ਵਾਸ਼ਿੰਗਟਨ : ਅਮਰੀਕਾ ਦੇ ਨੌਰਥ ਹਾਲੀਵੁੱਡ ਦੇ ਇੱਕ ਗੁਰਦੁਆਰੇ ਨੇੜੇ ਰੋਜ਼ਾਨਾ ਵਾਂਗ ਸੈਰ ਕਰ ਰਹੇ ਹਰਪਾਲ ਸਿੰਘ (70) ’ਤੇ ਗੋਲਫ ਸਟਿੱਕ ਨਾਲ ਹਮਲਾ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। 4 ਅਗਸਤ ਨੂੰ ਵਾਪਰੀ ਇਸ ਘਟਨਾ ਵਿੱਚ ਜ਼ਖਮੀ ਹਰਪਾਲ ਸਿੰਘ ਆਈ ਸੀ ਯੂ ਵਿੱਚ ਜ਼ਿੰਦਗੀ ਅਤੇ ਮੌਤ ਦੀ ਲੜਾਈ ਲੜ ਰਿਹਾ ਹੈ। ਉਸ ਦੇ ਸਿਰ ਅਤੇ ਚਿਹਰੇ ਦੇ ਤਿੰਨ ਅਪ੍ਰੇਸ਼ਨ ਕੀਤੇ ਗਏ ਹਨ।ਉਸ ਨੂੰ ਲੈਂਕਰਸ਼ਿਮ ਗੁਰਦੁਆਰੇ ਦੇ ਨੇੜੇ ਇੱਕ 7-ਇਲੈਵਨ ਦੇ ਕੋਲ ਗੰਭੀਰ ਜ਼ਖਮੀ ਹਾਲਤ ਵਿੱਚ ਪਾਇਆ ਗਿਆ। ਉਸ ਦੇ ਭਰਾ ਨੇ ਦੱਸਿਆ ਕਿ ਦਿਮਾਗ ਵਿੱਚੋਂ ਖੂਨ ਵਹਿਣ ਕਾਰਨ ਉਹ ਬੇਹੋਸ਼ ਹੈ ਅਤੇ ਬੋਲਣ ਵਿੱਚ ਅਸਮਰੱਥ ਹੈ। ਉਸ ਨੇ ਭਾਵੁਕ ਹੁੰਦਿਆਂ ਕਿਹਾ, “ਅਸੀਂ ਹੁਣ ਸੁਰੱਖਿਅਤ ਮਹਿਸੂਸ ਨਹੀਂ ਕਰਦੇ। ਉਹ ਰੋਜ਼ਾਨਾ ਵਾਂਗ ਸਿਰਫ ਸੈਰ ’ਤੇ ਗਿਆ ਸੀ।’’ ਅਧਿਕਾਰੀਆਂ ਨੇ ਅਜੇ ਤੱਕ ਹਮਲਾਵਰ ਦੀ ਪਛਾਣ ਨਹੀਂ ਕੀਤੀ ਹੈ ਅਤੇ ਨਾ ਹੀ ਇਸ ਹਮਲੇ ਦੇ ਪਿਛਲੇ ਅਸਲ ਕਾਰਨਾਂ ਦੀ ਪੁਸ਼ਟੀ ਕੀਤੀ ਹੈ। ਪੁਲਸ ਵੱਲੋਂ ਘਟਨਾ ਸਥਾਨ ਨੇੜਲੇ ਸੀ ਸੀ ਟੀ ਵੀ ਕੈਮਰਿਆਂ ਦੀ ਜਾਂਚ ਅਤੇ ਗਵਾਹਾਂ ਦੀ ਭਾਲ ਕੀਤੀ ਜਾ ਰਹੀ ਹੈ।


