤੇ ਪਿਛਲੇ 11 ਸਾਲ ਤੋਂ ਕੇਂਦਰ ਵਿੱਚ ਭਾਜਪਾ ਸਰਕਾਰ ਨੂੰ ਕਿਉਂ ਢੋਹ ਰਹੀ ਸੀ? ਜੇ ਰਾਮ ਤੇ ਸੀਤਾ ਹੀ ਕਿਸਮਤ ਦਾ ਫੈਸਲਾ ਕਰਨ ਵਾਲੇ ਹਨ ਤਾਂ ਸਰਕਾਰਾਂ ਦਾ ਕੀ ਮਤਲਬ?
ਸੀਤਾ ਮੰਦਰ ਦਾ ਰੂਹਾਨੀ ਉਦੇਸ਼ ਹੈ ਜਾਂ ਸੰਸਾਰਕ? ਸ਼ਾਹ ਨੇ ਸਪੱਸ਼ਟ ਕਰ ਦਿੱਤਾ ਕਿ ਉਨ੍ਹਾ ਲਈ ਇਹ ਸ਼ੁੱਧ ਸੰਸਾਰਕ ਮਾਮਲਾ ਹੈ। ਉਨ੍ਹਾ ਸੀਤਾ ਦੀ ਮਹਿਮਾ ਦੇ ਗਾਇਨ ਦੀ ਥਾਂ ਆਪੋਜ਼ੀਸ਼ਨ ਪਾਰਟੀਆਂ ’ਤੇ ਹਮਲੇ ਕੀਤੇ। ਬਿਹਾਰ ਵਿੱਚ ਵੋਟਰ ਸੂਚੀ ਨੂੰ ਲੈ ਕੇ ਚੱਲ ਰਹੇ ਵਿਰੋਧ ਦੀ ਨਿੰਦਾ ਕੀਤੀ, ਘੁਸਪੈਠੀਆਂ ਨੂੰ ਵੋਟ ਨਾ ਪਾਉਣ ਦੇਣ ਦਾ ਸੰਕਲਪ ਦੁਹਰਾਇਆ। ਇਹ ਭਾਸ਼ਣ ਇਸ ਗੱਲ ਦਾ ਸੰਕੇਤ ਸੀ ਕਿ ਇਹ ਮੰਦਰ ਨਿਰਮਾਣ ਇੱਕ ਹਿੰਦੂਤਵਵਾਦੀ ਸਿਆਸੀ ਪ੍ਰੋਜੈਕਟ ਦਾ ਹਿੱਸਾ ਹੈ, ਜਿਵੇਂ ਅਯੁੱਧਿਆ ਦਾ ਰਾਮ ਮੰਦਰ। ਇਸ ਦਾ ਰਾਮ ਤੇ ਸੀਤਾ ਪ੍ਰਤੀ ਸ਼ਰਧਾ ਨਾਲ ਕੋਈ ਲੈਣਾ-ਦੇਣਾ ਨਹੀਂ। ਭਾਜਪਾ ਦੇ ਇਸ ਹਿੰਦੂਤਵਵਾਦੀ ਮੁਹਿੰਮ ਵਿੱਚ ਮੁਸਲਮਾਨਾਂ ਦੇ ਪ੍ਰੋਗਰਾਮਾਂ ਵਿੱਚ ਟੋਪੀ ਪਾਉਣ ਵਾਲੇ ਨਿਤੀਸ਼ ਕੁਮਾਰ ਵੀ ਉਤਸ਼ਾਹ ਨਾਲ ਸ਼ਾਮਲ ਹੋ ਗਏ।